ਚੰਡੀਗੜ੍ਹ 17 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਤੋਂ ਪਹਿਲਾਂ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨਾਂ ਵਿੱਚ ਖਿਡਾਰੀਆਂ ਵਾਸਤੇ ਨਵੇਂ-ਨਵੇਂ ਮੌਕੇ ਵੀ ਪ੍ਰਦਾਨ ਕਰਨੇ ਸਨ, ਪਰੰਤੂ ਸਰਕਾਰ ਇਸ ਵਾਅਦੇ ਨੂੰ ਭੁੱਲ ਹੀ ਚੁੱਕੀ ਹੈ। ਹੁਣ ਪੰਜਾਬ ਸਰਕਾਰ ਖਿਡਾਰੀਆਂ ਨੂੰ ਅਣਗੌਲਿਆ ਕਰ ਰਹੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉਘੇ ਖੇਡ ਪ੍ਰਮੋਟਰ ਤੇ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਖੇਡ ਸੈੱਲ ਦੇ ਪ੍ਰਧਾਨ ਰਵੀ ਸ਼ਰਮਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਹੈ। ਖੁਦ ਪਹਿਲਵਾਨੀ ਨਾਲ ਜੁੜੇ ਰਵੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਖੇਡਾਂ ਨੂੰ ਲੈ ਕੇ ਵੱਡਾ ਉਤਸਾਹ ਹੈ, ਪਰ ਸਰਕਾਰ ਵੱਲੋਂ ਬਣਦਾ ਸਹਿਯੋਗ ਨਾ ਦੇਣ ਕਾਰਨ ਖਿਡਾਰੀ ਅੰਦਰ ਹੀ ਅੰਦਰ ਝੂਰ ਰਹੇ ਹਨ। ਭਾਜਪਾ ਆਗੂ ਅਨੁਸਾਰ ਬੇਸ਼ੱਕ ਕੇਂਦਰ ਦੇ ਵਿੱਚ ਮੋਦੀ ਸਰਕਾਰ ਖਿਡਾਰੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰ ਰਹੀ ਹੈ, ਪਰ ਅਜਿਹਾ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ। ਰਵੀ ਸ਼ਰਮਾ ਨੇ ਕਿਹਾ ਕਿ ਜੇਕਰ ਗੁਆਂਢੀ ਸੂਬਾ ਹਰਿਆਣਾ ਦੀ ਗੱਲ ਕਰੀਏ ਤਾਂ ਉਸ ਦੇ ਮੁਕਾਬਲੇ ਤਾਂ ਸਾਡੇ ਖਿਡਾਰੀ ਕੋਈ ਵੀ ਸਥਾਨ ਨਹੀਂ ਰੱਖਦੇ।
ਇਸ ਆਗੂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਸਮਾਜ ਸੇਵੀ ਅਤੇ ਖੇਡ ਪ੍ਰੇਮੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਹੀ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੁਝ ਕੁ ਹਿੱਸਾ ਪਾ ਕੇ ਖਿਡਾਰੀਆਂ ਲਈ ਗਰਾਉਂਡ ਅਤੇ ਟਰੈਕ ਤਿਆਰ ਕਰਵਾਉਣ, ਕਿਉਂਕਿ ਜੇਕਰ ਨੌਜਵਾਨ ਖੇਡਾਂ ਨਾਲ ਜੁੜਨਗੇ ਤਾਂ ਹੀ ਨਸ਼ਿਆਂ ਤੋਂ ਵੀ ਟੁੱਟਣਗੇ। ਨੌਜਵਾਨਾਂ ਆਗੂ ਰਵੀ ਸ਼ਰਮਾ ਨੇ ਦੱਸਿਆ ਕਿ ਘਾੜ ਦੇ ਇਲਾਕੇ ਵਿੱਚ ਗੋਲੂ ਪਹਿਲਵਾਨ ਦਾ ਅਖਾੜਾ ਮੁੱਲਾਂਪੁਰ ਜੋ ਪਹਿਲਵਾਨ ਪੈਦਾ ਕਰ ਰਿਹਾ ਹੈ, ਨੂੰ ਵੀ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਹੈ। ਇਹ ਅਖਾੜਾ ਨਾਮ ਮਾਤਰ ਸਹਿਯੋਗ ਤੇ ਆਪਣੇ ਦੁਆਰਾ ਹੀ ਗੋਲੂ ਪਹਿਲਵਾਨ ਵੱਲੋਂ ਚਲਾਇਆ ਜਾ ਰਿਹਾ ਹੈ, ਜਦਕਿ ਇਲਾਕੇ ਵਿੱਚ ਕੋਈ ਵੀ ਅਖਾੜਾ ਅਕੈਡਮੀ ਜਾਂ ਕਲੱਬ ਨਹੀਂ ਹੈ ਜੋ ਖਿਡਾਰੀਆਂ ਨੂੰ ਅਪਣਾ ਸਕੇ। ਭਾਜਪਾ ਆਗੂ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸੱਚ ਹੀ ਸਰਕਾਰ ਨਸ਼ਿਆਂ ਦੇ ਵਿਰੁੱਧ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਵੇਂ ਖਿਡਾਰੀ ਪੈਦਾ ਕਰਨ ਦੇ ਲਈ ਖਜ਼ਾਨੇ ਦਾ ਥੋੜ੍ਹਾ ਜਿਹਾ ਹਿੱਸਾ ਹੀ ਖਿਡਾਰੀਆਂ ਲਈ ਵਰਤਿਆ ਜਾਵੇ, ਤਦ ਹੀ ਯੁੱਧ ਨਸ਼ਿਆਂ ਵਿਰੁੱਧ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਫਿਰ ਇਹ ਅਖਬਾਰਾਂ ਅਤੇ ਚੈਨਲਾਂ ਦੇ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ।

