www.sursaanjh.com > News > ਰੂਪਨਗਰ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਰੂਪਨਗਰ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਬਿਊਰੋ), 23 ਫਰਵਰੀ:

ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਰੂਪਨਗਰ ਵੱਲੋਂ ਸਥਾਨਕ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਰੂਪਨਗਰ ਦੇ ਖੋਜ ਅਫਸਰ ਤੇ ਕਵੀ ਗੁਰਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਜਰਨੈਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਸੁਰਜੀਤ ਸਿੰਘ ਜੀਤ ਨੇ ਕੀਤੀ। ਹੋਰਨਾਂ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਿੰਦਰਪਾਲ ਸਿੰਘ, ਪ੍ਰਿੰਸੀਪਲ ਲਵਿਸ ਕੁਮਾਰ ਤੇ ਪ੍ਰਿੰਸੀਪਲ ਬੀ.ਪੀ.ਐਸ. ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਇਹ ਸਮਾਗਮ ਪੰਜਾਬੀ ਮਾਤ ਭਾਸ਼ਾ ਦੀ ਆਮ ਜੀਵਨ ਅਤੇ ਸਮੂਹ ਸੰਸਥਾਵਾਂ ਵਿੱਚ ਪੰਜਾਬੀ ਦੀ ਵਰਤੋਂ ਸਬੰਧੀ ਇੱਕ ਅਹਿਦ ਲੈਣ ਨਾਲ਼ ਸ਼ੁਰੂ ਹੋਇਆ। ਇਸ ਮੋਕੇ ਵਾਰਤਕ ਲੇਖਕ ਸੰਜੀਵ ਧਰਮਾਣੀ ਦੀ ਪੁਸਤਕ ‘ਮਹਿਕ‘ ਅਤੇ ਉਨ੍ਹਾਂ ਦੀ ਪਤਨੀ ਰਜਨੀ ਧਰਮਾਣੀ ਦੀ ਬਾਲ ਸਾਹਿਤ ਪੁਸਤਕ ‘ਪਾਪਾ ਦਾ ਫੋਨ‘ ਰਲੀਜ਼ ਕੀਤੀਆਂ ਗਈਆਂ ਅਤੇ ਲੇਖਕ ਜੋੜੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੀਆਂ ਮਹੱਤਵਪੂਰਨ ਸਕੀਮਾਂ ਸਬੰਧੀ ਇੱਥ ਕਿਤਾਬਚਾ ਵੀ ਰਲੀਜ਼ ਕੀਤਾ ਗਿਆ ਅਤੇ ਗੁਰਿੰਦਰ ਸਿੰਘ ਕਲਸੀ ਨੇ ਵਿਭਾਗ ਦੀਆਂ ਇਨ੍ਹਾਂ ਸਕੀਮਾਂ ਬਾਰੇ ਚਾਨਣਾ ਪਾਇਆ।

ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਮਾਂ ਬੋਲੀ ਦੀ ਵਰਤੋਂ ਸਬੰਧੀ ਚਰਚਿਤ ਸ਼ਾਇਰ ਸੁਰਜੀਤ ਸੁਮਨ ਦੇ ਗੀਤ ‘ਪੁੱਤ ਜਿਊਂਦਾ ਰਹਿ ਮੇਰੀ ਮਾਂ ਬੋਲੀ‘ ਨਾਲ਼ ਸ਼ੁਰੂਆਤ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਤੇ ਇੰਸਟਰਕਟਰ ਸੌਦਾਗਰ ਸਿੰਘ ਭਾਸ਼ਾ ਵਿਭਾਗ ਰੂਪਨਗਰ ਦੇ ਸਟੈਨੋਗ੍ਰਾਫੀ ਦੇ ਵਿਦਿਆਰਥੀ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦਾ ਅਥਾਹ ਗਿਆਨ ਤੇ ਸਮਾਜ ਤੋਂ ਅਥਾਹ ਸਨਮਾਨ ਪ੍ਰਾਪਤ ਹੋਇਆ। ਪ੍ਰਿੰਸੀਪਲ ਲਵਿਸ਼ ਕੁਮਾਰ ਨੇ ਬਹੁਤ ਹੀ ਭਾਵਪੂਰਤ ਗਜ਼ਲ ਸੁਣਾ ਕੇ ਖੂਬ ਰੰਗ ਬੰਨ੍ਹਿਆ। ਉੱਘੇ ਸ਼ਾਇਰ ਸੁਰਜੀਤ ਸਿੰਘ ਜੀਤ ਨੇ ਛੋਟੀ ਬਹਿਰ ਦੀਆਂ ਵੱਡੇ ਅਰਥ ਸਿਰਜਦੀਆਂ ਕਈ ਗਜ਼ਲਾਂ ਪੇਸ਼ ਕਰਕੇ ਸਰੋਤਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।

ਕਵਿੱਤਰੀ ਯਤਿੰਦਰ ਕੌਰ ਮਾਹਲ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਅਤੇ ਮਹੱਤਵ ਨੂੰ ਉਜਾਗਰ ਕਰਦਿਆਂ ਆਪਣੀ ਰਚਨਾ ਸੁਣਾਈ। ਇਸੇ ਤਰ੍ਹਾਂ ਪ੍ਰਿੰਸੀਪਲ ਸੁਰਜਨ ਸਿੰਘ ਹੋਰਾਂ ਵੀ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਇਸ ਸਮਾਗਮ ਵਿੱਚ ਚਰਚਿਤ ਲੇਖਿਕਾ ਮਨਦੀਪ ਰਿੰਪੀ, ਅਮਰਜੀਤ ਕੌਰ ਮੋਰਿੰਡਾ, ਪਰਨੀਤ ਕੌਰ, ਸੂਫੀ, ਗੁਰਨਾਮ ਸਿੰਘ ਬਿਜਲੀ, ਸੁਰੇਸ਼ ਭਿਓਰਾ, ਈਸ਼ਰ ਸਿੰਘ, ਗੁਰਿੰਦਰ ਸਿੰਘ ਕਲਸੀ, ਹਰਵਿੰਦਰ ਸਿੰਘ ਤੇ ਕਵੀ ਸਿੰਘ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਂ ਬੋਲੀ ਪੰਜਾਬੀ ਬਾਰੇ ਸੁਹਿਰਦ ਗੱਲਾਂ ਕੀਤੀਆਂ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ ਰੂਪਨਗਰ ਵੱਲੋਂ ਸੁਦਾਗਰ ਸਿੰਘ, ਸਵਰਨਜੀਤ ਕੌਰ, ਨਰਵਿੰਦਰ ਸਿੰਘ, ਕੁਲਵੰਤ ਸਿੰਘ, ਪਰਦੀਪ ਸਿੰਘ ਅਤੇ ਸਟੈਨੋਗ੍ਰਾਫੀ ਦੇ ਵਿਦਿਆਰਥੀਆਂ ਵੱਲੋਂ ਸੁਚੱਜਾ ਪ੍ਰਬੰਧ ਕੀਤਾ ਗਿਆ ਅਤੇ ਵਿਭਾਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

 

Leave a Reply

Your email address will not be published. Required fields are marked *