ਚੰਡੀਗੜ੍ਹ (ਸੁਰ ਸਾਂਝ ਬਿਊਰੋ), 23 ਫਰਵਰੀ:
ਤਿੰਨ ਦਿਨੀਂ ਪਲਸ ਪੋਲੀਓ ਮੁਹਿੰਮ-2022 ਦੇ ਸਬੰਧ ਚੰਡੀਗੜ੍ਹ ਵਿਖੇ ਵਿੱਚ ਸਟੇਟ ਟਾਸਕ ਫੋਰਸ ਦੀ ਅਹਿਮ ਮੀਟਿੰਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ। ਇਸ ਮੀਟਿੰਗ ਵਿੱਚ ਐਮ.ਡੀ. ਐਨ.ਐਚ.ਐਮ. ਕੁਮਾਰ ਰਾਹੁਲ, ਐਮ.ਡੀ. ਪੀ.ਐਚ.ਐਸ.ਸੀ. ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਓ.ਪੀ. ਗੋਜਰਾ, ਅਸਿਸਟੈਂਟ ਡਾਇਰੈਕਟਰ ਡਾ. ਬਲਵਿੰਦਰ ਕੌਰ, ਵਿਸ਼ਵ ਸਿਹਤ ਸਗੰਠਨ ਤੋਂ ਡਾ. ਸ੍ਰੀਨਿਵਾਸਨ, ਡਾ. ਵਿਕਰਮ, ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ, ਟੀਕਾਕਰਨ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਨੁਮਾਇਂਦੇ ਵੱਲੋਂ ਸ਼ਮੂਲੀਅਤ ਕੀਤੀ ਗਈ।
ਪਲਸ ਪੋਲੀਓ ਮੁਹਿੰਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਇਹ ਮੁਹਿੰਮ ਆਉਣ ਵਾਲੀ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਨੂੰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਵਿੱਚ ਸਿਹਤ ਕਰਮੀਆਂ ਵੱਲੋਂ 0 ਤੋਂ 5 ਸਾਲ ਦੇ 31,08,660 ਨੋਨਿਹਾਲਾ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਸ਼ੂਰੁਆਤੀ ਦੌਰ ਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਰੀਦਕੋਟ, ਮਾਨਸਾ, ਸੰਗਰੂਰ, ਪਟਿਆਲਾ, ਜਲੰਧਰ ਗੁਰਦਾਸਪੁਰ ਵਿੱਚ ਸ਼ੁਰੂ ਕਰਨ ਸਬੰਧੀ ਹਦਾਇਤਾਂ ਹੋਈਆਂ ਹਨ ਪਰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਰਾਜ ਕਮਲ ਚੌਧਰੀ ਵੱਲੋਂ ਇਸ ਮੁਹਿੰਮ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਚਲਾਉਣ ਦੇ ਹੁਕਮ ਕੀਤੇ ਗਏ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਅਤੇ ਸਿਹਤ ਡਾਇਰੈਕਟਰ ਵੱਲੋਂ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਪਲਸ ਪੋਲੀਓ ਅਤੇ ਇੰਦਰਧਨੁਸ਼ ਮੁਹਿੰਮ ਦੀ ਜਾਗਰੂਕਤਾ ਫੈਲਾਉਣ ਦੀ ਵੀ ਹਦਾਇਤ ਕੀਤੀ ਗਈ।