ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੁਲਾਈ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦਫਤਰ ਵਿਖੇ ਪ੍ਰਸਿੱਧ ਸਾਹਿਤਕਾਰ ਅਤੇ ਕਵਿਤਰੀ ਸ੍ਰੀਮਤੀ ਨਰਿੰਦਰ ਕੌਰ ਲੌਂਗੀਆ ਨੂੰ ਦਫਤਰ ਪੁੱਜਣ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਕੈਨੇਡਾ ਫੇਰੀ ਲਈ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਡੈਲੀਗੇਟ ਪੱਤਰ ਪ੍ਰਦਾਨ ਕੀਤਾ ਗਿਆ।ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਸ੍ਰੀਮਤੀ ਨਰਿੰਦਰ ਕੌਰ ਲੌਂਗੀਆ ਅਤੇ ਸਰਦਾਰ ਨਰਿੰਦਰ ਸਿੰਘ ਦੌੜਕਾ ਦੇ ਦਫਤਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਜੀ ਆਇਆਂ ਨੂੰ ਆਖਿਆ ਗਿਆ। ਉਹਨਾਂ ਦੱਸਿਆ ਕਿ ਸ੍ਰੀਮਤੀ ਲੌਂਗੀਆ ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ ਅਤੇ ਕਵਿੱਤਰੀ ਹਨ, ਜਿਹਨਾਂ ਦੀਆਂ ਪੰਜਾਬੀ ਕਵਿਤਾਵਾਂ ਸਾਹਿਤਕ ਸਭਾਵਾਂ ਵਿੱਚ ਬਹੁਤ ਹੀ ਚਾਅ ਨਾਲ ਸੁਣੀਆਂ ਜਾਂਦੀਆਂ ਹਨ। ਹੁਣ ਉਹ ਆਪਣੇ ਨਿੱਜੀ ਦੌਰੇ ‘ਤੇ ਕੈਨੇਡਾ ਜਾ ਰਹੇ ਹਨ ਅਤੇ ਉਹਨਾਂ ਨੂੰ ਪੰਜਾਬੀ ਦੇ ਪ੍ਰਚਾਰ ਲਈ ਡੈਲੀਗੇਟ ਸ਼ਕਤੀਆਂ ਵਾਲਾ ਪੱਤਰ ਪ੍ਰਦਾਨ ਕੀਤਾ ਗਿਆ ਹੈ।


ਇਸ ਮੌਕੇ ਸੰਸਥਾ ਦੇ ਅਹੁਦੇਦਾਰ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ ਵਲੋਂ ਸ੍ਰੀਮਤੀ ਲੌਂਗੀਆ ਨੂੰ ਸ਼ਾਲ, ਪੁਸਤਕਾਂ ਦਾ ਸੈੱਟ, ਫੁੱਲਾਂ ਦੇ ਹਾਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਕੈਨੇਡਾ ਵਿੱਚ ਪੰਜਾਬੀ ਲਈ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਅਪੀਲ ਵੀ ਕੀਤੀ ਗਈ। ਉਹਨਾਂ ਨੂੰ ਕੈਨੇਡਾ ਵਿੱਚ ਰਹਿੰਦੇ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਕਵੀਆਂ ਨਾਲ ਵਾਰਤਾਲਾਪ ਕਰਕੇ ਪੰਜਾਬੀ ਦੇ ਪ੍ਰਚਾਰ ਲਈ ਕੰਮ ਕਰਨ ਲਈ ਕਿਹਾ। ਪ੍ਰਿੰਸੀਪਲ ਗੋਸਲ ਨੇ ਮੈਡਮ ਲੌਂਗੀਆ ਨੂੰ ਕੈਨੇਡਾ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਅਤੇ ਪੰਜਾਬੀ ਬਾਲ ਪੁਸਤਕਾਂ ਨਾਲ ਜੋੜਨ ਦੀ ਅਪੀਲ ਵੀ ਕੀਤੀ। ਜਿਹੜੀਆਂ ਪੁਸਤਕਾਂ ਮੈਡਮ ਲੌਂਗੀਆ ਨੂੰ ਦਿੱਤੀਆਂ ਗਈਆਂ, ਉਹਨਾਂ ਵਿੱਚ ਪ੍ਰਿੰ. ਗੋਸਲ ਰਚਿਤ ਪੁਸਤਕਾਂ ”ਦੋ ਤੇਰੀਆਂ ਦੋ ਮੇਰੀਆਂ”, ‘‘ਮੇਰਾ ਅਧਿਆਪਨ ਸਫਰ”, ‘‘ਸਬਰ ਸੰਤੋਖ ਦਾ ਫਲ”, ‘‘ਮਾਂ ਦਾ ਪਿਆਰ”, ‘‘ਚੰਨ ਤੇ ਮਹਿਲ”, ‘‘ਮੇਰੀਆਂ ਸੇ੍ਸ਼ਟ ਬਾਲ ਕਵਿਤਾਵਾਂ” ਆਦਿ ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਦੌੜਕਾ, ਮਹਿੰਦਰ ਸਿੰਘ ਬਡਹੇੜੀ, ਸੰਜੇ ਕੁਮਾਰ, ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਮੈਡਮ ਲੌਂਗੀਆ ਨੇ ਇਸ ਸਨਮਾਨ ਲਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਕੈਨੇਡਾ ਵਿੱਚ ਪੰਜਾਬੀ ਦੇ ਪ੍ਰਸਾਰ ਲਈ ਵੱਧ ਤੋਂ ਵੱਧ ਯਤਨ ਕਰਨਗੇ ਅਤੇ ਗੋਸਲ ਰਚਿਤ ਬਾਲ ਪੁਸਤਕਾਂ ਬੱਚਿਆਂ ਵਿੱਚ ਪੰਜਾਬੀ ਪਿਆਰ ਲਈ ਤਕਸੀਮ ਕਰਨਗੇ ਅਤੇ ਵੱਧ ਤੋਂ ਵੱਧ ਸਾਹਿਤਕਾਰਾਂ ਨਾਲ ਮੁਲਾਕਾਤ ਵੀ ਕਰਨਗੇ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸ੍ਰੀਮਤੀ ਨਰਿੰਦਰ ਕੌਰ ਲੌਗੀਆ ਨੂੰ ਸਨਮਾਨਿਤ ਕਰਕੇ ਡੈਲੀਗੇਟ ਪੱਤਰ ਪ੍ਰਦਾਨ ਕਰਦੇ ਹੋਏ। ਨਾਲ ਖੜ੍ਹੇ ਹਨ ਜਗਤਾਰ ਸਿੰਘ ਜੋਗ, ਨਰਿੰਦਰ ਸਿੰਘ ਦੌੜਕਾ ਅਤੇ ਬਲਵਿੰਦਰ ਸਿੰਘ।

