ਪੰਜਾਬ ਟਾਈਮਜ਼ ਸ਼ਿਕਾਗੋ ਵਾਲੇ ਅਮੋਲਕ ਸਿੰਘ ਜੰਮੂੰ ਨੂੰ ਯਾਦ ਕਰਦਿਆਂ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ:
ਮੈਂ 2003 ਵਿੱਚ ਪਹਿਲੀ ਵਾਰ (ਸਰੀ)ਕੈਨੇਡਾ ਵਿਖੇ ਦਰਸਨ ਗਿੱਲ ਤੇ ਸੱਜਣਾਂ ਵੱਲੋਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਵਿਹਲਾ ਹੋ ਕੇ ਕੁਲਦੀਪ ਗਿੱਲ ਤੇ ਮੋਹਨ ਗਿੱਲ ਦੇ ਸੰਗ ਸਾਥ ਸਿਆਟਲ ਥਾਣੀਂ ਅਮਰੀਕਾ ਚ ਵੜਿਆ ਤਾਂ ਉਥੋਂ ਫਲਾਈਟ ਲੈ ਕੇ ਮੈਂ ਪਹਿਲਾਂ ਕੈਲੇਫੋਰਨੀਆ ਤੇ ਕੁਝ ਦਿਨਾਂ ਬਾਦ ਸ਼ਿਕਾਗੋ ਜਾਣਾ ਸੀ ਮਿਲਵਾਕੀ ਲਈ। ਮੇਰੇ ਪੁੱਤਰ ਦਾ ਨਾਨਕਾ ਪਰਿਵਾਰ ਉਥੇ ਰਹਿੰਦਾ ਸੀ ਉਦੋਂ।
ਅਮਰੀਕਾ ਪਹੁੰਚਣ ਦੀ ਖ਼ਬਰ ਮੈਂ ਆਪਣੇ ਚੰਡੀਗੜ੍ਹ ਰਹਿੰਦੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਨੂੰ ਦੱਸੀ ਤਾਂ ਉਹ ਬੋਲਿਆ, ਮੇਰਾ ਇੱਕ ਕੰਮ ਕਰੀਂ, ਭਾਵੇਂ ਔਖਾ ਹੋ ਜਾਂ ਸੌਖਾ, ਸਾਡੇ ਅਮੋਲਕ ਸਿੰਘ ਜੰਮੂ ਨੂੰ ਸ਼ਿਕਾਗੋ ਜਾ ਕੇ ਜ਼ਰੂਰ ਮਿਲੀਂ। ਮੈਂ ਅਮੋਲਕ ਨੂੰ ਪੰਜਾਬੀ ਟ੍ਰਿਬਿਊਨ ਚ ਬਹੁਤ ਵਾਰ ਮਿਲਿਆ ਸਾਂ, ਅਮਰੀਕ ਸਿੰਘ ਬਣਵੈਤ, ਅਸ਼ੋਕ ਸ਼ਰਮਾ, ਭਾ ਜੀ ਕਰਮਜੀਤ ਸਿੰਘ, ਸ਼ਮਸ਼ੇਰ, ਸ਼ਾਮ ਸਿੰਘ, ਦਲਬੀਰ, ਨਰਿੰਦਰ ਭੁੱਲਰ ਤੇ ਗੁਰਦਿਆਲ ਬੱਲ ਦੇ ਅੰਗ ਸੰਗ।
ਪ੍ਰੇਮ ਗੋਰਖ਼ੀ, ਰਾਜਿੰਦਰ ਸੋਢੀ, ਮੂਹਰਜੀਤ ਤੇ ਤਰਲੋਚਨ ਦਾਨਗੜ੍ਹ ਨਾਲ ਕੈਬਿਨ ਸਾਂਝਾ ਹੁੰਦਾ ਸੀ ਉਸਦਾ। ਅਮੋਲਕ ਬਾਰੀਕ ਬੁੱਧ ਮਿੱਤਰ ਹੋਣ ਕਾਰਨ ਮੈਂ ਸ਼ਮਸ਼ੇਰ ਨੂੰ ਹਾਮੀ ਭਰੀ ਕਿ ਜ਼ਰੂਰ ਮਿਲਾਂਗਾ। ਮੇਰਾ ਇੱਕ ਜਲੰਧਰੀ ਮਿੱਤਰ ਇੰਦਰਮੋਹਨ ਸਿੰਘ ਛਾਬੜਾ ਵੀ ਉਦੋਂ ਸ਼ਿਕਾਗੋ ਰਹਿੰਦਾ ਸੀ ਉਦੋਂ। ਕੋਈ ਟੀਵੀ ਚੈਨਲ ਵੀ ਚਲਾਉਂਦਾ ਸੀ ਸ਼ਾਇਦ। ਉਹ ਕਦੇ ਜਲੰਧਰ ਤੋਂ ਸਾਹਿੱਤਕ ਮੈਗਜ਼ੀਨ “ਬਿੰਦੂ” ਛਾਪਦਾ ਹੁੰਦਾ ਸੀ। ਜਲੰਧਰ ਵਾਲੇ ਮੇਰੇ ਹਮ ਉਮਰ ਮਿੱਤਰ ਲੇਖਕ ਪ੍ਰੋਃ ਅਵਤਾਰ ਜੌੜਾ ਤੇ ਮਿੱਤਰ ਮੰਡਲ ਦਾ ਨੇੜੂ ਸੀ ਇੰਦਰਮੋਹਨ। ਉਸ ਦਾ ਫੋਨ ਮੇਰੇ ਕੋਲ ਹੋਣ ਕਾਰਨ ਉਸ ਨੂੰ ਮੈਂ ਅਮੋਲਕ ਨੂੰ ਮਿਲਣ ਦੀ ਇੱਛਾ ਦੱਸੀ। ਉਦੋਂ ਉਥੇ ਇੱਕ ਮਿੱਤਰ ਗੁਰਮੁਖ ਸਿੰਘ ਭੁੱਲਰ ਵੀ ਸੀ ਜੋ ਪੰਜਾਬੀ ਗਾਇਕ ਮਿੱਤਰ ਸੁਰਿੰਦਰ ਸ਼ਿੰਦਾ ਦੇ ਹਵਾਲੇ ਨਾਲ ਮੇਰੀ ਮਿਲਣ ਸੂਚੀ ਵਿੱਚ ਵੀ ਸ਼ਾਮਿਲ ਸੀ। ਆਪਣੇ ਪੁੱਤਰ ਦੇ ਵੱਡੇ ਮਾਮਾ ਜੀ ਸਃ ਜਸਜੀਤ ਸਿੰਘ ਨੱਤ ਤੇ ਉਸ ਦੇ ਨਜ਼ਦੀਕੀ ਦੋਸਤ ਗੁਰਸਾਹਿਬ ਸਿੰਘ ਤੂਰ (ਕੈਨੋਸ਼ਾ) ਨੂੰ ਵੀ ਨਾਲ ਲੈ ਕੇ ਸ਼ਿਕਾਗੋ ਅਮੋਲਕ ਨੂੰ ਮਿਲਣ ਦੀ ਇੱਛਾ ਦੱਸੀ। ਇੰਦਰਮੋਹਨ ਦੀ ਹਿੰਮਤ ਸਦਕਾ
ਸ਼ਿਕਾਗੋ ਵਿੱਚ ਮੀਟਿੰਗ ਦਾ ਪ੍ਰਬੰਧ ਹੋ ਗਿਆ। ਸਭ ਦੋਸਤ ਇੱਕ ਥਾਂ ਇਕੱਠੇ ਹੋ ਗਏ ਅਮੋਲਕ ਨੂੰ ਮਿਲਣ ਲਈ। ਅਮੋਲਕ ਮਿਲਿਆ ਤਾਂ ਇੰਜ ਲੱਗਾ ਜਿਵੇਂ ਚਿਰੀਂ ਵਿਛੁੰਨਾ ਵੀਰ ਮਿਲਿਆ ਹੋਵੇ। ਪੰਜਾਬ ਰਹਿੰਦੇ ਮਿੱਤਰਾਂ ਤੇ ਵਰਤਾਰਿਆਂ ਬਾਰੇ ਬਹੁਤ ਗੱਲਾਂ ਕੀਤੀਆਂ। ਉਸ ਦੇ ਅਖ਼ਬਾਰ ਪੰਜਾਬ ਟਾਈਮਜ਼ ਦੇ ਭਵਿੱਖ ਬਾਰੇ ਵੀ ਬਹੁਤ ਗੱਲਾਂ ਹੋਈਆਂ। ਸਲਾਹਾਂ ਵੀ। ਉਦੋਂ ਉਸ ਦੇ ਸਹਿਯੋਗੀ ਸਃ ਜੈਰਾਮ ਸਿੰਘ ਕਾਹਲੋਂ ਵੀ ਉਥੇ ਮਿਲੇ ਜੋ ਸਬੱਬੀਂ ਮੇਰੇ ਕੈਲਗਰੀ ਵੱਸਦੇ ਮਿੱਤਰ ਬਲਵਿੰਦਰ ਕਾਹਲੋਂ (ਨਸ਼ਾ ਵਿਰੋਧੀ ਲਹਿਰ ਦਾ ਆਗੂ ਤੇ ਅੰਤਰ ਰਾਸ਼ਟਰੀ ਭੰਗੜਾ ਕਲਾਕਾਰ) ਦੇ ਭਤੀਜੇ ਸਨ। ਉਹ ਵੀ ਉਥੇ ਹੀ ਮਿਲੇ ਪਰਿਵਾਰਕ ਸਨੇਹ ਤੇ ਅਪਣੱਤ ਨਾਲ।
ਅਮੋਲਕ ਸਿੰਘ ਜੰਮੂ ਨੂੰ ਪੰਜਾਬ ਟਾਈਮਜ਼ ਛਾਪਦਿਆਂ ਹਾਲੇ ਤਿੰਨ ਕੁ ਸਾਲ ਹੋਏ ਸਨ ਪਰ ਉਸ ਦੇ ਪਰਚੇ ਦੀ ਗਹਿਰ ਗੰਭੀਰਤਾ ਦਾ ਚਰਚਾ ਪੂਰੇ ਅਮਰੀਕਾ ਚ ਸੀ। ਮੈਨੂੰ ਉਦੋਂ ਕੈਲੇਫੋਰਨੀਆਂ ਵੱਸਦੇ ਮਿੱਤਰ ਕੁਲਦੀਪ ਸਿੰਘ ਧਾਲੀਵਾਲ (ਹੁਣ ਕੈਬਨਿਟ ਮੰਤਰੀ ਪੰਜਾਬ) ਨੇ ਵੀ ਅਮੋਲਕ ਤੇ ਪੰਜਾਬ ਟਾਈਮਜ਼ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ। ਇਹ ਮੁਕੰਮਲ ਵੀਕਲੀ ਅਖ਼ਬਾਰ ਸੀ, ਜਿਸ ਵਿੱਚ ਅਧਿਆਤਮ ਵੀ ਸੀ ਤੇ ਮਾਰਕਸਵਾਦੀ ਸੋਚ ਧਾਰਾ ਦੇ ਨੁਕਤੇ ਤੋਂ ਲਿਖੀਆਂ ਲਿਖਤਾਂ ਵੀ ਹੁੰਦੀਆਂ। ਹਰ ਵੱਡਾ ਲੇਖਕ ਇਸ ਵਿੱਚ ਅਕਸਰ ਲਿਖਦਾ। ਬਹੁਤ ਲੇਖਕ ਤਾਂ ਲਗਾਤਾਰ ਕਾਲਮ ਲਿਖਦੇ। ਇਹ ਅਮੋਲਕ ਦੀ ਸੰਪਾਦਕੀ ਸੂਝ ਦੀ ਮਿਕਨਾਤੀਸੀ ਖਿੱਚ ਸੀ।
ਉਦੋਂ ਤੀਕ ਵੀ ਕੈਨੇਡਾ ਅਮਰੀਕਾ ਤੇ ਬਦੇਸ਼ ਚ ਛਪਦੇ ਬਹੁਤੇ ਵੀਕਲੀ ਅਖ਼ਬਾਰ ਭਾਰਤੀ ਅਖ਼ਬਾਰਾਂ ਦੇ ਚਰਬੇ ਹੀ ਹੁੰਦੇ ਸਨ, ਕੱਟ ਪੇਸਟ ਤੇ ਨਿਰਭਰ। ਪਰ ਅਮੋਲਕ ਮੌਲਿਕ ਲਿਖਤਾਂ ਲਿਖਵਾਉਂਦਾ। ਇਹੀ ਉਸ ਦੀ ਤਾਕਤ ਬਣੀ। ਬਾਹਰੋਂ ਹੀ ਮਿਲ ਕੇ ਅਸੀਂ ਨਿੱਖੜ ਗਏ ਪਰ ਸੰਪਰਕ ਬਣਿਆ ਰਿਹਾ। ਉਸ ਦੀ ਸਰੀਰਕ ਹਾਲਤ ਵਿਗੜਨ ਬਾਰੇ ਮੈਨੂੰ 2006 ਵਿੱਚ ਮੈਨੂੰ ਦੂਸਰੀ ਅਮਰੀਕਾ ਫੇਰੀ ਦੌਰਾਨ ਪਤਾ ਲੱਗਾ। ਮੈਂ ਮਿਲਵਾਕੀ ਤਾਂ ਜਾਣਾ ਹੀ ਸੀ। ਆਪਣੇ ਮਿੱਤਰ ਤੇ ਰਿਸ਼ਤੇਦਾਰ ਜਸਜੀਤ ਸਿੰਘ ਨੱਤ ਨੂੰ ਨਾਲ ਲੈ ਕੇ ਅਮੋਲਕ ਦੇ ਘਰ ਮਿਲਣ ਗਿਆ। ਅਮੋਲਕ ਦਾ ਮਸ਼ੀਨਾਂ ਦਾ ਸਾਥ ਪੱਕ ਗਿਆ ਸੀ ਉਦੋਂ ਤੀਕ। ਪਰ ਉਸ ਦੀਆਂ ਗੱਲਾਂ ਪਹਿਲਾਂ ਨਾਲੋਂ ਵੀ ਬੁਲੰਦ। ਲੋਹੇ ਦਾ ਮਰਦ ਲੱਗਿਆ ਮੈਨੂੰ ਉਹ।
ਉਸ ਦੀ ਜੀਵਨ ਸਾਥਣ ਤੇ ਬੱਚੇ ਅੱਗੇ ਪਿੱਛੇ ਸੇਵਾ ਵਿੱਚ ਵੇਖੇ। ਜ਼ਿੰਦਗੀ ਦੇ ਕਠਿਨ ਰਾਹੀਂ ਪੈ ਕੇ ਵੀ ਉਹ ਚੜ੍ਹਦੀ ਕਲਾ ਦੇ ਪੈਗ਼ਾਮ ਜਿਹਾ ਸੀ। ਕੋਈ ਢਿੱਲੀ ਗੱਲ ਨਹੀਂ ਕੀਤੀ ਉਸ। ਹਮਦਰਦੀ ਕਰਨ ਵਾਲੇ ਨੂੰ ਆਖਦਾ ਹਟ ਪਰੇ, ਸੇਵਾ ਦੱਸ, ਕੀ ਪੀਵੇਂਗਾ? ਮੇਰੇ ਨਾਲ ਹੱਸਦਾ ਰਿਹਾ ਕਿ ਜੇ ਸੋਮ ਰਸ ਨਹੀਂ ਸੀ ਪੀਣਾ ਤਾਂ ਅਮਰੀਕਾ ਕੀ ਕਰਨ ਆਇਐਂ? ਖੁੱਲ੍ਹ ਕੇ ਹੱਸਦਾ ਠਹਾਕਾ ਮਾਰ ਕੇ। ਸੰਪੂਰਨ ਹਾਜ਼ਰ-ਨਾਜ਼ਰ। ਉਸ ਨੂੰ ਮਿਲ ਕੇ ਪਰਤਦਿਆਂ ਲੱਗਿਆ ਕਿ ਬੀਮਾਰ ਉਹ ਨਹੀਂ ਸਗੋਂ ਮੈਂ ਹਾਂ। ਉਸ ਨੂੰ ਚਿਤਵ ਕੇ ਮੈਂ ਇੱਕ ਗ਼ਜ਼ਲ ਲਿਖੀ ਪਰਤ ਕੇ ਉਸੇ ਰਾਤ। ਇਹ ਗ਼ਜ਼ਲ ਮੇਰੀ 2010 ਚ ਛਪੀ ਗ਼ਜ਼ਲ ਕਿਤਾਬ ਮੋਰਪੰਖ ਵਿੱਚ ਛਪੀ। ਇਸ ਨੂੰ ਤੁਸੀਂ ਵੀ ਪੜ੍ਹੋ। ਗ਼ਜ਼ਲ ਕੁਝ ਇਸ ਤਰ੍ਹਾਂ ਸੀ:
ਦਰਿਆ ਝੀਲਾਂ ਤਲਖ ਸਮੁੰਦਰ ।
ਕੀ ਕੁਝ ਬੰਦਿਆ ਤੇਰੇ ਅੰਦਰ ।
ਇਸ ਮੰਡੀ ਵਿਚ ਥੋੜੇ ਗੁਰਮੁਖ,
ਤੋੜਨ ਬਹੁਤੇ ਦਿਲ ਦਾ ਮੰਦਰ ।
ਬਾਤ ਗੁਰੂ ਦੀ ਮੰਨਦੇ ਹੀ ਨਾ,
ਮੁੰਦਰਾਂ ਵਾਲੇ ਨਾਥ ਮਛੰਦਰ ।
ਝੂਠ ਬੋਲਦੇ, ਤੱਕਦੇ, ਸੁਣਦੇ,
ਗਾਂਧੀ ਤੇਰੇ ਤਿੰਨੇ ਬੰਦਰ ।
ਜ਼ਿੰਦਗੀ ਮੌਤ ਰੋਜ਼ਾਨਾ ਦੱਸੇ,
ਮੈਂ ਉਸਦੇ, ਉਹ ਮੇਰੇ ਅੰਦਰ ।
ਖ਼ੁਸ਼ਬੂ ਕੌਣ ਲੁਕਾ ਸਕਦਾ ਏ,
ਭਾਵੇਂ ਮਾਰੋ ਕਿੰਨੇ ਜੰਦਰ ।
ਬਾਜ਼ ਉਡਾਰੀ ਮਾਰਨ ਮਗਰੋਂ,
ਲੱਭੇ ਮੁੜ ਕੇ ਰੁੱਖ ਦੀ ਕੰਦਰ ।
ਪਿਆਰ ਗੁਆਚਾ ਲੱਭਦੇ ਫਿਰੀਏ,
ਕਦੇ ਸ਼ਿਕਾਗੋ, ਕਦੇ ਜਲੰਧਰ।
ਯਾਰ ਅਮੋਲਕ* ਦਿਲ ਨਾ ਛੱਡੀ,
ਮੈਂ ਧੜਕਾਂਗਾ ਤੇਰੇ ਅੰਦਰ
ਪੰਜਾਬ ਟਾਈਮਜ਼ ਸ਼ਿਕਾਗੋ ਦੇ ਸੰਪਾਦਕ ਅਮੋਲਕ ਸਿੰਘ ਦੇ ਮਿੱਤਰ ਤੇ ਪਿਆਰੇ ਸ਼ਾਇਰ ਮਿੱਤਰ ਰਵਿੰਦਰ ਸਹਿਰਾਅ ਦਾ ਅਮਰੀਕਾ ਤੋਂ ਫ਼ੋਨ ਆਇਆ ਕਿ ਅਗਲੇ ਦਿਨੀਂ ਅਸੀਂ ਪੰਜਾਬ ਟਾਈਮਜ਼ ਵੱਲੋਂ ਸਾਲਾਨਾ ਸਮਾਗਮ ਕਰਨਾ ਹੈ, ਅਮੋਲਕ ਬਾਰੇ ਕੁਝ ਲਿਖ ਭੇਜੋ। ਮੈਂ ਅਮੋਲਕ ਦੀ ਯਾਦ ਵਿੱਚ ਆਪਣਾ ਸਿਰ ਝੁਕਾਇਆ ਤੇ ਪਿਆਰੇ ਵੀਰ ਨੂੰ ਸਲਾਮ ਕਰਦਿਆਂ ਇਹ ਸਤਰਾਂ ਹੀ ਲਿਖ ਸਕਿਆ। ਇੱਕ ਹੋਰ ਗ਼ਜ਼ਲ ਦੇ ਕੁਝ ਸ਼ਿਅਰ ਜੋ ਉਸ ਸਣੇ ਕੁਝ ਹੋਰ ਮਿੱਤਰ ਪਿਆਰਿਆਂ ਦੇ ਵਿੱਛੜਨ ਵੇਲੇ ਲਿਖੇ ਸਨ, ਜੋ ਅੱਜ ਅਚਾਨਕ ਚੇਤੇ ਆ ਗਏ। ਇਹ ਅੱਥਰੂ ਨਾ ਗਿਣਿਉ, ਸਗੋਂ ਮੋਤੀਏ ਦੇ ਫੁੱਲ ਸਮਝਿਉ, ਅਮੋਲਕ ਦੀ ਤਸਵੀਰ ਅੱਗੇ ਧਰਨ ਲਈ। ਗ਼ਜ਼ਲ ਕੁਝ ਇਸ ਤਰ੍ਹਾਂ ਹੈ:
ਉਸ ਦਿਨ ਅੰਬਰ ਕਾਲਾ ਹੋਇਆ, ਜਿਸ ਦਿਨ ਸਾਡਾ ਯਾਰ ਤੁਰ ਗਿਆ।
ਹਾਸੇ ਤੁਰ ਗਏ, ਮਹਿਫ਼ਲ ਛੱਡ ਕੇ, ਸਾਡੇ ‘ਚੋਂ ਸਰਦਾਰ ਤੁਰ ਗਿਆ।
ਸੁਰ ਤੇ ਸ਼ਬਦ ਉਡੀਕ ਰਹੇ ਨੇ, ਆ ਜਾਵੇਗਾ ਰਾਤ-ਬ-ਰਾਤੇ,
ਮੁੜਿਆ ਹੀ ਨਹੀਂ ਸੁਪਨੇ ਵਾਂਗੂੰ, ਬਿਨ ਕੀਤੇ ਇਕਰਾਰ ਤੁਰ ਗਿਆ।
ਸ਼ਬਦ ਤੇਰੇ ਦਾ, ਤੇਰੇ ਮਗਰੋਂ, ਕੀਹ ਬਣਨਾ ਹੈ, ਨਹੀਂ ਸੋਚਿਆ,
ਗੱਠੜੀ ਬੰਨ੍ਹੀ, ਬਿਨ ਦੱਸੇ ਉਹ, ਲੈ ਕੇ ਰੂਹ ਤੇ ਭਾਰ ਤੁਰ ਗਿਆ।
ਖੰਡ ਬ੍ਰਹਿਮੰਡ ਵੀ ਫ਼ੋਲੇ ਸਾਰੇ, ਧਰਤੀ ਭਾਲੀ, ਅੰਬਰ ਗਾਹਿਆ,
ਸੂਰਜ ਕਿਰਨ ਮਿਲੀ ਤੇ ਮਿਲ ਕੇ, ਅਹੁ ਅੰਬਰ ਤੋਂ ਪਾਰ ਤੁਰ ਗਿਆ।
ਏਨਾ ਵੀ ਨਿਰਮੋਹਾ ਹੋਣਾ, ਪਤਾ ਨਹੀਂ ਉਸ ਕਿੱਥੋਂ ਸਿੱਖਿਆ,
ਰੂਹ ਦਾ ਜਾਣੀ ਜਾਣ ਪਿਆਰਾ, ਏਨਾ ਕਹਿਰ ਗੁਜ਼ਾਰ ਤੁਰ ਗਿਆ।
ਦਮ ਆਉਂਦਾ ਸੀ, ਜਦ ਤਾਂ ਵੇਖੋ, ਕਿੱਥੇ ਕਿੱਥੇ ਉੱਡਿਆ ਫਿਰਿਆ,
ਦਮ ਟੁੱਟਿਆ ਤਾਂ ਉਸਦੇ ਮਗਰੇ, ਜ਼ਿੰਦਗੀ ਦਾ ਇਤਬਾਰ ਤੁਰ ਗਿਆ।
ਮੀਸ਼ਾ, ਤਖ਼ਤ ਉਜਾੜ ਗਿਆ ਤੇ ਚੰਦ ਤੋਂ ਮਗਰ ਅਮੋਲਕ ਤੁਰਿਆ,
ਦੀਪਕ ਬੁਝਿਆ, ਮੁਰਸ਼ਦ ਤੁਰਿਆ, ਦਿਨ ਚੜ੍ਹਦੇ ਜਗਤਾਰ ਤੁਰ ਗਿਆ।
“ਗੁਲਨਾਰ” ਗ਼ਜ਼ਲ ਸੰਗ੍ਰਹਿ ਵਿੱਚੋਂ। ਅਮੋਲਕ ਸਿੰਘ ਜੰਮੂ ਨੂੰ ਚੇਤੇ ਕਰਕੇ ਮੈਂ ਉਸ ਦੀ ਮੁਹੱਬਤ ਤੇ ਸੋਹਬਤ ਨੂੰ ਸਲਾਮ ਕਰਦਾ ਹਾਂ।
|