ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੁਲਾਈ:


ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਦੁਰਗਾ ਬਾਲ ਵਿਦਿਆ ਮੰਦਰ ਡਾਲਿਮਾ ਵਿਹਾਰ, ਰਾਜਪੁਰਾ ਵਿਖੇ ਮਹੀਨਾਵਾਰ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਲੇਖਕ ਤੇ ਅਲੋਚਕ ਡਾ. ਹਰਜੀਤ ਸਿੰਘ ਸੱਧਰ ਵੱਲੋਂ ਕੀਤੀ ਗਈ। ਸਫਰਨਾਮਾ ਲੇਖਕ ਸੁੱਚਾ ਸਿੰਘ ਗੰਡਾ ਅਤੇ ਬਹੁਪੱਖੀ ਲੇਖਕ ਨਰਿੰਜਨ ਸਿੰਘ ਸੈਲਾਨੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਮਿਲਣੀ ਦਾ ਆਗਾਜ਼ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ ਵੱਲੋਂ ਖੂਬਸੂਰਤ ਕਵਿਤਾ ਸਰਬੱਤ ਦਾ ਭਲਾ ਮੰਗਣਾ ਤੇ ਕੁਦਰਤ ਦੀ ਬਾਤ ਸੁਣਾ ਕੇ ਕੀਤਾ ਗਿਆ। ਇਸੇ ਤਰਾਂ ਮੁਨੀਸ਼ ਤੂਰ ਵਲੋਂ ਕਵਿਤਾ ਭੁੱਖੇ ਪੇਟ ਸ਼ਿੰਗਾਰੀ ਦੁਨੀਆਂ, ਸ਼ਾਮ ਸੁੰਦਰ ਵਲੋਂ ਕਹਾਣੀ ਟਾਇਮ ਪਾਸ ਨੇ ਮਹੌਲ ਬੰਨ੍ਹ ਦਿਤਾ।
ਇਸ ਮੌਕੇ ਕੁਲਵੰਤ ਸਿੰਘ ਜੱਸਲ ਵੱਲੋਂ ਤਿੰਨ ਚੀਜ਼ਾਂ ਨੂੰ ਬਚਾ ਲੋ ਨੂੰ ਤਰੰਨਮ ‘ਚ ਪੇਸ਼ ਕੀਤਾ। ਅਲੀ ਰਾਜਪੁਰਾ ਵੱਲੋਂ ਸੁਣਾਈ ਰਚਨਾ ਬਾਪੂ ਤੇਰਾ ਤੁਰ ਜਾਣਾ ਨੇ ਮਹੌਲ ਗਮਗੀਨ ਕਰ ਦਿਤਾ। ਪ੍ਰਸਿੱਧ ਕਾਲਮਨਵੀਸ ਕੁਲਦੀਪ ਸਿੰਘ ਸਾਹਿਲ ਵੱਲੋਂ ਦੱਸੀਂ ਬਾਬਲ ਦੋਸ਼ ਕੀ ਮੇਰਾ ਨਾਲ਼ ਹਾਜ਼ਰੀ ਲਗਵਾਈ ਗਈ। ਅਵਤਾਰ ਸਿੰਘ ਪੁਆਰ ਵਲੋਂ ਮੌਸਮ ਖੁਸ਼ਗਵਾਰ ਹੋਇਆ, ਨਿਰੰਜਣ ਸਿੰਘ ਵੱਲੋਂ ਉਡਦੇ ਪੰਛੀ, ਸੁੱਚਾ ਸਿੰਘ ਵੱਲੋਂ ਵਾਰਤਕ, ਡਾਕਟਰ ਹਰਜੀਤ ਸਿੰਘ ਸੱਧਰ ਵੱਲੋਂ ਪੰਜਾਬੀ ਟੱਪੇ ਸੁਣਾ ਕੇ ਮਹੌਲ ਸੰਗੀਤਮਈ ਕਰ ਦਿਤਾ। ਇਨ੍ਹਾਂ ਤੋਂ ਇਲਾਵਾ ਸੁਖਵਿੰਦਰ ਬਾਜਵਾ, ਭਿੰਦਰ ਸਿੰਘ ਖਡੌਲੀ ਤੇ ਦਿਲਸੈਨ ਨੇ ਵੀ ਆਪੋ-ਆਪਣੀਾਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ। ਡਾਕਟਰ ਹਰਜੀਤ ਸਿੰਘ ਸੱਧਰ ਨੇ ਪ੍ਰਧਾਨਗੀ ਭਾਸ਼ਣ ਤੋਂ ਬਿਨਾਂ ਪਹੁੰਚੇ ਲੇਖਕਾਂ ਦੀਆਂ ਰਚਨਾਵਾਂ ਦੀ ਪੜਚੋਲ ਕਰਨ ਉਪਰੰਤ ਆਪਣੇ ਵੱਡਮੁੱਲੇ ਸੁਝਾਅ ਦਿਤੇ। ਅਖੀਰ ਵਿੱਚ ਕਾਲਮਨਵੀਸ ਕੁਲਦੀਪ ਸਿੰਘ ਸਾਹਿਲ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਸਾਹਿਤਕਾਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

