ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਚੰਡੀਗੜ੍ਹ 22 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਅੱਜ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋਏ। ਅੱਜ ਪਹਿਲੇ ਗੇੜ ਵਿੱਚ 17 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ:ਸਿੱ) ਡਾ: ਗਿੰਨੀ ਦੁੱਗਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਕੀਤਾ ਗਿਆ। ਉਨ੍ਹਾਂ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਅਸ਼ੀਰਵਾਦ ਵੀ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਉਦਘਾਟਨੀ ਮੈਚ ਵਿੱਚ ਮੋਗਾ ਅਤੇ ਮਾਨਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੋਗਾ ਦੀ ਟੀਮ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ‘ਤੇ 192 ਦੌੜਾਂ ਬਣਾਈਆਂ। ਮੋਗਾ ਦੇ ਰਾਘਵ ਨੇ ਤੇਜ਼ ਪਾਰੀ ਖੇਡਦਿਆਂ 26 ਗੇਂਦਾਂ ਵਿੱਚ 57 ਦੌੜਾਂ ਬਣਾਉਂਦਿਆਂ ਟੂਰਨਾਮੈਂਟ ਦਾ ਪਹਿਲਾ ਅਰਧ ਸੈਂਕੜਾ ਬਣਾਇਆ ਜਦਕਿ ਤਨੁਸ਼ ਨੇ ਚਾਰ ਵਿਕਟਾਂ ਲੈ ਕੇ ਅਤੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਜਵਾਬ ਵਿੱਚ ਖੇਡਦਿਆਂ ਮਾਨਸਾ ਦੀ ਟੀਮ ਨੇ 15 ਓਵਰਾਂ ਵਿੱਚ ਕੇਵਲ 100 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਉਦਘਾਟਨੀ ਮੈਚ ਮੋਗਾ ਦੀ ਟੀਮ ਨੇ 92 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤਿਆ।
ਦੂਜਾ ਮੈਚ ਲੁਧਿਆਣਾ ਅਤੇ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਕਪੂਰਥਲਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 143 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਲੁਧਿਆਣਾ ਦੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ 15.5 ਓਵਰਾਂ ਵਿੱਚ ਹੀ ਜੇਤੂ ਟੀਚਾ ਪੂਰਾ ਕਰਦਿਆਂ ਆਪਣੀ ਟੀਮ ਨੂੰ ਅਗਲੇ ਗੇੜ ਵਿੱਚ ਪਹੁੰਚਾਇਆ। ਲੁਧਿਆਣਾ ਦੇ ਅਰਮਾਨ ਪ੍ਰੀਤ ਰਾਏ ਨੇ 83 (52) ਦੌੜਾਂ ਦੀ ਆਤਿਸ਼ੀ ਪਾਰੀ ਖੇਡੀ। ਅੱਜ ਦਾ ਇੱਕ ਹੋਰ ਮੈਚ ਫਾਜ਼ਿਲਕਾ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਫਾਜ਼ਿਲਕਾ ਦੀ ਟੀਮ ਨੇ ਨਵਰਾਜ ਦੀ 75 (37) ਦੌੜਾਂ ਦੇ ਯੋਗਦਾਨ ਸਦਕਾ ਨਿਧਰਾਰਿਤ 20 ਓਵਰਾਂ ਵਿੱਚ 183 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਕੇਵਲ 115ਦੌੜਾਂ ਹੀ ਬਣਾ ਸਕੀ ਅਤੇ ਫਾਜ਼ਿਲਕਾ ਦੀ ਟੀਮ ਨੇ ਇਹ ਮੈਚ 68 ਦੌੜਾਂ ਦੇ ਅੰਤਰ ਨਾਲ ਜਿੱਤ ਲਿਆ।ਇਸੇ ਦੌਰਾਨ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਇਹ ਰਾਜ ਪੱਧਰੀ ਮੁਕਾਬਲੇ ਚਾਰ ਦਿਨ ਚੱਲਣੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਮਹਿਤਾ, ਹਰਪ੍ਰੀਤ ਕੌਰ, ਨਵਦੀ ਚੌਧਰੀ, ਗੁਰਮੀਤ ਸਿੰਘ, ਸੰਦੀਪ ਜਿੰਦਲ, ਕਰਮਜੀਤ ਸਿੰਘ ਬਠਿੰਡਾ, ਸ਼ਰਨਜੀਤ ਕੌਰ, ਰਾਜਵੀਰ ਕੌਰ, ਸਤਨਾਮ ਸਿੰਘ, ਜਗਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਫੋਟੋ: ਕ੍ਰਿਕਟ ਦੇ ਉਦਘਾਟਨੀ ਮੈਚ ਵਿੱਖ ਭਿੜਨ ਵਾਲੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਡਾ: ਇੰਦੂ ਬਾਲਾ ਤੇ ਹੋਰ।