ਸਾਹਿਤ ਦੇ ਰੰਗ
ਵਕਤ ਦੀ ਤਲਵਾਰ/ ਡਾ. ਹਰਨੇਕ ਸਿੰਘ ਕਲੇਰ
ਅੱਜ
ਬੜਾ ਉਦਾਸ
ਫਲੈਟ ਦੀ ਖਿੜਕੀ ਵਿਚ ਖੜ੍ਹਾ
ਦੇਖ ਰਿਹਾ ਸੀ ਸੂਰਜ ਵੱਲ
ਪਤਨੀ ਨੇ ਮੋਢੇ ਤੇ ਹੱਥ ਰੱਖਿਆ
ਅੱਖਾਂ ਤਰ ਸਨ
ਉਹ ਮੁਸਕ੍ਰਾਈ
ਮੈਂ ਦੂਜੇ ਪਾਸੇ ਮੂੰਹ ਕਰ ਲਿਆ
ਇੰਝ ਹੀ ਹੁੰਦਾ ਸੀ
ਬਚਪਨ ਵਿਚ
ਮੈਂ ਸਭ ਨੂੰ ਆਖਦਾ ਸੀ
ਸੂਰਜ
ਸਾਡੇ ਘਰ ਦੇ


ਵਿਹੜੇ ਵਿਚ ਲੱਗੇ ਲਸੂੜੇ
ਪਿੱਛਿਓਂ ਚੜ੍ਹਦਾ
ਫਿਰ
ਨਾ ਬਚਪਨ ਰਿਹਾ
ਨਾ ਲਸੂੜਾ
ਨਾ ਪਿੰਡ
ਸਮਾਂ ਆਇਆ
ਮੈਂ
ਫਲੈਟ ਦੀ ਤਾਕੀ ਚੋਂ
ਆਉਦੀਆਂ ਕਿਰਨਾਂ ਨੂੰ ਤੱਕਦਾ
ਸੂਰਜ ਬਾਰੇ ਸੋਚਦਾ
ਘਰ ਦੇ ਵਿਹੜੇ ਚ
ਦਿਨ – ਦੀਵੀ ਪਸਰੇ
ਨੇਰ੍ਹੇ ਨੂੰ ਦੇਖ ਝੂਰਦਾ
ਹੁਣ
ਵਕਤ ਬਦਲ ਗਿਆ
ਅੱਖਾਂ ਵਿਚ ਪਾਣੀ ਹੈ
ਪਰ ਰੋ ਨਹੀਂ ਸਕਦਾ
ਬਸ
ਪਲਾਂ ਵਿਚ ਪਰਤ ਗਿਆ ਪਿੰਡ
ਜਾਪੇ ਬਚਪਨ ਮੁੜ ਆਇਆ
ਪ੍ਰਚਾਉਂਦੀ ਦਿਖੇ ਬੇਬੇ
ਮੈਂ ਗੋਦੀ ਚੜ੍ਹਿਆ
ਮੰਗ ਰਿਹਾ ਸੀ ਸੂਰਜ
ਤੂੰ
ਕੱਲ੍ਹ ਨੂੰ ਦੇਖੀਂ
ਸੂਰਜ ਆਪਣੀ ਖਿੜਕੀ ਆਊਂ
ਆਪਾਂ ਫੜ ਲੈਣਾ
ਬਸ
ਭੜੋਲੇ ਚ ਪਾ ਲੈਣਾ
ਫੇਰ ਕਿਸੇ ਨੂੰ ਨੀ ਦੇਣਾ
ਤੂੰ ਹੀ ਖੇਡੀਂ
ਮੈਂ ਖਿੜ੍ਹ ਖਿੜ੍ਹਾ ਕੇ ਹੱਸਦਾ
ਫਿਰ
ਤਾਕੀ ਝੱਖੜ੍ਹ- ਹਨੇਰੀ ਨਾਲ
ਠਾਹ ਬੰਦ ਹੋ ਗਈ
ਤਾਂ
ਸੁਰਤ ਪਰਤੀ
ਦੇਖਿਆ
ਬੇਬੇ ਦੀ ਫ਼ੋਟੋ ਆਖ ਰਹੀ ਸੀ
ਪੁੱਤਰ
ਤੁਸੀਂ ਧਿਆਨ ਨਹੀਂ ਰੱਖਿਆ
ਸੂਰਜ ਦਾ
ਭੜੋਲੇ ਤਾਂ ਪਿੰਡ ਈ ਛੱਡ ਆਏ।
ਡਾ. ਹਰਨੇਕ ਸਿੰਘ ਕਲੇਰ

