ਖਰੜ, ਕੁਰਾਲੀ ਅਤੇ ਨਵਾਂਗਰਾਉਂ ਵਿਖੇ ਅਨਮੋਲ ਗਗਨ ਮਾਨ ਨੇ ਐੱਮਸੀਆਂ ਨਾਲ ਕੀਤੀ ਮੀਟਿੰਗ, ਲੋਕ ਭਲਾਈ ਲਈ ਮਿਲਕੇ ਕੰਮ ਕਰਨ ਦੀ ਕੀਤੀ ਅਪੀਲ
ਮੀਟਿੰਗਾਂ ਦੌਰਾਨ ਵਾਰਡਾਂ ਦੇ ਬਜਟ ਬਾਰੇ ਲਏ ਅਹਿਮ ਫੈਸਲੇ, ਸਾਫ਼ ਸਫ਼ਾਈ ਦੇ ਮੁੱਦੇ ਨੂੰ ਦਿੱਤੀ ਪਹਿਲ
ਚੰਡੀਗੜ੍ਹ, 31 ਮਾਰਚ (ਸੁਰ ਸਾਂਝ ਬਿਊਰੋ): ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਵੀਰਵਾਰ ਨੂੰ ਹਲਕੇ ਦੇ ਐਮਸੀਆਂ ਨਾਲ ਮੀਟਿੰਗ ਦੌਰਾਨ ਬਜਟ ਸਬੰਧੀ ਅਹਿਮ ਫ਼ੈਸਲੇ ਲਏ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਰਟੀਬਾਜ਼ੀ ਤੋਂ ਉੱਤੇ ਉਠਕੇ ਹਲਕੇ ਦੇ ਲੋਕਾਂ ਦੀ ਸੇਵਾ ਕਰੇਗੀ ਤਾਂ ਜੋ ਸਾਲਾਂ ਤੋਂ ਮਾੜੀ ਰਾਜਨੀਤੀ ਦਾ ਖਮਿਆਜ਼ਾ ਭੁਗਤ ਰਹੇ ਆਮ ਲੋਕਾਂ ਨੂੰ ਸੁਖ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਸਕਣ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਦੱਸਿਆ ਕਿ ਜਿੱਥੇ ਪੰਜਾਬ ਦੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹੋਏ ਇੱਕ ਇਮਾਨਦਾਰ ਸਰਕਾਰ ਦੀ ਚੋਣ ਕੀਤੀ ਹੈ ਉਥੇ ਹੀ ਉਹ ਜੀਅ ਜਾਨ ਲਗਾਉਂਦੇ ਹੋਏ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਵਾਰਡਾਂ ਦੀ ਸਾਫ ਸਫਾਈ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਬਜਟ ਪਾਸ ਕੀਤਾ। ਉਨ੍ਹਾਂ ਐਮਸੀਆਂ ਨੂੰ ਵਿਚਾਰਕ ਮਤਭੇਦ ਦੂਰ ਕਰਦੇ ਹੋਏ ਲੋਕ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਨਵਾਂਗਰਾਓੰ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਾਫ ਸਫਾਈ ਸੰਬੰਧੀ ਪੂਰਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਗੰਦਗੀ ਕਾਰਨ ਫੈਲਣ ਵਾਲੀਆ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।
ਅਨਮੋਲ ਗਗਨ ਮਾਨ ਨੇ ਵੱਖ ਵੱਖ ਇਲਾਕੇ ਦੇ ਅਧਿਕਾਰੀਆਂ ਅਤੇ ਵਸਨੀਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸਿਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੱਢਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਹਰ ਵੇਲ਼ੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਿਰ ਰਹਿਣਗੇ ਤਾਂ ਜੋ ਉਹ ਆਮ ਲੋਕਾਂ ਦੀ ਸੇਵਾ ਕਰ ਸਕਣ।