ਉਪ ਮੰਡਲ ਮਾਜਰਾ ਵਿਖੇ ਬਿਜਲੀ ਕੱਟਾਂ ਵਿਰੁੱਧ ਰੋਸ ਧਰਨਾ
ਚੰਡੀਗੜ੍ਹ 29 ਅਪ੍ਰੈਲ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ):
ਅੱਤ ਦੀ ਪੈਂਦੀ ਗਰਮੀ ਤੇ ਉਪਰੋਂ ਲਗਾਤਾਰ ਲੱਗਦੇ ਬਿਜਲੀ ਦੇ ਕੱਟ ਲੋਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਬਿਜਲੀ ਦੇ ਲਗਦੇ ਕੱਟਾਂ ਦੇ ਰੋਸ ਵੱਜੋਂ ਲੋਕ ਹਿੱਤ ਮਿਸ਼ਨ ਦੀ ਅਗਵਾਈ ਚ ਉਪ- ਮੰਡਲ ਮਾਜਰਾ ਵਿਖੇ ਧਰਨਾ ਦਿੱਤਾ ਗਿਆ ਹੈ। ਲੋਕ ਹਿੱਤ ਮਿਸ਼ਨ ਦੇ ਸੱਦੇ ਤੇ ਪਹੁੰਚੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦਾ ਪਿੱਟ ਸਿਆਪਾ ਕੀਤਾ ਗਿਆ ਹੈ। ਲੋਕ ਹਿੱਤ ਮਿਸ਼ਨ ਦੇ ਆਗੂ ਤੇ ਜੱਟ ਮਹਾਂ ਸਭਾ ਮੁਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਸਾਲਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਪਾਰਟੀ ਦੇ ਲੀਡਰਾਂ ਨੇ ਕਿਹਾ ਸੀ ਕਿ ਸਰਕਾਰ ਆਉਣ ਤੇ ਨਿਰਵਿਘਨ ਬਿਜਲੀ ਮਿਲੇਗੀ ਪਰ ਵਾਅਦੇ ਖੋਖਲੇ ਸਾਬਤ ਹੋਏ ਹਨ । ਕੰਸਾਲਾ ਨੇ ਕਿਹਾ ਕਿ ਸਰਕਾਰ ਦੀ ਨੀਤ ਵਿਚ ਖੋਟੀ ਹੈ ਜਿਸ ਕਰਕੇ ਪੰਜਾਬ ਦੇ ਲੋਕ ਹੋਰ ਸਮੱਸਿਆਵਾਂ ਸਮੇਤ ਬਿਜਲੀ ਦੇ ਕੱਟਾਂ ਤੋਂ ਤੰਗ ਹੋ ਕੇ ਸੜਕਾਂ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਕਿਹਾ ਕਿ ਨੇੜੇ ਹੀ ਬਣੇ 7 ਤਾਰਾ ਬਾਦਲਾਂ ਦੇ ਹੋਟਲ ਅਤੇ ਸਿਸਵਾਂ ਚ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਨੂੰ ਸਿੱਧੀ ਸਪਲਾਈ ਜਾਂਦੀ ਹੈ ਅਤੇ ਚੌਵੀ ਘੰਟੇ ਬਿਜਲੀ ਰਹਿੰਦੀ ਹੈ, ਪਰ ਆਮ ਲੋਕ ਬਿਜਲੀ ਨੂੰ ਤਰਸ ਰਹੇ ਹਨ। ਅਕਾਲੀ ਦਲ ਦੇ ਯੂਥ ਪ੍ਰਧਾਨ ਲੱਕੀ ਮਾਵੀ ਨੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਪੰਜਾਬ ਚ ਸਰਪਲੱਸ ਬਿਜਲੀ ਸੀ ਪਰ ਕਾਂਗਰਸ ਦੀ ਸਰਕਾਰ ਮੌਕੇ ਬਿਜਲੀ ਮਹਿੰਗੀ ਹੋਈ ਅਤੇ ਅੱਜ ਦੇ ਹਾਲਾਤ ਸਭ ਦੇ ਸਾਹਮਣੇ ਹਨ ।
ਮਾਵੀ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਸਰਕਾਰ ਚਲਾਉਂਣਾ ਆਮ ਆਦਮੀ ਪਾਰਟੀ ਦੇ ਵਸ ਦੀ ਗੱਲ ਨਹੀਂ ਹੈ। ਇਸ ਮੌਕੇ ਮਨਦੀਪ ਸਿੰਘ ਖਿਜਰਾਬਾਦ , ਰਵਿੰਦਰ ਸਿੰਘ ਵਜੀਦਪੁਰ , ਸੰਜੀਵ ਸ਼ਰਮਾਂ ਨੇ ਵੀ ਸੰਬੋਧਨ ਕੀਤਾ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਬਿਜਲੀ ਵਿਭਾਗ ਮਾਜਰਾ ਦੇ ਐਸ. ਡੀ ਓ ਨੂੰ ਬਿਜਲੀ ਪ੍ਰਬੰਧਾਂ ਦੇ ਸੁਧਾਰ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ ਜੇਕਰ ਫਿਰ ਵੀ ਇਹੋ ਹਾਲ ਰਿਹਾ ਤਾਂ ਵੱਡਾ ਮੋਰਚਾ ਲਾਇਆ ਜਾਵੇਗਾ ਤੇ ਬਿਜਲੀ ਗਰਿੱਡ ਨੂੰ ਤਾਲਾ ਮਾਰਿਆ ਜਾਵੇਗਾ