www.sursaanjh.com > ਸਾਹਿਤ > ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ/ ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ

ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ/ ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ

ਪਹਿਲਾਂ ਤੋਲੋ ਫਿਰ ਬੋਲੋ
ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ/ ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 03 ਜੂਨ:
ਇਸ ਲਕੋਤੀ ਤੋਂ ਭਾਵ ਹੈ ਕਿ ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਕੀ ਸਾਡੇ ਦੁਆਰਾ ਬੋਲੇ ਗਏ ਸ਼ਬਦ ਕਿਤੇ  ਕਠੋਰ ਤਾਂ ਨਹੀਂ, ਜਿਨ੍ਹਾਂ ਨੂੰ ਸੁਣ ਕੇ ਸਾਹਮਣੇ ਵਾਲੇ ਮਨੁੱਖ ਨੂੰ ਬੁਰਾ ਲੱਗੇ। ਉਸ ਦੇ ਦਿਲ ਨੂੰ ਠੇਸ ਪਹੁੰਚੇ। ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਸਾਨੂੰ ਹਮੇਸ਼ਾ ਸ਼ਬਦਾਂ ਨੂੰ ਆਪਣੀ ਮਨ ਦੀ ਤੱਕੜੀ ਵਿੱਚ ਤੋਲ ਲੈਣਾ ਚਾਹੀਦਾ ਹੈ। ਜੇਕਰ ਬੋਲੇ ਜਾਣ ਵਾਲੇ ਸ਼ਬਦ ਸਾਨੂੰ ਆਪ ਨੂੰ ਚੰਗੇ ਲੱਗਦੇ ਹਨ ਤਾਂ ਉਹ ਸਾਹਮਣੇ ਵਾਲੇ ਨੂੰ ਵੀ ਚੰਗੇ ਲੱਗਣਗੇ। ਜੇ ਸਾਨੂੰ ਆਪ ਨੂੰ ਉਹ ਸ਼ਬਦ ਬੁਰੇ ਲੱਗਦੇ ਹਨ ਤਾਂ ਉਹ ਦੂਜੇ ਵਿਅਕਤੀ ਨੂੰ ਵੀ ਬੁਰੇ ਹੀ ਲੱਗਣਗੇ।
ਸ਼ਬਦ ਹਮੇਸ਼ਾ ਮੁਫ਼ਤ ਵਿੱਚ ਮਿਲਦੇ ਹਨ, ਪਰ ਉਨ੍ਹਾਂ ਦੀ ਚੋਣ ਤੇ ਇਹ ਗੱਲ ਨਿਰਭਰ ਕਰਦੀ ਹੈ ਕਿ ਸਾਨੂੰ ਉਨ੍ਹਾਂ ਦੀ ਕੀਮਤ ਮਿਲੇਗੀ ਜਾਂ ਅਸੀ ਕੀਮਤ ਚੁਕਾਵਾਂਗੇ।
ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦਾ ਹਰ ਪਲ ਮਾਣਦੇ ਹਾਂ ਅਤੇ ਅਸੀਂ ਸਾਰੇ ਹੀ ਸਮਾਜ ਵਿਚ ਵਿਚਰਦੇ ਹਾਂ। ਸਮਾਜ ਵਿਚ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ਼ ਸਾਡਾ ਵਾਹ ਪੈਂਦਾ ਹੈ। ਕੁਝ ਲੋਕ ਬੇਪਰਵਾਹੀ ਨਾਲ ਕੁਝ ਵੀ ਬਿਨਾਂ ਸੋਚੇ ਸਮਝੇ ਬੋਲਦੇ ਹਨ ਅਤੇ ਕੁਝ ਲੋਕ ਘੱਟ ਬੋਲਣ ਦੇ ਨਾਲ-ਨਾਲ ਬਹੁਤ ਸੋਚ-ਸਮਝ ਕੇ ਬੋਲਣ ਵਾਲੇ ਹੁੰਦੇ ਹਨ। ਜੇਕਰ ਸਾਡੇ ਦੁਆਰਾ ਸ਼ਬਦਾਂ ਦੀ ਚੋਣ ਸੋਚ ਸਮਝ ਕੇ ਕੀਤੀ ਜਾਵੇ ਤਾਂ ਸਾਨੂੰ ਉਸ ਦਾ ਨਤੀਜਾ ਬਹੁਤ  ਸੁਖਾਵਾਂ ਪ੍ਰਾਪਤ ਹੋਵੇਗਾ, ਨਹੀਂ ਤਾਂ ਗਲਤ ਸ਼ਬਦਾਂ ਦੀ ਚੋਣ ਕਰਨ ਦਾ ਨਤੀਜਾ ਬਹੁਤ ਅਣਸੁਖਾਵਾਂ ਹੁੰਦਾ ਹੈ। ਕਈ ਵਾਰ ਗਲਤ ਸ਼ਬਦਾਂ ਦੀ ਚੋਂਣ ਕਾਰਨ ਅਸੀਂ ਆਪਣੇ ਉਮਰ ਭਰ ਦੇ ਰਿਸ਼ਤਿਆਂ ਤੋਂ ਹੱਥ ਧੋ ਬੈਠਦੇ ਹਾਂ।
ਜ਼ਰੂਰੀ ਨਹੀਂ ਕੁਝ ਤੋੜਨ ਲਈ ਪੱਥਰ ਹੀ ਮਾਰਿਆ ਜਾਵੇ। ਕਈ ਵਾਰ ਕੌੜੇ ਸ਼ਬਦ ਬੋਲਣ ਨਾਲ ਵੀ ਬਹੁਤ ਕੁਝ ਟੁੱਟ ਜਾਂਦਾ ਹੈ। ਮਨੁੱਖ ਦੀ ਸਮਾਜ ਵਿਚ ਜਿਹੋ ਜਿਹੀ ਭਾਈਚਾਰਕ ਸਾਂਝ ਹੁੰਦੀ ਹੈ, ਉਸ ਨੂੰ ਉਨਾ ਹੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਕਿਸੇ ਵਿਅਕਤੀ ਨੂੰ ਤੋੜਨ ਲਈ ਪੱਥਰ ਮਾਰਨ ਦੀ ਲੋੜ ਹੁੰਦੀ ਹੋਵੇ। ਕੌੜੇ ਸ਼ਬਦ ਬੰਦੇ ਦੇ ਅੰਦਰੋਂ ਬਹੁਤ ਕੁਝ ਤੋੜ ਦਿੰਦੇ ਹਨ ਅਤੇ ਸਾਨੂੰ ਉਦੋਂ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਉਸ ਵਿਅਕਤੀ ਨਾਲ ਰਿਸ਼ਤਾ ਟੁੱਟਣ ਦੀ ਕਗਾਰ ਤੇ ਆ ਜਾਂਦਾ ਹੈ। ਫੇਰ ਸਾਨੂੰ ਦੁੱਖ ਤੇ ਪਛਤਾਵਾ ਹੁੰਦਾ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਜ਼ੁਬਾਨ ਅਰਸ਼ ਤੋਂ ਫਰਸ਼ ਅਤੇ ਫ਼ਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ। ਕਈ ਲੋਕ ਬਹੁਤ ਘੱਟ ਬੋਲ ਕੇ ਅੱਖਾਂ ਨਾਲ ਬਹੁਤ ਕੁਝ ਸਮਝਾ ਜਾਂਦੇ ਹਨ ਅਤੇ ਕਈ ਜ਼ਰੂਰਤ ਤੋਂ ਜ਼ਿਆਦਾ ਅਤੇ ਕੜਵੇ ਬੋਲ਼, ਬੋਲ ਕੇ ਆਪਣੇ ਰਿਸ਼ਤੇ ਅਤੇ ਇੱਜ਼ਤ ਗਵਾ ਲੈਂਦੇ ਹਨ। ਕਿਉਕਿ ਤਨ ਤੇ  ਲੱਗੇ ਜ਼ਖਮ ਤਾਂ ਸਮਾਂ ਪਾ ਕੇ ਭਰ ਹੀ ਜਾਂਦੇ ਹਨ, ਪਰ ਜ਼ਬਾਨ ਦੇ ਫੱਟ ਹਮੇਸ਼ਾ ਲਈ ਸਾਡੇ ਦਿਲ ਤੇ ਰਹਿ ਜਾਂਦੇ ਹਨ। ਉਹ ਕਦੇ ਭਰਦੇ ਨਹੀਂ ਅਤੇ ਹਮੇਸ਼ਾ ਲਈ ਸਾਨੂੰ ਪਛਤਾਵਾ ਦਿੰਦੇ ਹਨ ਪਰ ਓਦੋਂ ਫਿਰ ਕੋਈ ਹੱਲ ਨਹੀਂ ਹੁੰਦਾ।
ਜਿਵੇਂ ਕਿਸੇ ਹਸਪਤਾਲ ਵਿੱਚ ਇਕ ਡਾਕਟਰ ਬੱਚੇ ਦਾ ਅਪਰੇਸ਼ਨ ਕਰਨ ਲਈ ਲੇਟ ਪਹੁੰਚਦਾ ਹੈ। ਬੱਚੇ ਦੇ ਪਿਤਾ ਦੁਆਰਾ ਡਾਕਟਰ ਨੂੰ ਬਹੁਤ ਬੁਰਾ ਭਲਾ ਬੋਲਿਆ ਗਿਆ ਪਰ ਡਾਕਟਰ ਨੇ ਚੁੱਪ-ਚਾਪ ਬੱਚੇ ਦਾ ਅਪਰੇਸ਼ਨ ਕੀਤਾ ਅਤੇ ਉਸ ਨੂੰ ਠੀਕ ਕਰਕੇ ਆਪ ਤੇਜ਼ੀ ਨਾਲ ਹਸਪਤਾਲ ਵਿੱਚੋਂ ਨਿੱਕਲ ਗਿਆ। ਬੱਚੇ ਦਾ ਪਿਤਾ ਹੁਣ ਫਿਰ ਡਾਕਟਰ ਨੂੰ ਬੁਰਾ ਭਲਾ ਕਹਿ ਰਿਹਾ ਸੀ ਕਿਉਂਕਿ ਵਾਪਸ ਜਾਂਦੇ ਡਾਕਟਰ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਬੱਚਾ ਕਿਵੇਂ ਹੈ। ਏਨੇ ਨੂੰ ਨਰਸ ਦੇ ਆਉਣ ਤੇ ਬੱਚੇ ਦੇ ਪਿਤਾ ਨੂੰ ਪਤਾ ਲੱਗਦਾ ਹੈ ਕਿ ਉਸ ਤੋਂ ਇਕ ਦਿਨ ਪਹਿਲਾਂ ਡਾਕਟਰ ਦੇ ਬੱਚੇ ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋ ਚੁੱਕੀ ਸੀ। ਜਦੋਂ ਡਾਕਟਰ ਬੱਚੇ ਦਾ ਅਪਰੇਸ਼ਨ ਕਰਨ ਆਇਆ ਸੀ, ਉਦੋਂ ਉਹ ਸ਼ਮਸ਼ਾਨ ਘਾਟ ਵਿੱਚ ਆਪਣੇ  ਬੱਚੇ ਦਾ ਦਾਹ ਸੰਸਕਾਰ ਕਰਵਾ ਰਿਹਾ ਸੀ। ਤੁਹਾਡੇ ਬੱਚੇ ਦਾ ਅਪਰੇਸ਼ਨ  ਕਰਨ ਲਈ ਉਹ ਆਪਣੇ ਬੱਚੇ ਦਾ ਸੰਸਕਾਰ ਅਧੂਰਾ ਛੱਡ ਕੇ ਆਏ ਸਨ। ਹੁਣ ਉਹ ਤੇਜੀ ਨਾਲ ਤੁਹਾਡੀ ਗੱਲ ਦਾ ਜਵਾਬ ਦਿੱਤੇ ਬਿਨਾਂ ਇਸ ਕਰਕੇ ਚਲੇ ਗਏ ਕਿਉਂਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਦਾਹ ਸੰਸਕਾਰ ਪੂਰਾ ਕਰਨਾ ਸੀ। ਸਾਰੀ ਗੱਲ ਨੂੰ ਜਾਣ ਕੇ ਬੱਚੇ ਦੇ ਪਿਤਾ ਨੂੰ ਬਹੁਤ ਦੁੱਖ ਹੋਇਆ। ਹੁਣ ਉਸਨੂੰ ਆਪਣੇ ਦੁਆਰਾ ਡਾਕਟਰ ਨੂੰ  ਬੋਲੇ ਗਏ ਅਪਸ਼ਬਦ ਯਾਦ ਆ ਰਹੇ ਸਨ। ਹੁਣ ਉਸਨੂੰ ਪਛਤਾਵਾ ਹੋ ਰਿਹਾ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਹੁਣ ਉਹ ਡਾਕਟਰ ਨੂੰ ਬੋਲੇ ਗਏ ਆਪਸ਼ਬਦ ਵਾਪਸ ਨਹੀਂ ਲੈ ਸਕਦਾ ਸੀ। ਇਸ ਲਈ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਬੋਲਣ ਤੋ ਪਹਿਲਾਂ ਸ਼ਬਦ ਮਨੁੱਖ ਦੇ ਵੱਸ ਵਿਚ ਹੁੰਦੇ ਹਨ, ਬੋਲਣ ਤੋਂ ਬਾਅਦ ਮਨੁਖ ਸ਼ਬਦਾਂ ਦੇ ਵੱਸ ਵਿੱਚ ਹੋ ਜਾਂਦਾ ਹੈ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਤੋਲੋ ਫਿਰ ਬੋਲੋ।
ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ, ਸਰਕਾਰੀ ਹਾਈ ਸਕੂਲ, ਸਮਾਉ – 97797-88365

Leave a Reply

Your email address will not be published. Required fields are marked *