ਸਾਇੰਸ ਸਿਟੀ ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੂਨ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਯੋਗਾ ਦਿਵਸ ‘ਤੇ ਆਤਮਿਕ ਸ਼ਾਂਤੀ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਦੇ ਆਸ਼ੇ ਨਾਲ ਇਕ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਯੋਗ ਅਭਿਆਸੀ ਕਰਨਲ ਸੇਵਾ ਸਿੰਘ ਮਾਹਿਰ ਵਜੋਂ ਹਾਜ਼ਰ ਹੋਏ। ਯੋਗਾ ਦਿਵਸ ਮਨਾਉਣ ਦਾ ਇਸ ਵਾਰ ਦਾ ਸਿਰਲੇਖ “ਇਕੋ ਧਰਤੀ ਤੇ ਇਕੋ ਸਿਹਤ” ਧਰਤੀ ਅਤੇ ਸਾਡੀ ਨਿੱਜੀ ਤੰਦਰੁਸਤੀ ਦੇ ਸਬੰਧਾਂ ਨੂੰ ਉਜਾਗਰ ਕਰਦਾ ਹੈ। ਇਸ ਵਾਰ ਦਾ ਥੀਮ ਇਸ ਗੱਲ ‘ਤੇ ਵੀ ਚਾਨਣਾ ਪਾਉਂਦਾ ਹੈ ਕਿ ਯੋਗਾ ਕਿਵੇਂ ਨਾ ਸਿਰਫ਼ ਇਕ ਵਿਅਕਤੀ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖਦਾ ਹੈ ਸਗੋਂ ਕੁਦਰਤ ਨਾਲ ਇਕਸੁਰ ਹੋਣ ਦੇ ਸਥਾਈ ਤੇ ਸੁਚੇਤ ਢੰਗ ਤਰੀਕਿਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ।


ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੰਪੂਰਨ ਪਹੁੰਚ ਦਾ ਗਿਆਨ ਹਾਸਲ ਕਰਨਾ ਹੈ, ਜਿਸ ਨਾਲ ਇਕੋ ਸਮੇਂ ਸਾਡਾ ਤਨ, ਮਨ ਅਤੇ ਆਤਮਾ ਤੰਦਰੁਸਤ ਤੇ ਸ਼ਾਂਤ ਹੋਵੇ। ਇਸ ਮੌਕੇ ਯੋਗ ਆਸਣ ਸਿਖਾਉਂਦੇ ਹੋਏ ਕਰਨਲ ਸੇਵਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਤਿੰਨ ਮਿੰਟ ਦਾ ਯੋਗ ਅਭਿਆਸ ਖੁਸ਼ਹਾਲ ਤੇ ਤਣਾਅ-ਮੁਕਤ ਜੀਵਨ ਸ਼ੈਲੀ ਵਿਚ ਵੱਡਮੁੱਲਾ ਯੋਗਦਾਨ ਪਾ ਸਕਦਾ ਹੈ। ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਨੇ ਕਾਰਜਸ਼ਾਲਾ ਵਿਚ ਹਾਜ਼ਰ ਆਲੇ-ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਵਿਚ ਕਾਹਲ ਅਤੇ ਬਹੁਤ ਤੇਜ਼ੀ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਯੋਗ ਆਸਣ ਜਿੱਥੇ ਤਣਾਅ ਘਟਾਉਂਂਦੇ ਹਨ, ਉੱਥੇ ਹੀ ਮਨਾਸਿਕ ਅਤੇ ਸਰੀਰਕ ਤੁੰਦਰੁਸਤੀ ਲਈ ਵੀ ਕਾਰਗਰ ਹਨ। ਜਿਵੇਂ ਕਿ ਬਹੁਤ ਸਾਰੀਆਂ ਸਰੀਰਕ ਕਸਰਤਾਂ ਨਾਲ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਲਚਕਤਾ ਵੱਧਦੀ ਹੈ।
ਉਨ੍ਹਾਂ ਕਿਹਾ ਕਿ ਯੋਗ ਆਸਣ ਬਹੁਤ ਅਸਾਨ ਹਨ ਅਤੇ ਹਰੇਕ ਉਮਰ ਵਰਗ ਦਾ ਵਿਅਕਤੀ ਅਸਾਨੀ ਨਾਲ ਕਰ ਸਕਦਾ ਹੈ। ਡਾ.ਗਰੋਵਰ ਨੇ ਇਸ ਗੱਲ ‘ਤੇ ਵੀ ਬਲ ਦਿੱਤਾ ਕਿ ਅਜਿਹੇ ਸੈਸ਼ਨ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ ਸਗੋਂ ਅੰਦਰੂਨੀ ਸ਼ਾਤੀ ਅਤੇ ਸਵੈ-ਅਨੁਸ਼ਾਸ਼ਨ ਲਈ ਮਦਦਗਾਰ ਹਨ। ਇਸ ਮੌਕੇ ਯੋਗ ਅਭਿਆਸ ਕਰਨ ਆਏ ਵੱਖ—ਵੱਖ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਵਿਗਿਆਨੀ-ਡੀ. ਡਾ. ਮੁਨੀਸ਼ ਸੋਇਨ ਨੇ ਕਿਹਾ ਕਿ ਯੋਗਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲ ਚੁੱਕੀ ਹੈ ਅਤੇ ਹੁਣ ਸਕੂਲਾਂ, ਕੰਮਕਾਜ ਦੇ ਸਥਾਨਾਂ ਅਤੇ ਹੋਰ ਸਥਾਨਾਂ ‘ਤੇ ਯੋਗ ਆਸਆਂ ਨੂੰ ਅਪਣਾ ਕੇ ਇਹਨਾਂ ਦਾ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿ “ਫ਼ਿਟ ਇੰਡੀਆ ਲਹਿਰ” ਦੇ ਟੀਚੇ ਰੋਜ਼ਾਨਾ ਯੋਗ ਆਸਣ ਕੀਤੇ ਬਿਨ੍ਹਾਂ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਿਹਤਮੰਦ ਤੇ ਸੰਤੁਲਿਤ ਜੀਵਨ ਸ਼ੈਲੀ ਵਿਚ ਇਹਨਾਂ ਦੀ ਅਹਿਮ ਭੂਮਿਕਾ ਹੈ। ਇਸ ਸੈਸ਼ਨ ਦੌਰਾਨ ਹਾਜ਼ਰ ਲੋਕਾਂ ਨੂੰ ਤਿੰਨ ਮਿੰਟ ਦੇ ਬੁਨਿਆਦੀ ਯੋਗ ਆਭਿਆਸਾਂ ਅਤੇ ਧਿਆਨ ਤਕਨੀਕਾਂ ਦਾ ਵਿਵਾਹਰਕ ਅਨੁਭਵ ਪ੍ਰਦਾਨ ਕੀਤਾ ਗਿਆ।

