ਚੰਡੀਗੜ (ਸੁਰ ਸਾਂਝ ਬਿਊਰੋ), 30 ਮਾਰਚ:
ਅੱਜ ਮਿਤੀ 30-03-2022 ਨੂੰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਕਥਾ: ਕਥਾਰਸਿਸ ਅਤੇ ਕਥਾ ਸਰੋਕਾਰ (ਕਹਾਣੀਕਾਰ ਦੀ ਨਜ਼ਰ ਵਿਚ ਕਹਾਣੀਕਾਰ) ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਹਨਾਂ ਨੇ ਸਵਾਗਤੀ ਸ਼ਬਦਾਂ ਵਿੱਚ ਮਨੁੱਖ ਦੀ ਜ਼ਿੰਦਗੀ ਵਿੱਚ ਕਹਾਣੀਆਂ ਦੇ ਮਹੱਤਵ ਬਾਰੇ ਦੱਸਿਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਇਸ ਸਾਹਿਤਕ ਵਿਧਾ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਲੇਖਕ, ਚਿੰਤਕ ਅਤੇ ਕਹਾਣੀਕਾਰ ਕਿਰਪਾਲ ਕਜ਼ਾਕ ਨੇ ਕੀਤੀ। ਮੁੱਖ ਮਹਿਮਾਨ ਸਿਰਮੌਰ ਲੇਖਕ ਆਲੋਚਕ ਡਾ. ਮਨਮੋਹਨ ਨੇ ਕਹਾਣੀ ਵਿਧਾ ਦੇ ਨਵੇਂ ਦਿਸਹੱਦਿਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਭਾਰਤੀ ਕਥਾ ਅਤੇ ਪੱਛਮੀ ਕਥਾ ਦੀ ਪਰੰਪਰਾ ਵਿੱਚ ਆਧੁਨਿਕ ਕਥਾ ਦੇ ਸਥਾਨ ਨੂੰ ਪ੍ਰਗਟ ਕੀਤਾ।
ਇਸ ਤੋਂ ਬਾਅਦ ਪ੍ਰੋਗਰਾਮ ਕਨਵੀਨਰ ਡਾ. ਕੁਲਦੀਪ ਦੀਪ ਨੇ ਪਹੁੰਚੇ ਹੋਏ ਸਾਰੇ ਹੀ ਸਿਰਜਕ ਕਥਾਕਾਰਾਂ ਅਤੇ ਆਲੋਚਕ ਕਥਾਕਾਰਾਂ ਬਾਰੇ ਸੰਖੇਪ ਵਿੱਚ ਦੱਸਿਆਂ ਅਤੇ ਨਾਲ ਹੀ ਬਾਖ਼ੂਬੀ ਮੰਚ ਸੰਚਾਲਨ ਕੀਤਾ। ਸਿਰਜਕ ਕਥਾਕਾਰਾਂ ਵਿੱਚੋਂ ਸਭ ਤੋਂ ਪਹਿਲਾਂ ਕਥਾਕਾਰ ਡਾ. ਸਰਬਜੀਤ ਕੌਰ ਸੋਹਲ ਦੀ ਕਹਾਣੀ ‘ਜਾਨ ਦਾ ਖੋਅ’ ਬਾਰੇ ਅਜਮੇਰ ਸਿੱਧੂ ਨੇ ਖੋਜ ਭਰਪੂਰ ਵਿਚਾਰ ਚਰਚਾ ਕੀਤੀ। ਇਸ ਵਿੱਚ ਪਤੀ ਦੁਆਰਾ ਬੇਵਫਾਈ ਕਰਨ ਕਰਕੇ ਔਰਤ ਦੀ ਮਨੋਸਥਿਤੀ ਦਾ ਵਰਣਨ ਕੀਤਾ ਗਿਆ ਹੈ ਜੋ ਪਤੀ ਦੇ ਮਰਨ ਉਪਰੰਤ ਇਸ ਤੋਂ ਮੁਕਤ ਹੁੰਦੀ ਔਰਤ ਦੀ ਵਿਡੰਬਨਾ ਹੈ। ਅਰਵਿੰਦਰ ਕੌਰ ਧਾਲੀਵਾਲ ਦੀ ਕਹਾਣੀ ‘ਬੂਟ’ ਬਾਰੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਬਹੁਤ ਮਹੱਤਵਪੂਰਨ ਪੱਖਾਂ ਨੂੰ ਉਭਾਰਿਆਂ। ਨਿਮਨ ਸ਼੍ਰੇਣੀ ਦੇ ਬੱਚੇ ਦੀ ਮਨੋਸਥਿਤੀ ਨੂੰ ਪ੍ਰਗਟ ਕਰਦੀ ਇਹ ਕਹਾਣੀ ਕਮਾਲ ਦੀ ਪੇਸ਼ਕਾਰੀ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ ‘ਠੇਡਾ’ ਬਾਰੇ ਡਾ. ਸਰਘੀ ਨੇ ਬੜੇ ਹੀ ਭਾਵਪੂਰਤ ਤਰੀਕੇ ਨਾਲ ਪੁਣ-ਛਾਣ ਕੀਤੀ। ਜਾਤੀ ਸਿਸਟਮ ਤੇ ਵਿਅੰਗ ਕਰਦੀ ਇਸ ਕਹਾਣੀ ਵਿੱਚ ਸਿੱਖ ਧਰਮ ਦੇ ਵਿੱਚ ਨਿਮਨ ਵਰਗ ਨੂੰ ਬਣਦਾ ਸਥਾਨ ਨਾ ਦੇਣ ਕਾਰਨ ਉਹਨਾਂ ਦਾ ਅਲੱਗ ਅਲੱਗ ਧਰਮਾਂ ਵਿੱਚ ਪਰਵੇਸ਼ ਹੋਣ ਕਾਰਨ ਪਰਿਵਾਰ ਵਿੱਚ ਉਪਜੇ ਤਣਾਅ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਜਤਿੰਦਰ ਹਾਂਸ ਦੀ ਕਹਾਣੀ ‘ਖੰਨਾ ਖੰਨਾ ਈ ਆ’ ਬਾਰੇ ਤ੍ਰਿਪਤਾ ਕੇ ਸਿੰਘ ਨੇ ਹਰ ਪੱਖ ਤੋਂ ਬੜੀ ਬਾਰੀਕ ਬੀਨੀ ਨਾਲ ਚਰਚਾ ਕੀਤੀ। ਪਰਵਾਸ ਵੱਲ ਜਾਂਦੇ ਵਿਦਿਆਰਥਅੀਆਂ ਦੀ ਕਹਾਣੀ, ਜਿਸ ਵਿੱਚ ਸਧਾਰਨ ਪਰਿਵਾਰ ਦੀ ਮਨੋਸਥਿਤੀ ਨੂੰ ਪ੍ਰਗਟ ਕੀਤਾ ਹੈ ਅਤੇ ਸਮਾਜ ਦੀ ਪਰਵਾਸ ਵੱਲ ਦੌੜ ਅਤੇ ਉੱਥੇ ਜਾ ਕੇ ਆਉਂਦੀਆਂ ਮੁਸ਼ਕਿਲਾਂ ਨੂੰ ਪੇਸ਼ ਕੀਤਾ ਹੈ। ਜਤਿੰਦਰ ਢਿੱਲੋਂ ਰੰਧਾਵਾ ਦੀ ਕਹਾਣੀ ‘ਬਾਰੀ ਬਰਸੀ ਖੱਟਣ ਗਿਆ ਸੀ’ ਬਾਰੇ ਕਹਾਣੀਕਾਰ ਜਸਵੀਰ ਰਾਣਾ ਨੇ ਵੱਖਰੇ ਸਰੋਕਾਰਾਂ ਨੂੰ ਪ੍ਰਗਟ ਕਰਦੇ ਹੋਏ ਕਹਾਣੀ ਵਿਧਾ ਵਿਚਲੇ ਨਵੇਂ ਕੀਰਤੀਮਾਨਾਂ ਬਾਰੇ ਵਿਸਥਾਰ ਵਿੱਚ ਦੱਸਿਆਂ। ਇਸ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਪਰਿਵਾਰ ਤੋਂ ਵਿਛੜੇ ਫੌਜੀ ਦੀ ਕਹਾਣੀ ਨੂੰ ਕਿਸੇ ਦੂਜੇ ਦੇਸ਼ ਦੇ ਫੌਜੀ ਦੇ ਜੀਵਨ ਨਾਲ ਹੂਬਹੂ ਜੌੜ ਕੇ ਜੰਗ ਦੇ ਸਿੱਟਿਆਂ ਬਾਰੇ ਦੱਸਿਆਂ ਗਿਆ ਹੈ।
ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਕਹਾਣੀਕਾਰ ਸੁਖਜੀਤ ਨੇ ਵੀ ਸ਼ਿਰਕਤ ਕੀਤੀ ਅਤੇ ਕਹਾਣੀ ਵਿਚਲੀਆਂ ਸੂਖ਼ਮ ਤੰਦਾਂ ਬਾਰੇ ਚਾਨਣਾ ਪਾਇਆ। ਦੇਸ ਰਾਜ ਕਾਲੀ ਨੇ ਪੜ੍ਹੀਆਂ ਗਈਆਂ ਕਹਾਣੀਆਂ ਦਾ ਡੂੰਘਾਈ ਨਾਲ ਮੁਲਾਂਕਣ ਕਰਦਿਆਂ ਕਹਾਣੀ ਦੇ ਸਮੁੱਚੇ ਅਸਤਿਤਵ ਨੂੰ ਛੋਹਿਆਂ। ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਜਗਤ ਦੇ ਤਿੰਨ ਨਵੇਂ ਕਹਾਣੀਕਾਰ ਤਰਨ ਬੱਲ, ਅਮਨ ਸਮਰਾਲਾ, ਸੰਦੀਪ ਸਮਰਾਲਾ, ਸੁਰਜੀਤ ਸੁਮਨ ਅਤੇ ਕੈਨੇਡਾ ਤੋਂ ਉਚੇਚੇ ਤੌਰ ਤੇ ਕਹਾਣੀਕਾਰ ਗੁਰਮੀਤ ਪਨਾਗ ਨੇ ਵੀ ਸ਼ਿਰਕਤ ਕੀਤੀ। ਇਸ ਸਮੇਂ ਪ੍ਰਸਿੱਧ ਕਹਾਣੀਕਾਰਾਂ ਦੀਪਤੀ ਬਬੂਟਾ ਨੇ ਅਜੌਕੀ ਕਹਾਣੀ ਵਿਚਲੀਆਂ ਨਵੀਆਂ ਸੰਭਾਵਨਾਵਾਂ ਬਾਰੇ ਖੁੱਲ ਕੇ ਵਰਣਨ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋਗਰਾਮ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ।ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਰਬਜੀਤ ਕੌਰ ਸੋਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫ਼ਲਤਾ ਦਾ ਸਮੁੱਚੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ।