ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ:
ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦਾ ਵਿਦਾਇਗੀ ਸਮਾਰੋਹ ਸੀ। ਸਾਲ 2024 ਦੀ ਵਿਦਾਇਗੀ ਵੀ ਅੱਜ ਹੀ ਹੈ। ਘਰ ਪਹੁੰਚ ਵਟਸਅਪ ਚੈੱਕ ਕਰਦਾ ਹਾਂ। ਸਕੱਤਰੇਤ ਵਿਖੇ ਮੇਰੇ ਸਾਥੀ ਰਹੇ ਕਲਮੀ ਮਿੱਤਰ ਮਲਕੀਤ ਔਜਲਾ ਦੇ ਨਾਂ ਅੱਗੇ ਬਣਿਆ ਹਰਾ ਗੋਲ਼ਾਕਾਰ ਧੂਅ ਪਾ ਰਿਹਾ ਹੈ। ਮੈਂ ਵਟਸਅਪ ਖੋਲ੍ਹਦਾ ਹਾਂ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਸਾਲ 2025 ਦੇ ਛਾਪੇ ਕੈਲੰਡਰ ਦੇ ਦਰਸ਼ਨ ਹੁੰਦੇ ਹਨ। ‘ਵਾਹ’… ਮੇਰੇ ਮੂੰਹੋਂ ਅਚਾਨਕ ਨਿਕਲ਼ਦਾ ਹੈ। ਸੰਬੋਧਿਤ ਹੋ ਰਹੇ ਮਲਕੀਤ ਸਿੰਘ ਔਜਲਾ ਦਾ ਕਾਵਿਕ ਅੰਦਾਜ਼। ਮੈਨੂੰ ਇੰਝ ਜਾਪਿਆ ਜਿਵੇਂ ਬਾਬੂ ਰਜ਼ਬ ਅਲੀ ਤੋਂ ਮੁਤਾਸਿਰ ਔਜਲਾ ਜੀ ਬਹੱਤਰ ਕਲੀਆ ਛੰਦ ਪੇਸ਼ ਕਰ ਰਹੇ ਹੋਣ।


ਇਸੇ ਤਰ੍ਹਾਂ ਸੁਦੇਸ਼ ਜੀ ਤੇ ਜਸਬੀਰ ਜੀ ਦੇ ਸਵੈ-ਮਾਣ ਭਰਪੂਰ ਚਿਹਰੇ। ਗੁਰਚਰਨ ਜੀ ਦੀ ਹਲੀਮੀ ‘ਤੇ ਗਹਿਰੀ ਪਕੜ, ਕਰਤਾਰ ਜੀ ਤੇ ਬਲਕਾਰ ਜੀ ਦੇ ਜੋਸ਼ੀਲੇ ਤੇਵਰ। ਹਰਵਿੰਦਰ ਖੁਰਮੀ ਜੀ ਤੇ ਰਣਜੀਤ ਸਿੰਘ ਜੀ ਦੇ ਮੁਖੜਿਆਂ ‘ਤੇ ਰੱਜੀਆਂ ਰੂਹਾਂ ਵਾਲ਼ੀ ਮੁਸਕਾਨ ਤੇ ਬੀਬਾ ਬਲਜੀਤ ਕੌਰ ਕੋਲ਼ ਕਵਿਤਾ ਦਾ ਭਵਿੱਖੀ ਸੁਪਨਾ ਮੌਲ਼ ਰਿਹਾ ਜਾਪਿਆ ਮੈਨੂੰ। ਵਰਤਮਾਨ ਦੀਆਂ ਜ਼ਿੰਮੇਵਾਰੀਆਂ, ਭਵਿੱਖ ਦੀਆਂ ਉਮੀਦਾਂ ਲਈ ਬੈਠੀ ਐਸੋਸੀਏਸ਼ਨ ਨੇ ਵਹਿ ਗਏ ਦਰਿਆਵਾਂ ਨੂੰ ਵੀ ਚੇਤਿਆਂ ਵਿੱਚ ਵਸਾਇਆ ਹੋਇਆ ਹੈ। ਇਸ ਤਰ੍ਹਾਂ ਇਹ ਕੈਲੰਡਰ ਬਹੁਤ ਕੁਝ ਕਹਿੰਦਾ ਜਾਪ ਰਿਹਾ ਹੈ। ਇਸ ਵਿੱਚ ਵਿਸਮਾਦੀ ਹੁਸਨ ਦਾ ਜਲੌਅ ਤੱਕਦਾ ਹਾਂ। ਬਹੁਤਿਆਂ ਦੀਆਂ ਰੂਹਾਂ ਵਿੱਚ ਨਿੱਜਵਾਦ ਤੋਂ ਉੱਪਰ ਉੱਠ ਲੋਕ ਭਲਾਈ ਦੇ ਜਜ਼ਬੇ ਦਾ ਬੀਜ ਅੰਕੁਰਿਤ ਹੈ। ਸ਼ਾਇਦ ਏਸੇ ਲਈ ਮੇਰੀਆਂ ਅੱਖਾਂ ਵੀ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੀ ਜ਼ਿਆਰਤ ‘ਚ ਲੀਨ ਹੋ ਗਈਆਂ ਹੋਣ। ਇੰਝ ਹੀ ਕੁਦਰਤ ਨਾਲ਼ ਜੁੜਿਓ ਸ਼ਾਇਰ ਬਣਾ ਦੇਵੇਗੀ। ਇਹੋ ਕੁਝ ਕਹਿ ਰਹੇ ਸਨ ਚਿੰਤਕ ਅਮਰਜੀਤ ਗਰੇਵਾਲ਼ ਜੀ ਅੱਜ ਵਾਲ਼ੀ ਕਵਿਤਾ ਵਰਕਸ਼ਾਪ ਵਿੱਚ। ਚੇਤੇ ਰੱਖਣਾ ਆਉਣ ਵਾਲ਼ਾ ਸਮਿਆਂ ਦਾ ਅੰਬਰ ਆਰਟੀਫੀਸ਼ੀਅਲ ਇੰਟੇੈਲੀਜੈਂਸ ਮੱਲਣ ਜਾ ਰਹੀ ਹੈ। ਉਹ ਕਹਿ ਰਹੇ ਸਨ, ‘ਇਨ੍ਹਾਂ ਸਮਿਆਂ ਵਿੱਚ ਕਵਿਤਾ ਹੀ ਮਨੁੱਖੀ ਮਨਾਂ ਨੂੰ ਜੋੜੇਗੀ ਸ਼ਾਇਦ।’
ਕਿਆ ਦ੍ਰਿਸ਼ ਬਣੇ ਹਨ ਯਾਰ। ਮੈਂ ਮੰਤਰ ਮੁਗਧ ਹੋ ਜਾਂਦਾ ਹਾਂ। ਅੰਤਰ ਮਨ ‘ਚ ਝਾਕਦਾ ਹਾਂ। ਮੇਰੇ ਅੰਦਰ ਸੰਗੀਤ ਦਾ ਦਰਿਆ ਵਗਣ ਲਗਦਾ ਹੈ। ਯਾਦਾਂ ਦੀ ਕਿਸ਼ਤੀ ਆਪ-ਮੁਹਾਰੇ ਤੈਰ ਰਹੀ ਹੈ। ਇਨ੍ਹਾਂ ਯਾਦਾਂ ਵਿੱਚ ਸਮੇਂ ਦੀਆਂ ਛੱਲਾਂ ਹਨ। ਮੇਰੇ ਗੀਤ ਦਾ ਮੁੱਖੜਾ ਮੇਰੇ ਚੇਤੇ ਵਿੱਚ ਉਤਰ ਆਉਂਦਾ ਹੈ, ‘ਯਾਦਾਂ ਦਿਲ ਦੇ ਝਨਾਂ ਚ ਜਦੋਂ ਵਹਿਣਗੀਆਂ/ ਤਾਂਘਾਂ ਸੱਜਣਾ ਮਿਲ਼ਣ ਦੀਆਂ ਰਹਿਣਗੀਆਂ।’
ਸ੍ਰ. ਮਲਕੀਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਇਸ ਪਲੇਠੇ ਉਪਰਾਲੇ ਲਈ ਅਦਾਰਾ ਸੁਰ ਸਾਂਝ ਡਾਟ ਕਾਮ ਇਸ ਸਿਰਮੌਰ ਜਥੇਬੰਦੀ ਦੇ ਆਗੂਆਂ ਅਤੇ ਮੈਬਰਾਨ ਨੂੰ ਸ਼ੁਭਕਾਮਨਾਵਾਂ ਭੇਟ ਕਰਦਾ ਹੋਇਆ ਨਵਾਂ ਵਰ੍ਹਾ 2025 ਮੁਬਾਰਕ ਕਹਿੰਦਾ।
ਸੁਰਜੀਤ ਸੁਮਨ

