ਚੰਡੀਗੜ੍ਹ 5 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੀ ਪਹਿਲਵਾਨ ਤੇ ਅਖਾੜਾ ਸੰਚਾਲਕ ਵਿਨੋਦ ਕੁਮਾਰ ਸ਼ਰਮਾ ਗੋਲੂ ਪਹਿਲਵਾਨ ਦੀ ਹੋਣਹਾਰ ਬੇਟੀ ਪੂਰਵੀ ਸ਼ਰਮਾ ਪਹਿਲੀ ਵਾਰ ਵਿਦੇਸ਼ ਦੀ ਧਰਤੀ ਵਿਸ਼ਕੇਕ ਕਿਰਗਿਜ਼ਸਤਾਨ ਵਿਖੇ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਗਈ ਹੈ। ਸਮਾਜ ਸੇਵੀ, ਖੇਡ ਪ੍ਰਮੋਟਰ ਤੇ ਦਾਸ ਐਸੋਸੀਏਟ ਦੇ ਸੰਚਾਲਕ ਅਤੇ ਪੂਰਵੀ ਦੇ ਚਾਚਾ ਰਵੀ ਸ਼ਰਮਾ ਨੇ ਦੱਸਿਆ ਕਿ ਪੂਰਵੀ ਸ਼ਰਮਾ ਇੰਟਰਨੈਸ਼ਨਲ ਕੋਚ ਜੋਗਿੰਦਰ ਸਿੰਘ ਅਤੇ ਰੈਫਰੀ ਸ਼ਿਵਾਜੀ ਗਰੇਵਾਲ ਦੀ ਅਗਵਾਈ ਹੇਠ ਪਹਿਲੀ ਵਾਰ ਅੰਡਰ 15 ਤੇ 66 ਕਿਲੋ ਵਰਗ ਦੇ ਮੁਕਾਬਲੇ ਵਿੱਚ ਭਾਗ ਲੈਣ ਲਈ ਕਿਰਗਿਜ਼ਸਤਾਨ ਲਈ ਭਾਰਤੀ ਟੀਮ ਸਮੇਤ ਰਵਾਨਾ ਹੋਈ ਹੈ, ਜਿੱਥੇ ਵਿਸ਼ਕੇਕ ਵਿਖੇ 5 ਤੋਂ 13 ਜੁਲਾਈ ਤੱਕ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਪੂਰਵੀ ਬੀਤੇ ਦਿਨੀ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਆਈ ਸੀ ਤੇ ਇਸ ਵਾਰ ਵੀ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਪੂਰਵੀ ਨੂੰ ਪਰਿਵਾਰ ਸਮੇਤ ਅਖਾੜਾ ਤੇ ਸਕੂਲ ਸਮੂਹ ਸਟਾਫ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਗੋਲੂ ਪਹਿਲਵਾਨ ਨੇ ਕਿਹਾ ਕਿ ਇਲਾਕੇ ਵਿੱਚ ਪੂਰਵੀ ਨੂੰ ਸਭਨਾਂ ਦੀਆ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ ਤੇ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਲੋਕ ਵਧਾਈਆਂ ਦੇ ਰਹੇ ਹਨ। ਰਵੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਪੂਰਵੀ ਪਹਿਲਵਾਨ ਫਿਰ ਸਾਡਾ ਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ।

