ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ:


ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂਂ, ਗੋਲਡ ਮੈਡਲਿਸਟ ਡਾ. ਹਰਪ੍ਰੀਤ ਸਿੰਘ, ਪ੍ਰਿੰ. ਸ਼ੇਰ ਸਿੰਘ, ਸਭਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਤੇ ਡਾ. ਰੁਪਿੰਦਰ ਕੌਰ ਸ਼ਾਮਿਲ ਹੋਏ। ਡਾਕਟਰ ਜੱਸੀ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਾ ਦੀਆਂ ਪ੍ਰਾਪਤੀਆਂ ਅਤੇ ਪ੍ਰੋਗਰਾਮ ਬਾਰੇ ਬੜੇ ਸਲੀਕੇ ਨਾਲ ਜਾਣਕਾਰੀ ਦਿੱਤੀ। ਪਹਿਲੇ ਸਵਰਗ ਕਾਵਿ-ਮਹਿਫ਼ਿਲ ਵਿੱਚ ਮੰਦਰ ਗਿੱਲ ਨੇ ਗੀਤ ਪੇਸ਼ ਕਰਕੇ ਪਿੜ ਬੰਨ੍ਹਿਆ। ਤਰਸੇਮ ਸਿੰਘ ਕਾਲੇਵਾਲ ਨੇ ਸੰਗੀਤਮਈ ਰਚਨਾ ਸੁਣਾਈ। ਬਲਵਿੰਦਰ ਢਿੱਲੋ ਨੇ ਹੀਰ ਦਾ ਕਾਵਿ ਦ੍ਰਿਸ਼, ਮਲਕੀਤ ਨਾਗਰਾ ਨੇ ਬਾਬੂ ਰਜਬ ਅਲੀ ਦਾ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਿਰਤਾਂਤ ਸੁਣਾ ਕੇ ਰੰਗ ਬੰਨ੍ਹ ਦਿੱਤਾ। ਡਾ.ਸੁਨੀਤਾ ਰਾਣੀ ਨੇ ਔਰਤ ਦੀ ਸ਼ਕਤੀ ਬਾਰੇ, ਡਾ. ਰੁਪਿੰਦਰ ਕੌਰ ਨੇ ਰੁਮਾਂਟਿਕ ਕਵਿਤਾ, ਦਲਵੀਰ ਸਰੋਆ ਨੇ ਗ਼ਜ਼ਲ ਤਰੰਨਮ ‘ਚ ਪੇਸ਼ ਕੀਤੀ। ਨਵੇਂ ਮੈਂਬਰ ਕੇਸਰ ਸਿੰਘ ਨੇ ਗੀਤ ਰਾਹੀਂ ਅਤੇ ਖੁਸ਼ੀ ਰਾਮ ਨਿਮਾਣਾ ਨੇ ਖ਼ੂਬ ਅਦਾਕਾਰੀ ਕੀਤੀ। ਇਸ ਤੋਂ ਬਿਨਾਂ ਹਰਸ਼ਦੀਪ ਸਿੰਘ, ਬਲਜੀਤ ਸਿੰਘ ਖ਼ਾਲਸਾ, ਸੁਖਦੀਪ ਸਿੰਘ ਨਿਆਂ ਸ਼ਹਿਰ, ਸਿਮਰਨਜੀਤ ਸਿੰਘ ਮੈਣ ਮਾਜਰੀ, ਮੁਸਕਾਨ ਇੰਦਰ ਕੌਰ, ਡਾ.ਜਤਿੰਦਰ ਅਰੋੜਾ, ਪ੍ਰਿੰ. ਸ਼ੇਰ ਸਿੰਘ ਨੇ ਰਚਨਾਵਾਂ ਦੀ ਸ਼ਲਾਘਾ ਕੀਤੀ।
ਦੂਸਰੇ ਸਵਰਗ ਵਿੱਚ ਗੁਰਮਤਿ ਸੰਗੀਤ ਦੇ ਮਾਹਿਰ ਗੋਲਡ ਮੈਡਲਿਸਟ ਡਾ. ਹਰਪ੍ਰੀਤ ਸਿੰਘ ਸਰੋਤਿਆਂ ਦੇ ਰੂਬਰੂ ਹੋਏ। ਉਹਨਾਂ ਆਪਣੀ ਸਕੂਲੀ, ਕਾਲਜ ਅਤੇ ਯੂਨੀਵਰਸਟੀ ਦੀ ਪੜ੍ਹਾਈ ਅਤੇ ਆਪਣੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਦਸਮ ਗ੍ਰੰਥ ਦੀ ਬਾਣੀ ਗਾਇਨ ਕਰਕੇ ਅਤੇ ਦਸਮ ਪਾਤਸ਼ਾਹ ਦੇ ਜੀਵਨ ਬਿਰਤਾਂਤ ਨੂੰ ਵਰਣਨ ਕਰਕੇ ਸਰੋਤੇ ਮੰਤਰ-ਮੁਗਧ ਕਰਦੇ ਹੋਏ ਸ਼ਸਤਰ ਅਤੇ ਸ਼ਾਸਤਰ ਦਾ ਮੁਜੱਸਮਾ ਬਣਨ ਦਾ ਪ੍ਰਮਾਣ ਦਿੱਤਾ। ਸਭਾ ਵੱਲੋਂ ਡਾ. ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਭਾ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਉਂ ਨੇ ਭਾਵ-ਪੂਰਤ ਢੰਗ ਨਾਲ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ‘ਸ਼ਾਇਰੀ ਦੇ ਸਰਵਰ’ ਪੁਸਤਕ ਚੋਂ ‘ਸੰਗੀਤ’ ਕਵਿਤਾ ਨਾਲ ਪ੍ਰੋਗਰਾਮ ਦੀ ਠੁੱਕ ਬੰਨ੍ਹ ਦਿੱਤੀ। ਮੰਚ ਸੰਚਾਲਨ ਬਾਖੂਬੀ ਡਾ. ਜਸਪਾਲ ਸਿੰਘ ਜੱਸੀ ਨੇ ਕੀਤਾ। ਕੁਝ ਮੈਂਬਰਾਨ ਸਤਵਿੰਦਰ ਸਿੰਘ ਮੜੌਲਵੀ, ਡਾ. ਸਿਮਰਨਜੀਤ ਕੌਰ, ਦਲਜੀਤ ਕੌਰ ਦਾਊਂ ਤੇ ਡਾ. ਜਲੌਰ ਸਿੰਘ ਖੀਵਾ ਨੇ ਸਮੁੱਚੇ ਪ੍ਰੋਗਰਾਮ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਵਧਾਈ ਸੰਦੇਸ਼ ਭੇਜੇ।

