ਪੰਜਾਬੀ ਸ਼ਾਇਰਾਂ ਵਿੱਚ ਦਲਜਿੰਦਰ ਰਹਿਲ ਅਤੇ ਪ੍ਰੋ ਜਸਪਾਲ ਸਿੰਘ ਨੇ ਲਗਵਾਈ ਖ਼ੂਬਸੂਰਤ ਹਾਜ਼ਰੀ
ਰਿਜੋ ਇਮੀਲੀਆ-ਇਟਲੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਫਰਵਰੀ:


ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਸੰਤਾ ਇਲਾਰਿਓ ਡੈਂਸਾ (ਰਿਜੋ ਇਮੀਲੀਆ) ਵਿੱਖੇ ਸਾਂਝੇ ਸੱਭਿਆਚਾਰ, ਸਾਹਿਤ ਅਤੇ ਕਲਾ ਕ੍ਰਿਤਾਂ ਨੂੰ ਉਤਸ਼ਾਹਿਤ ਕਰਦੀ ਸੰਸਥਾ ਇੰਨਵੇੱਨਤੋਰੀ ਦੀ ਸਤਰਾਦੇ ਵਲੋਂ ਕਲਾਉਦੀਆ ਬੈੱਲੀ ਦੀ ਅਗਵਾਈ ਹੇਠ ਅਤੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਸਹਿਯੋਗ ਨਾਲ ਪੰਜ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸਿਰਲੇਖ ਸੀ – ਅਨੀਮੇ ਲਿਬਰੇ ਪ੍ਰਬੰਧਕਾਂ ਵਲੋਂ ਇਤਾਲਵੀ, ਸਪੈਨਿਸ਼, ਕੁਰਦ, ਅਰਬੀ ਅਤੇ ਪੰਜਾਬੀ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਇਤਾਲਵੀ ਭਾਸ਼ਾ ਵਿੱਚ ਅਨੁਵਾਦ ਕਰਕੇ ਸੈਂਕੜੇ ਸਰੋਤਿਆਂ ਦੇ ਭਰੇ ਇਕੱਠ ਵਿੱਚ ਸਾਂਝਾ ਕੀਤਾ। ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਕਵੀਆਂ ਵਿੱਚ ਹੇਬੇ ਮੁਨੋਜ਼, ਫਰੈਂਚੈਸਕੋ ਨੀਗਰੀ, ਲੂਕਾ ਮੋਸਾਕਿਓਦੀ, ਆਂਦਰਿਆ ਕਸੌਲੀ, ਸੀਮੋਨਾ ਸੈਂਤੀਐਰੀ, ਮਾਰਾ ਮਾਤਾਵੇਲੀ, ਪਾਵਲੋ ਜੋਨਾਰਦੀ, ਹੀਮਾਸ ਜ਼ਾਮਿਲ ਅਲਵੀ, ਅੰਨਾ ਜੋਰਜੀਨੀ, ਇਜ਼ਾਬੇਲ ਸਿਲਵਿਸਤਰੀ, ਯਾਮੀਲੇਤ ਪਰੇਸ਼ ਰੋਦਰਿਗਜ਼, ਅਮੁਨੂਐਲੇ ਗੁਆਸਤੀ, ਮੀਕੇਲੇ ਪੇਛੀ ਮੋਂਤਾਨਾਰੀ, ਮੈਕਸ ਮਾਸੋਲੀ, ਜੇਨੀ ਲੀਆ ਮੈਦਾ ਰੀਕਾਰਦੋ, ਪਾਓਲੋ ਪੋਸਟੋ, ਦਲਜਿੰਦਰ ਰਹਿਲ, ਪ੍ਰੋ ਜਸਪਾਲ ਸਿੰਘ, ਮਾਸਿਮੋ ਬਿਲੇਈ, ਸਾਂਦਰੀਨੋ ਲੁਈਜੀ ਮਾਰਾ, ਕਰਾਉਂਦੀਆ ਅਤੇ ਦਮਿਆਨਾ਼ ਆਦਿ ਨੇ ਭਾਗ ਲਿਆ।
ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਪਿਆਰ ਸ਼ਬਦ ਨੂੰ ਵੱਖ ਵੱਖ ਸੰਦਰਭ ਬਹੁਤ ਖੂਬਸੂਰਤੀ ਨਾਲ ਵਿੱਚ ਪੇਸ਼ ਕੀਤਾ। ਇਸ ਸਾਰੇ ਕਵੀ ਦਰਵਾਰ ਦਾ ਸੰਚਾਲਨ ਇਤਾਲਵੀ ਕਵਿਤਰੀਆਂ ਕਲਾਉਦੀਆ ਬੇਲੀ ਅਤੇ ਦਾਮਿਆਨਾ ਵਲੋਂ ਕੀਤਾ ਗਿਆ। ਇਸ ਸਾਹਿਤਿਕ ਸਮਾਗਮ ਵਿੱਚ ਸ਼ਹਿਰ ਦੇ ਮੇਅਰ ਮਰਚੈਲੋ ਮੋਰੈਤੀ ਸਮੇਤ ਸੰਜੀਦਾ ਸਰੋਤੇ ਅਤੇ ਇਲਾਕੇ ਦੀਆਂ ਹੋਰ ਵੀ ਸਨਮਾਨਯੋਗ ਸ਼ਖਸ਼ੀਅਤਾ ਸ਼ਾਮਿਲ ਹੋਈਆਂ। ਕਵਿਤਾਵਾਂ ਦੇ ਅੰਤਰਗਤ ਪਿਆਨੋ ਵਾਦਕ ਮਾਰਕੋ ਫਰੇਂਚੇਸਕੈਤੀ ਦਾ ਸੰਗੀਤ ਸਰੋਤਿਆਂ ਨੂੰ ਮੰਤਰ ਮੁਗਧ ਕਰਦਾ ਰਿਹਾ। ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਹੋਏ ਕਵੀਆਂ ਵਲੋਂ ਸਾਂਝੇ ਸਮਾਜ, ਸਦਭਾਵਨਾ, ਪਿਆਰ – ਮੁਹੱਬਤ, ਸਾਂਤੀ, ਮਾਂ ਬੋਲੀ, ਮਨੁੱਖੀ ਭਾਈਚਾਰੇ, ਸਾਂਝੇ ਵਿਸ਼ਵੀ ਪਿੰਡ ਦੀ ਬੇਹਤਰੀ ਅਤੇ ਉੱਨਤੀ ਲਈ ਕਵਿਤਾ ਪਾਠ ਕੀਤਾ ਗਿਆ, ਜਿਸਦਾ ਸਰੋਤਿਆਂ ਨਾਲ ਭਰੇ ਹਾਲ ਵਲੋਂ ਨਿਰੰਤਰ ਤਾੜੀਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ।

