ਚੰਡੀਗੜ੍ਹ 13 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਹਰ ਸਾਲ ਦੀ ਤਰ੍ਹਾਂ ਪਿੰਡ ਫਤਿਹਪੁਰ ਸਿਆਲਵਾ ਵਿਖੇ ਸਥਿਤ ਸ਼ਹੀਦ ਲੈਫ ਵਿਕਰਮ ਸਿੰਘ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸ਼ਹੀਦ ਲੈਫਟੀਨੈਂਟ ਵਿਕਰਮ ਸਿੰਘ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਨੰਬਰਦਾਰ ਸ਼੍ਰੀ ਰਾਜ ਕੁਮਾਰ ਸਿਆਲਬਾ ਨੇ ਦੱਸਿਆ ਕਿ ਮਿਤੀ 16 ਨਵੰਬਰ ਨੂੰ ਸ਼ਹੀਦ ਲੈਫ ਬਿਕਰਮ ਸਿੰਘ ਦੀ ਯਾਦ ਵਿੱਚ ਫਤਿਹਪੁਰ ਸਿਆਲਬਾ ਵਿਖੇ ਉਨ੍ਹਾਂ ਦੀ ਯਾਦ ਵਿੱਚ ਸਥਾਪਤ ਗੌਰਮਿੰਟ ਸਕੂਲ ਵਿਖੇ ਹਰ ਸਾਲ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।
ਇਹ ਸਮਾਗਮ ਸਵੇਰੇ 11 ਵਜੇ ਤੋਂ 2 ਵਜੇ ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਜਦੋਂ ਜੱਦੀ ਪਿੰਡ ਸਿਆਲਬਾ ਦੇ ਸ਼ਹੀਦ ਲੈਫ. ਬਿਕਰਮ ਸਿੰਘ 6 ਕਮਾਊ ਬਟਾਲੀਅਨ ਨੇਫੀ ਵਿੱਚ ਤਾਇਨਾਤ ਸੀ। ਉਦੋਂ ਭਾਰਤ ਤੇ ਚੀਨ ਦਰਮਿਆਨ 1962 ਵਿੱਚ ਹੋਈ ਜੰਗ ਦੇ ਵਿੱਚ 16 ਨਵੰਬਰ ਨੂੰ ਇਹ ਨੌਜਵਾਨ ਮਹਿਜ਼ 24 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਹਰ ਸਾਲ ਇਸ ਨੌਜਵਾਨ ਸ਼ਹੀਦ ਨੂੰ ਸਕੂਲ ਦੇ ਸਮੂਹ ਸਟਾਫ ਸਮੇਤ ਨਗਰ ਨਿਵਾਸੀਆਂ ਵੱਲੋਂ ਉਚੇਚੇ ਤੌਰ ਤੇ ਯਾਦ ਕਰਦਿਆਂ ਇਹ ਬਰਸੀ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸ਼ਹੀਦ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸੱਦਾ ਪੱਤਰ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਮੌਕੇ ਸ਼ਹੀਦ ਲੈਫਟੀਨੈਂਟ ਵਿਕਰਮ ਸਿੰਘ ਦੀ ਬਟਾਲੀਅਨ ਦੇ ਉੱਚ ਅਫਸਰ, ਬ੍ਰਿਗੇਡੀਅਰ, ਕਰਨਲ ਅਤੇ ਹੋਰ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚਦੇ ਹਨ, ਜਿਨਾਂ ਵੱਲੋਂ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਹਨਾਂ ਦੇ ਫ਼ੌਜ ਵਿੱਚ ਬਿਤਾਏ ਪਲ ਵੀ ਸਾਂਝੇ ਕੀਤੇ ਜਾਂਦੇ ਹਨ। ਇਸ ਮੌਕੇ ਰਾਜ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਹਲਕਾ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰ. ਆਤਮਵੀਰ ਸਿੰਘ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਵੰਨਗੀਆਂ ਦੀ ਧਾਰਮਿਕ, ਸੱਭਿਆਚਾਰਕ, ਸਮਾਜਿਕ ਪੇਸ਼ਕਾਰੀ ਵੀ ਕੀਤੀ ਜਾਵੇਗੀ। ਇਸ ਮੌਕੇ ਜਿੱਥੇ ਵੱਖ ਵੱਖ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਰਹਿਣਗੀਆਂ, ਓਥੇ ਹੀ ਸ਼ਹੀਦ ਦੇ ਪਰਿਵਾਰ ਅਤੇ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਵੱਲੋਂ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸ਼ਹੀਦ ਦੇ ਬਰਸੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ ਹੈ।