’’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ’ਤੇ ਆਧਾਰਤ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ
ਸੈਂਟਰਲ ਸਟੇਟ ਲਾਇਬਰੇਰੀ, ਚੰਡੀਗੜ੍ਹ ਵਿਖੇ ਮਿਤੀ 23 ਅਕਤੂਬਰ 2024 ਨੂੰ 2.30 ਵਜੇ ਵਿਖਾਈ ਜਾਵੇਗੀ ਫਿਲਮ ’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ:
ਸੋਮ ਸਹੋਤਾ ਮੇਰੇ ਨਿੱਘੇ ਦੋਸਤ ਹਨ। ਜਦੋਂ ਮੈਂ ਉਨ੍ਹਾਂ ਨੂੰ ਮਿਲ਼ਿਆ, ਉਦੋਂ ਉਹ ਹਰਮਨ ਰੇਡੀਓ ਦੇ ਐਂਕਰ ਸਨ। ਮੇਰਾ ਪਲੇਠਾ ਕਾਵਿ-ਸੰਗ੍ਰਹਿ ’’ਮਾਏ ਮੇਰਾ ਦਿਲ ਕੰਬਿਆ’’ ਛਪਿਆ ਸੀ। ਮੇਰੇ ਰਾਹ-ਦਸੇਰਾ ਜਨਾਬ ਕਰਮਵੀਰ ਸੂਰੀ ਮੈਨੂੰ ਮੇਰੇ ਕੁਝ ਮਿੱਤਰਾਂ ਸਮੇਤ ਸੰਗਰੂਰ ਵੱਲ ਲੈ ਤੁਰੇ ਸਨ। ਉੱਥੇ ਉਨ੍ਹਾਂ ਮੇਰੇ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਰੱਖੀ ਹੋਈ ਸੀ। ਫਿਰ ਚੱਲ ਸੋ ਚੱਲ। ਸੋਮ ਸਹੋਤਾ ਹੋਰਾਂ ਨੇ ਸਾਨੂੰ ਉੱਥੇ ਹੀ ਦੱਸਿਆ ਸੀ ਕਿ ਉਨ੍ਹਾਂ ਡਾ. ਮਨਜੀਤ ਬੱਲ ਹੋਰਾਂ ਦੀ ਕਹਾਣੀ ’ਤੇ ਆਧਾਰਤ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਡਾੲਰੈਕਟਰ ਕੀਤੀ ਹੈ। ਫਿਰ ਮੈਂ ਇਸ ਫਿਲਮ ਦਾ ਸ਼ੋਅ ਫਤਿਹਗੜ੍ਹ ਸਾਹਿਬ ਵਿਖੇ ਵੇਖਿਆ। ਇੱਥੇ ਹੀ ਮੈਂ ਡਾ. ਮਨਜੀਤ ਬੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ਼ਿਆ। ਇਸ ਫਿਲਮ ਨੇ ਮੇਰੇ ਮਨ ’ਤੇ ਗਹਿਰੀ ਛਾਪ ਛੱਡੀ ਸੀ ਤੇ ਹੁਣ ਦੁਬਾਰਾ ਦੇਖਣ ਦਾ ਮੌਕਾ ਮਿਲ਼ ਰਿਹਾ ਹੈ।
ਗਲੋਅ ਬੱਲ ਆਰਟ ਵੱਲੋਂ ਇਸ ਫਿਲਮ ਦੇ ਵਿਖਾਏ ਜਾ ਰਹੇ ਸ਼ੋਅ ਲਈ ਪੰਜਾਬੀ ਸਾਹਿਤਕ ਵਿਚਾਰ ਮੰਚ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸੈਂਟਰਲ ਸਟੇਟ ਲਾਇਬਰੇਰੀ ਅਤੇ ਪੰਜਾਬੀ ਲੇਖਕ ਸਭਾ ਮੋਹਾਲ਼ੀ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਜਾ ਰਿਹਾ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ‘’ਮੁਸੱਰਤ ਸਰਹੱਦੋਂ ਪਾਰ’’ ਫਿਲਮ ਦੀ ਕਹਾਣੀ ਉੱਘੇ ਲੇਖਕ ਡਾ. ਮਨਜੀਤ ਬੱਲ ਦੀ ਪਾਕਿਸਤਾਨ ਫੇਰੀ ਦੌਰਾਨ ਹੋਏ ਇੱਕ ਵਾਕਿਆ ’ਤੇ ਆਧਾਰਤ ਹੈ। ਇਨ੍ਹਾਂ ਪਲਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ’ਮੁਸੱਰਤ’ ਸਿਰਲੇਖ ਹੇਠ ਇੱਕ ਕਹਾਣੀ ਲਿਖੀ ਸੀ ਜੋ ਦੇਸ਼ਾਂ, ਵਿਦੇਸ਼ਾਂ ਦੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੀ। ਇਸੇ ਕਹਾਣੀ ਨੂੰ ਲੈ ਕੇ ਉਨ੍ਹਾਂ ਸਾਲ 2013-14 ਵਿੱਚ ਫਿਲਮ ਬਣਾਈ ਜੋ ਟੈਗੋਰ ਥੀਏਟਰ, ਚੰਡੀਗੜ੍ਹ, ਹਰਪਾਲ ਟਿਵਾਣਾ ਆਰਟ ਸੈਂਟਰ, ਪਟਿਆਲ਼ਾ, ਫਤਿਹਗੜ੍ਹ ਸਾਹਿਬ ਅਤੇ ਹੋਰ ਥਾਂਵਾਂ ’ਤੇ ਵਿਖਾਈ ਗਈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ਼ਿਆ। ਇਹ ਫਿਲਮ ਥੀਏਟਰ ਆਰਟਿਸਟ ਅਤੇ ਉੱਘੇ ਐਂਕਰ ਸੋਮ ਸਹੋਤਾ ਵੱਲੋਂ ਡਾਇਰੈਕਟ ਕੀਤੀ ਗਈ ਅਤੇ ਇਸ ਫਿਲਮ ਵਿੱਚ ਇੱਕ ਕਵਾਲੀ ਅਤੇ ਤਿੰਨ ਗੀਤ ਗਾਏ ਹਨ, ਜਿਨ੍ਹਾਂ ਦਾ ਸੰਗੀਤ ਵਿਨੋਦ ਰੱਤੀ ਵੱਲੋਂ ਦਿੱਤਾ ਗਿਆ ਹੈ।
ਇਸ ਆਰਟ ਫਿਲਮ ਵਿੱਚ ਯਾਸਮੀਨ ਅਰੋੜਾ, ਹਰਵਿੰਦਰ ਖੰਨਾ, ਡਾ. ਮਹਿਤਾਬ ਬੱਲ, ਪਰਮਿੰਦਰ ਪਾਲ ਕੌਰ, ਅਨਿਲ ਸਨੌਰੀ, ਕਵਿਤਾ ਸ਼ਰਮਾ, ਰਾਜੇਸ਼ ਸ਼ਰਮਾ, ਨੀਰਜ ਅਰੋੜਾ, ਜਗਜੀਤ ਸਰੀਨ, ਡਾ. ਮਨਜੀਤ ਬੱਲ, ਡਾ. ਵਿਜੈ ਬੋਦਲ, ਦਿਨੇਸ਼ ਮਰਵਾਹਾ ਅਤੇ ਦਰਸ਼ਨ ਸਿੱਧੂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦੇ ਪ੍ਰੋਡਿਊਸਰ ਇੰਦਰਜੀਤ ਬੱਲ ਹਨ।
ਡਾ. ਮਨਜੀਤ ਸਿੰਘ ਬੱਲ ਰਾਜਿੰਦਰ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ, ਪਟਿਆਲ਼ਾ ਵਿਖੇ ਆਪਣੀਆਂ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਵੀ ਜਾਣੇ ਜਾਂਦੇ ਹਨ। ਪਿੱਛੇ ਜਿਹੇ ਉਨ੍ਹਾਂ ਦੀ ਚਿੱਠੀਆਂ ’ਤੇ ਆਧਾਰਤ ਪੁਸਤਕ ’ਲਵਿੰਗਲੀ ਯੂਅਰਜ਼-ਪੈੱਨ ਪਾਲਜ਼’ ਚਰਚਾ ਦਾ ਵਿਸ਼ਾ ਰਹੀ। ਲੇਖਕ ਹੋਣ ਦੇ ਨਾਲ਼ ਨਾਲ਼ ਉਹ ਬਾਂਸਰੀ ਵਾਦਕ ਵੀ ਹਨ।
’’ਮੁਸੱਰਤ ਸਰਹੱਦੋਂ ਪਾਰ’’ ਆਰਟ ਫਿਲਮ ਦੀ ਕਹਾਣੀ ਦੋ ਪ੍ਰੇਮੀਆਂ ਦਰਮਿਆਨ ਕੰਧ ਬਣੀ ਭਾਰਤ-ਪਾਕਿਸਤਾਨ ਸਰਹੱਦ ਦੀ ਬਾਤ ਪਾਉਂਦੀ ਹੈ। ਇਸ ਫਿਲਮੀ ਕਹਾਣੀ ਵਿੱਚ ਲਾਹੌਰ ਵਾਸੀ ਮਾਜਿਦ ਬੁਖਾਰੀ, ਪਰਿਵਾਰ ਸਮੇਤ ਆਪਣੀ ਭੂਆ ਨੂੰ ਮਿਲਣ ਆਗਰਾ ਤੋਂ ਲਾਹੌਰ ਗਈ ਮੁਸੱਰਤ ਨੂੰ ਪਹਿਲੀ ਤੱਕਣੀ ਆਪਣਾ ਦਿਲ ਦੇ ਬੈਠਦਾ ਹੈ। ਵੀਜ਼ਾ ਖ਼ਤਮ ਹੁੰਦਿਆਂ ਦੋਵਾਂ ਦਾ ਵਿਛੋੜਾ ਪੈ ਜਾਂਦਾ ਹੈ। ਆਗਰਾ ਤੋਂ ਮੁਸੱਰਤ, ਲਾਹੌਰ ਰਹਿੰਦੇ ਮਾਜਿਦ ਬੁਖਾਰੀ ਨੂੰ ਹਿੰਦੀ ਵਿੱਚ ਚਿੱਠੀ ਲਿਖਦੀ ਹੈ। ਇਹੋ ਮਾਜਿਦ ਬੁਖਾਰੀ ਦੀ ਜਾਇਦਾਦ ਹੋ ਨਿਬੜਦੀ ਹੈ। ਉਹ ਹਿੰਦੀ ਪੜ੍ਹ ਨਹੀਂ ਸਕਦਾ। ਮਾਜਿਦ ਲੇਖਕ ਜਦੋਂ ਡਾ. ਮਨਜੀਤ ਬੱਲ ਨੂੰ ਮਿਲ਼ਦਾ ਹੈ ਤਾਂ ਉਸ ਪਾਸੋਂ ਇਸ ਚਿੱਠੀ ਦੀ ਇਬਾਰਤ ਸੁਣ ਸ਼ਬਦ-ਸ਼ਬਦ ਆਪਣੇ ਰੋਮ-ਰੋਮ ਵਿੱਚ ਵਸਾ ਲੈਂਦਾ ਹੈ। ਇੰਝ ਇਹ ਹੱਦਾਂ-ਸਰਹੱਦਾਂ ਕਾਰਨ ਅਧੂਰੀ ਰਹੀ ਪ੍ਰੇਮ ਕਹਾਣੀ ਦੋ ਜ਼ਿੰਦਗੀਆਂ ਲਈ ਤੜਪ ਦਾ ਕਾਰਨ ਹੋ ਨਿਬੜਦੀ ਹੈ। ਸੁਰਜੀਤ ਸੁਮਨ।