ਚੰਡੀਗੜ੍ਹ 7 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਸਬਾ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ ) ਦਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ। ਲੋਹ ਪੁਰਸ਼ ਗੁਰਦਾਸ ਰਾਮ ਦੇ ਸਪੁੱਤਰ ਵਿਨੋਦ ਸ਼ਰਮਾ ਗੋਲੂ ਪਹਿਲਵਾਨ ਅਤੇ ਸਮਾਜ ਸੇਵੀ ਖੇਡ ਪ੍ਰਮੋਟਰ ਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਅਤੇ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਦੀਆਂ ਖੇਡਾਂ ਯਾਦਗਾਰੀ ਰਹੀਆਂ। ਪਹਿਲੇ ਦਿਨ ਲੜਕੀਆਂ ਦਾ ਕਬੱਡੀ ਕੱਪ ਕਰਵਾਇਆ ਗਿਆ। ਦੂਸਰੇ ਦਿਨ 55 ਅਤੇ 75 ਕਿਲੋ ਗ੍ਰਾਮ ਵਜ਼ਨ ਦੇ ਮੁਕਾਬਲੇ ਕਰਵਾਏ ਗਏ। ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਕੱਪ ਤੋਂ ਇਲਾਵਾ ਬੈਸਟ ਰੇਡਰ ਤੇ ਜਾਫੀਆਂ ਨੂੰ ਨਗਦ ਰਾਸ਼ੀ ਇਨਾਮ ਅਤੇ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ ਅਖੀਰ ਕਬੱਡੀ ਕੱਪ ਦੌਰਾਨ ਪੰਜਾਬ ਦੀਆਂ ਨਾਮਵਾਰ ਕਬੱਡੀ ਫੈਡਰੇਸ਼ਨ ਦੇ ਖਿਡਾਰੀਆਂ ਵੱਲੋਂ ਜੌਹਰ ਵਿਖਾਏ ਗਏ। ਅਖੀਰਲੇ ਦਿਨ ਤਕਰੀਬਨ 45 ਦੇ ਕਰੀਬ ਟੀਮਾਂ ਨੇ ਭਾਗ ਲਿਆ l ਖੁੱਡਾ ਅਲੀ ਸ਼ੇਰ ਅਤੇ ਬਾਬਾ ਗਾਜ਼ੀ ਦਾਸ ਧਨੌਰੀ ਦੀ ਟੀਮ ਵਿੱਚ ਜ਼ਬਰਦਸਤ ਫਾਈਨਲ ਮੁਕਾਬਲਾ ਵੇਖਣ ਲਈ ਲੋਕਾਂ ਦੀ ਭੀੜ ਦੇਰ ਰਾਤ ਤੱਕ ਬੈਠ ਕੇ ਮੈਚ ਦਾ ਅਨੰਦ ਮਾਣਦੀ ਰਹੀ।ਇਸ ਫਾਈਨਲ ਮੁਕਾਬਲੇ ਦਾ ਨਤੀਜਾ ਦੇਰ ਰਾਤ ਨੂੰ ਸਾਹਮਣੇ ਆਇਆ।


ਫਾਈਨਲ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਖੁੱਡਾ ਅਲੀ ਸ਼ੇਰ ਦੀ ਟੀਮ ਜੇਤੂ ਰਹੀ ਅਤੇ ਧਨੌਰੀ ਦੀ ਟੀਮ ਦੂਜੇ ਸਥਾਨ ਤੇ ਰਹੀ।ਜੇਤੂ ਟੀਮ ਨੂੰ ਪਹਿਲਾ ਇਨਾਮ ਇੱਕ ਲੱਖ ਰੁਪਏ ਤੇ ਕੱਪ ਅਤੇ ਦੂਜੀ ਟੀਮ ਨੂੰ ਇਨਾਮ ਪਝੱਤਰ ਹਜ਼ਾਰ ਰੁਪਏ ਤੇ ਕੱਪ ਦੇ ਕੇ ਨਿਵਾਜਿਆ ਗਿਆ। ਦੀਪ ਦਬੂਰਜੀ ਨੇ ਵੀਹ ਕਬੱਡੀਆਂ ਪਾ ਕੇ ਅਠਾਰਾਂ ਅੰਕ ਪ੍ਰਾਪਤ ਕੀਤੇ ਅਤੇ ਉਸ ਨੂੰ ਬੈਸਟ ਰੇਡਰ ਐਲਾਨਦਿਆਂ ਪ੍ਰਬੰਧਕਾਂ ਵੱਲੋਂ ਕੱਪ ਅਤੇ ਬੁੱਲੇਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸਰਣਾ ਡੱਬੋਰਮਾਣਾ ਤੇਰਾ ਟੱਚ ਅਤੇ ਤਿੰਨ ਜੱਫਿਆਂ ਦੇ ਵਧੀਆ ਪ੍ਰਦਰਸ਼ਨ ਨਾਲ ਅੱਜ ਦਾ ਬੈਸਟ ਜਾਫੀ ਬਣਿਆ ਤੇ ਉਸ ਨੂੰ ਵੀ ਪ੍ਰਬੰਧਕਾਂ ਵੱਲੋਂ ਕੱਪ ਅਤੇ ਬੁੱਲੇਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਦੇ ਕਬੱਡੀ ਖਿਡਾਰੀ ਗੁਰਬਚਨ ਸਿੰਘ ਅਤੇ ਪ੍ਰਦੀਪ ਸਿੰਘ ਦਾ ਵੀ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ।ਇਸ ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਪੁੱਜੀਆਂ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ ਵੀ ਮੁੱਹਈਆ ਕਰਵਾਇਆ ਗਿਆ। ਤਿੰਨ ਰੋਜ਼ਾ ਕਬੱਡੀ ਕੱਪ ਦੌਰਾਨ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ। ਅਖੀਰਲੇ ਦਿਨ ਮੋਹਿਤ ਅਗਰਵਾਲ ਡੀ ਐੱਸ ਪੀ ਮੁੱਲਾਂਪੁਰ ਗਰੀਬਦਾਸ ਵੱਲੋਂ ਆਪਣੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਮੁੱਲਾਂਪੁਰ ਗਰੀਬਦਾਸ ਸਮੇਤ ਪੁੱਜ ਕੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਰਵੀ ਸ਼ਰਮਾ ਅਤੇ ਗੋਲੂ ਪਹਿਲਵਾਨ ਗੌਰਵ ਸ਼ਰਮਾ ਪੰਚ ਗੁਰਜੀਤ ਪੂਨੀਆ, ਜਸਵਿੰਦਰ ਸਿੰਘ, ਜਸਵੀਰ ਸਿੱਧੂ ਅਤੇ ਹੋਰਨਾਂ ਵੱਲੋਂ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਇਸ ਕਬੱਡੀ ਕੱਪ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਆਪਣੇ ਸਾਥੀਆਂ ਸਮੇਤ ਪੁੱਜੇ ਅਤੇ ਉਨ੍ਹਾਂ ਰਵੀ ਸ਼ਰਮਾ ਦੀ ਸਮੂਹ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਸਦਕਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਲਈ ਇਸ ਖੇਤਰ ਵਿੱਚ ਵਧੀਆ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ।ਇਸ ਮੌਕੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੀ ਆਪਣੇ ਪੰਚਾਇਤ ਮੈਂਬਰਾਂ ਸਮੇਤ ਕਬੱਡੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ।ਇਸ ਮੌਕੇ ਗੱਲਬਾਤ ਕਰਦਿਆਂ ਰਵੀ ਸ਼ਰਮਾ ਦੀ ਸਮੂਹ ਟੀਮ ਨੇ ਦੱਸਿਆ ਕਿ ਹੁਣ ਇਹ ਕਬੱਡੀ ਦਾ ਮਹਾਂਕੁੰਭ ਹਰ ਸਾਲ ਕਰਵਾਇਆ ਜਾਵੇਗਾ ।
ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਛੇ ਲੱਖ ਦੇ ਕਰੀਬ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੇਖਿਆ।ਇਸ ਤੋਂ ਇਲਾਵਾ ਦੁਬਈ ਤੋਂ ਇਲਾਵਾ ਹੋਰ ਵਿਦੇਸਾ ਵਿਚ ਬੈਠੇ ਉਨ੍ਹਾਂ ਦੇ ਜਾਣਕਾਰਾਂ ਵੱਲੋਂ ਵੀ ਇਸ ਕਬੱਡੀ ਕੱਪ ਦਾ ਆਨੰਦ ਮਾਣਿਆ ਗਿਆ। ਉਨ੍ਹਾਂ ਦੱਸਿਆ ਕਿ ਅਗਲੀ ਵਾਰ ਇਨਾਮ ਇਸ ਤੋਂ ਵੀ ਵੱਡੇ ਹੋਣਗੇ ਅਤੇ ਬੈਸਟ ਰੇਡਰ ਤੇ ਜਾਫੀ ਨੂੰ ਵੀ ਜੀਪਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਇਸ ਕਬੱਡੀ ਕੱਪ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਦੇ ਨਿਵਾਸੀਆਂ ਅਤੇ ਯਾਰਾਂ ਦੋਸਤਾਂ ਦਾ ਧੰਨਵਾਦ ਕੀਤਾ ਹੈ। ਅਖੀਰ ਵਿੱਚ ਪੂਰੀ ਟੀਮ ਵੱਲੋਂ ਪੁੱਜੇ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰਾਂ ਗੋਲੂ ਪਹਿਲਵਾਨ,ਗੁਨਵੀਰ ਸ਼ਰਮਾ ਤਨਵੀਰ ਸ਼ਰਮਾ,ਜਸਵਿੰਦਰ ਕੁਮਾਰ, ਓਮਵੀਰ ਸ਼ਰਮਾ, ਪੂਰਵੀ ਸ਼ਰਮਾ ਅਤੇ ਗੁਰਜੀਤ ਪੂਨੀਆ, ਗੌਰਵ ਸ਼ਰਮਾ ਪੰਚ, ਮਨਦੀਪ ਗੁਪਤਾ,ਧਰਮਿੰਦਰ ਸਿੰਘ ਮੁੱਲਾਂਪੁਰ, ਨਰਿੰਦਰ ਕੁਮਾਰ, ਹੈਪੀ ਦਿਆਲਪੁਰਾ, ਗੌਰਵ ਗੁਪਤਾ, ਹਰੀਸ਼ ਕੁਮਾਰ, ਜਸਪਾਲ ਵਰਮਾ (ਗੁੱਡੂ ਸੁਨਿਆਰ), ਮੋਹਿਤ ਜੰਡ, ਨੰਬਰਦਾਰ ਰਾਜ ਕੁਮਾਰ ਸਿਆਲਬਾ ,ਹਨੀ ਵਰਮਾ, ਗੁਰਦੀਪ ਦਿਆਲਪੁਰਾ, ਕੁਲਦੀਪ ਮਨੋਚਾ,ਸੋਹਣ ਲਾਲ ਗੁਪਤਾ, ਤੇਜਪਾਲ ਲਟਾਵਾ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਓਥੇ ਹੀ ਅਰਵਿੰਦ ਪੁਰੀ ,ਹੈਪੀ ਮਹਿਰੌਲੀ, ਪ੍ਰਿੰਸ ਪਹਿਲਵਾਨ, ਹਰਪ੍ਰੀਤ ਕੌਰ, ਹੈਪੀ ਮੁੱਲਾਂਪੁਰ, ਜਤਿੰਦਰ ਕੁਮਾਰ ਮਿੱਠੂ, ਰੀਟਾ, ਗੌਤਮ, ਸਰਬਜੀਤ ਸਿੰਘ, ਸ਼ੋਭਾ ਰਾਣੀ, ਰਵਿੰਦਰ ਕੌਰ, ਵਰਿੰਦਰ ਪਾਲ ਕੌਰ (ਬਿੰਦੂ), ਹਰਵਿੰਦਰ ਸਿੰਘ ਅਤੇ ਗੁਰੀ ਵੱਲੋਂ ਵੀ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ।

