ਚੰਡੀਗੜ੍ਹ 1 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ‘ਚ ਵਸਦੇ ਪਿੰਡ ਸਿਸਵਾਂ ਵਿਖੇ ਸਥਿਤ ਪਵਿੱਤਰ ਲਾਲ ਭੈਰੋਂ ਮੰਦਰ ਵਿੱਚ ਸਲਾਨਾ ਮੇਲੇ ਦਾ ਆਯੋਜਨ ਵੱਡੀ ਧੂਮਧਾਮ ਅਤੇ ਸ਼ਰਧਾ ਨਾਲ ਕੀਤਾ ਗਿਆ। ਇਸ ਧਾਰਮਿਕ ਮੌਕੇ ‘ਤੇ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।


ਮੇਲੇ ਦੌਰਾਨ ਮੰਦਰ ਵਿੱਚ ਵੱਖ-ਵੱਖ ਧਾਰਮਿਕ ਕਾਰਜ, ਜਪ-ਤਪ ਅਤੇ ਭੰਡਾਰੇ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਵਿਸ਼ੇਸ਼ ਤੌਰ ‘ਤੇ ਲਾਲ ਭੈਰੋਂ ਮੰਦਰ ਪਹੁੰਚ ਕੇ ਮੱਥਾ ਟੇਕਿਆ ਅਤੇ ਇਸ ਧਾਰਮਿਕ ਸਮਾਗਮ ਵਿੱਚ ਭਾਗ ਲਿਆ।
ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪਿੰਡ ਸਿਸਵਾਂ ਦੇ ਲਾਲ ਭੈਰੋਂ ਮੰਦਰ ਵਿੱਚ ਹਰ ਸਾਲ ਲੱਗਣ ਵਾਲਾ ਇਹ ਮੇਲਾ ਸਾਡੀ ਸੰਸਕ੍ਰਿਤੀ, ਸੱਭਿਆਚਾਰ ਅਤੇ ਧਾਰਮਿਕ ਵਿਸ਼ਵਾਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਇਨ੍ਹਾਂ ਸਮਾਗਮਾਂ ਰਾਹੀਂ ਜਿੱਥੇ ਲੋਕ ਆਤਮਿਕ ਤੌਰ ‘ਤੇ ਜੁੜਦੇ ਹਨ, ਓਥੇ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਨੂੰ ਵੀ ਹੋਰ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਥੇ ਆ ਕੇ ਬਹੁਤ ਆਤਮਿਕ ਸ਼ਾਂਤੀ ਮਹਿਸੂਸ ਹੋਈ। ਉਨ੍ਹਾਂ ਮੰਦਰ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ ਕਿ ਮੇਲਾ ਸੁਚਾਰੂ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਪੰਚ ਕੁਲਵੰਤ ਗਿਰ, ਰਜਿੰਦਰ ਸਿੰਘ, ਦਿਲਬਾਗ ਗਿਰ, ਲਖਵੀਰ ਸ਼ਰਮਾ, ਸੁਰਜੀਤ ਸਿੰਘ, ਰਕੇਸ਼ ਕੁਮਾਰ ਅਤੇ ਅਮਰ ਗਿਰੀ ਵੀ ਹਾਜ਼ਰ ਸਨ।

