ਪਿੰਡ ਕੁੱਬਾਹੇੜੀ ਦੇ ਨੌਜਵਾਨ ਦੀ ਜੇਲ੍ਹ ਵਿੱਚ ਹੋਈ ਮੌਤ
ਪਰਿਵਾਰ ਵੱਲੋਂ ਪੁਲੀਸ ਤੇ ਕੁੱਟਮਾਰ ਦੇ ਦੋਸ਼
ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਕੁੱਬਾਹੇੜੀ ਦੇ ਨੌਜਵਾਨ ਜੇਲ੍ਹ ਅੰਦਰ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਕੁੱਟਮਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਕੁੱਬਾਹੇੜੀ ਥਾਣਾ ਮਾਜਰੀ ਵੱਜੋਂ ਹੋਈ ਹੈ।
ਮ੍ਰਿਤਕ ਦੇ ਸਾਥੀ ਅਵਿਨਾਸ਼ ਦੀ ਮੰਗਲਵਾਰ ਨੂੰ ਜ਼ਮਾਨਤ ਹੋਈ ਸੀ। ਅਵਿਨਾਸ਼ ਨੇ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਹੈ ਕਿ ਚਰਨਪ੍ਰੀਤ ਸਿੰਘ (37)ਦੀ ਮੌਤ ਕਥਿਤ ਤੌਰ ਤੇ ਪੁਲੀਸ ਦੀ ਕੁੱਟਮਾਰ ਕਾਰਨ ਹੋਈ ਹੈ। ਡੀ.ਆਈ.ਜੀ. ਰੂਪਨਗਰ ਰੇਂਜ ਨਿਲੰਬਰੀ ਜਗਦਲੇ ਪੁਲੀਸ ਫੋਰਸ ਸਮੇਤ ਮੌਕਾ ਵੇਖਣ ਲਈ ਜ਼ਿਲ੍ਹਾ ਜੇਲ੍ਹ ਰੂਪਨਗਰ ਲਈ ਰਵਾਨਾ ਹੋ ਗਏ ਹਨ। ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਚਰਨਪ੍ਰੀਤ ਦੇ ਪਰਿਵਾਰ ਵਾਲੇ ਆਪਣੀ ਮਰਜ਼ੀ ਨਾਲ ਪੋਸਟ ਮਾਰਟਮ ਕਰਵਾਉਣਾ ਚਾਹੁੰਦੇ ਸਨ ਤੇ ਰੋਪੜ ਪ੍ਰਸ਼ਾਸਨ ਅਜੇ ਤੱਕ ਕਿਸੇ ਨਤੀਜੇ ਤੇ ਨਹੀਂ ਪੁੱਜਾ ਸੀ।

