ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ:
ਪੰਜਾਬ ਦੀ ਵਜ਼ਾਰਤ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨਾਲ ਮੁੱਖ ਸਕੱਤਰ, ਪੰਜਾਬ ਦੀ ਬਜਾਏ ਵਧੀਕ ਮੁੱਖ ਸਕੱਤਰ, ਮਾਲ ਵਿਭਾਗ ਵੱਲੋਂ ਆਪਣੇ ਵਿਭਾਗ ਦੇ ਕਰਮਚਾਰੀ ਉਮੇਸ਼ ਕੁਮਾਰ ਨੂੰ ਬਤੌਰ ਪੀਏ ਤੈਨਾਤ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਤੋਂ ਸਕੱਤਰੇਤ ਬਣਿਆ ਹੈ, ਹਮੇਸ਼ਾ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਪ੍ਰਵਾਨਿਤ ਆਸਾਮੀਆਂ ਵਿਰੁੱਧ ਤੈਨਾਤੀਆਂ ਕੀਤੀਆਂ ਜਾਂਦੀਆਂ ਹਨ। ਸਕੱਤਰੇਤ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਸਕੱਤਰ, ਪੰਜਾਬ ਨੂੰ ਅੱਖੋਂ-ਪਰੋਖੇ ਕਰਕੇ ਵਧੀਕ ਮੁੱਖ ਸਕੱਤਰ, ਮਾਲ ਵੱਲੋਂ ਆਪਣੇ ਵਿਭਾਗ ਦਾ ਕਰਮਚਾਰੀ ਉਸ ਵਿਭਾਗ ਦੇ ਮੰਤਰੀ ਨਾਲ ਲਗਾਇਆ ਗਿਆ ਹੋਵੇ, ਜਿਸ ਨਾਲ ਉਸ ਵਿਭਾਗ ਦਾ ਕੋਈ ਸਬੰਧ ਵੀ ਨਹੀਂ ਜੁੜਦਾ।


ਉਹਨਾਂ ਦੱਸਿਆ ਕਿ ਨਾਰਮ ਮੁਤਾਬਿਕ ਇੱਕ ਮੰਤਰੀ ਨਾਲ ਇੱਕ ਨਿੱਜੀ ਸਕੱਤਰ, ਇੱਕ ਨਿੱਜੀ ਸਹਾਇਕ, ਇੱਕ ਸਟੈਨੋ, ਦੋ ਕਲਰਕ ਅਤੇ ਦੋ ਸੇਵਾਦਾਰ ਦੀਆਂ ਅਸਾਮੀਆਂ ਮੰਨਜੂਰਸ਼ੁਦਾ ਹਨ, ਜਿਹਨਾਂ ਵਿਰੁੱਧ ਤੈਨਾਤੀਆਂ, ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੁੱਖ ਸਕੱਤਰ, ਪੰਜਾਬ ਦੀ ਪ੍ਰਵਾਨਗੀ ਨਾਲ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਕੋਈ ਮੰਤਰੀ ਚਾਹੇ ਤਾਂ ਉਹ ਵਿਭਾਗ ਦੇ ਕਿਸੇ ਕਰਮਚਾਰੀ ਦੀਆਂ ਸੇਵਾਵਾਂ ਵਾਧੂ ਤੌਰ ‘ਤੇ ਲੈ ਸਕਦਾ ਹੈ ਪ੍ਰੰਤੂ ਕੋਈ ਬਾਹਰੀ ਵਿਭਾਗ ਵੱਲੋਂ ਸਿੱਧੀ ਤੈਨਾਤੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਮਾਲ ਤੇ ਪੁਨਰਵਾਸ ਵਿਭਾਗ ਵੀ ਸਕੱਤਰੇਤ ਵਿੱਚ ਹੀ ਬੈਠਦਾ ਹੈ ਅਤੇ ਕਰਮਚਾਰੀਆਂ ਦੀਆਂ ਆਪਸੀ ਸਾਂਝਾਂ ਵੀ ਬਣੀਆਂ ਹੋਈਆਂ ਹਨ। ਕਈ ਆਈ.ਏ.ਐਸ. ਅਧਿਕਾਰੀ ਅਦਲਾ-ਬਦਲੀ ਰਾਹੀਂ ਮਾਲ ਵਿਭਾਗ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲੈਂਦੇ ਹਨ ਅਤੇ ਬਦਲੇ ਵਿੱਚ ਆਮ ਰਾਜ ਪ੍ਰਬੰਧ ਵਿਭਾਗ ਦੇ ਕਰਮਚਾਰੀ ਵੀ ਮਾਲ ਵਿਭਾਗ ਵਿੱਚ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਹ ਸਾਰਾ ਕੁੱਝ ਇੱਕ ਵਿਭਾਗ ਤੋਂ ਦੂਜੇ ਵਿਭਾਗ ਵਿੱਚ ਸੇਵਾਵਾਂ ਸਪੁਰਦ ਕਰਨ ਨਾਲ ਸੰਭਵ ਹੁੰਦਾ ਹੈ ਅਤੇ ਪੋਸਟਿੰਗ ਉਸ ਵਿਭਾਗ ਵੱਲੋਂ ਹੀ ਕੀਤੀ ਜਾਂਦੀ ਹੈ, ਜਿੱਥੇ ਸੇਵਾਵਾਂ ਲੋੜੀਂਦੀਆਂ ਹੋਣ। ਇਸ ਤੋਂ ਇਲਾਵਾ ਇਹ ਅਦਲਾ-ਬਦਲੀ ਰਾਹੀਂ ਪੋਸਟਿੰਗਾਂ ਅਧਿਕਾਰੀਆਂ ਤੱਕ ਹੀ ਸੀਮਿਤ ਹਨ, ਮੰਤਰੀਆਂ ਨਾਲ ਪ੍ਰਵਾਨਿਤ ਅਸਾਮੀਆਂ ‘ਤੇ ਕਿਸੇ ਵਿਭਾਗ ਦਾ ਕਰਮਚਾਰੀ ਨਹੀਂ ਲਗਾਇਆ ਜਾ ਸਕਦਾ। ਫਿਰ ਵੀ ਜੇਕਰ ਕੋਈ ਵਿਭਾਗ ਅਜਿਹਾ ਕਰੇ ਤਾਂ ਉਹ ਸਰਾਸਰ ਨਿਯਮਾਂ ਦੀ ਉਲੰਘਣਾ ਹੋਵੇਗੀ। ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਸਰਕਾਰ ਕੋਲ ਗੁਹਾਰ ਲਗਾਈ ਗਈ ਹੈ ਕਿ ਇਸ ਨਿਯੁਕਤੀ ਨੂੰ ਰੱਦ ਕਰਕੇ ਇਸ ਰੁਝਾਨ ਨੂੰ ਇੱਥੇ ਹੀ ਠੱਪ ਕੀਤਾ ਜਾਵੇ, ਕਿਉਂਕਿ ਇਸ ਨਾਲ ਵੱਖ-ਵੱਖ ਵਿਭਾਗਾਂ ਵੱਲੋਂ ਮੰਤਰੀਆਂ ਨਾਲ ਕਰਮਚਾਰੀ ਤੈਨਾਤ ਕਰਨ ਦੀ ਪ੍ਰਥਾ ਸ਼ੁਰੂ ਹੋਵੇਗੀ ਅਤੇ ਆਮ ਰਾਜ ਪ੍ਰਬੰਧ ਵਿਭਾਗ ਅਧੀਨ ਸਕੱਤਰੇਤ ਦੇ ਨਿੱਜੀ ਅਮਲਾ ਕਾਡਰ ਦੇ ਕਰਮਚਾਰੀਆਂ ਦਾ ਨੁਕਸਾਨ ਹੋਵੇਗਾ।
ਮਲਕੀਅਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ), ਚੰਡੀਗੜ – ਮੋ. 9914992424

