ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਦਸੰਬਰ:
ਮੈਰੀਲੈਂਡ (ਅਮਰੀਕਾ) ਵੱਸਦੇ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਦੀਆਂ ਤਿੰਨ ਖੋਜ ਪੁਸਤਕਾਂ ਅਣਖ਼ੀਲਾ ਧਰਤੀ ਪੁੱਤਰਃ ਦੁੱਲਾ ਭੱਟੀ ਦਾ ਦੂਸਰਾ ਐਡੀਸ਼ਨ, ਚੀ ਗੁਏਰਾ ਤੇ ਇਨਕਲਾਬੀ ਦੇਸ਼ ਭਗਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਜੀਵਨੀ ਦਾ ਲੁਧਿਆਣਾ ਵਿੱਚ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਧਰਤੀ ਕੋਈ ਵੀ ਹੋਵੇ, ਗਿਆਨ ਅਭਿਲਾਖੀ ਲੋਕ ਇਸ ਤਾੜ ਵਿੱਚ ਰਹਿੰਦੇ ਹਨ ਕਿ ਵਿਸ਼ਵ ਗਿਆਨ ਖ਼ੁਦ ਹਾਸਲ ਕਰਕੇ ਉਸ ਨੂੰ ਸਾਦੀ ਭਾਸ਼ਾ ਵਿੱਚ ਆਮ ਲੋਕਾਂ ਨੂੰ ਵੰਡਿਆ ਜਾਵੇ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸ. ਧਰਮ ਸਿੰਘ ਗੋਰਾਇਆ ਨੇ ਦੁੱਲਾ ਭੱਟੀ, ਚੀ ਗੁਏਰਾ ਤੇ ਲੋਕ ਹਿਤਾਂ ਨੂੰ ਪਰਣਾਏ ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਬਾਰੇ ਲਿਖ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪ੍ਰਚੱਲਤ ਲਿੱਪੀਆਂ ਵਿੱਚ ਕਿਤਾਬਾਂ ਲਿਖ-ਛਾਪ ਕੇ ਮਹੱਤਵਪੂਰਨ ਕਾਰਜ ਕਰ ਵਿਖਾਇਆ ਹੈ।
ਇਸ ਮੌਕੇ ਬੋਲਦਿਆਂ ਸ. ਧਰਮ ਸਿੰਘ ਗੋਰਾਇਆ ਨੇ ਕਿਹਾ ਕਿ ਦੁੱਲਾ ਭੱਟੀ ਮੁਗਲ ਤਖ਼ਤ ਲਾਹੌਰ ਦਾ ਬਾਗੀ ਨਾਬਰ ਸੀ, ਜਿਸ ਨਾਲ ਪੂਰਾ ਰਾਵੀ ਤੇ ਚਨਾਬ ਦਾ ਹਰ ਜਣਾ ਧਿਰ ਬਣ ਕੇ ਖਲੋਤਾ। ਉਸ ਨੇ ਹਰ ਇਕ ਨੂੰ ਮਾਣ ਸਤਿਕਾਰ ਨਾਲ ਜੀਣ ਦਾ ਤੇ ਆਪਣੀ ਪਛਾਣ ਬਣਾਉਣ ਦਾ ਵਿਹਾਰ ਦੱਸਿਆ। ਕਿਸਾਨੀ ਮੁਸੀਬਤਾਂ ਨੂੰ ਆਪ ਹੰਢਾਇਆ ਅਤੇ ਉਸ ਦੇ ਹੱਲ ਲਈ ਖ਼ੁਦ ਲੜਿਆ।
ਦੁੱਲਾ ਭੱਟੀ ਨੇ ਜਨਤਕ ਲਹਿਰ ਖੜ੍ਹੀ ਕੀਤੀ ਅਤੇ ਗੁਰੀਲਾ ਢੰਗ ਤਰੀਕੇ ਵਰਤੇ। ਉਹੀ ਤਰੀਕੇ ਜਿਹੜੇ ਬਾਅਦ ਵਿੱਚ ਸਿੱਖ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ , ਗੁਰੀਲਾ ਜੰਗ ਵਿਧੀ ਵਾਲੇ ਇਨਕਲਾਬੀ ਚੀ ਗੁਵੇਰਾ ਅਤੇ ਤੇਜਾ ਸਿੰਘ ਸੁਤੰਤਰ ਨੇ ਪੈਪਸੂ ਦੀ ਮੁਜਾਰਾ ਲਹਿਰ ਨੇ ਅਪਣਾਏ ਗਏ। ਇਨ੍ਹਾਂ ਸੂਰਮਿਆਂ ਬਾਰੇ ਲਿਖ ਕੇ ਮੈਂ ਰਿਣ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਧਰਮ ਸਿੰਘ ਗੋਰਾਇਆ ਦੀ ਜੀਵਨ ਸਾਥਣ ਸਰਦਾਰਨੀ ਬਲਬੀਰ ਕੌਰ ਗੋਰਾਇਆ ਤੇ ਡਾ, ਸੁਰਿੰਦਰ ਕੌਰ ਭੱਠਲ ਵੀ ਹਾਜ਼ਰ ਸਨ।