Breaking
www.sursaanjh.com > News > ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ

ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ

ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ 
 
ਮੁੱਖ ਮੰਤਰੀ ਵੱਲੋਂ ਭਾਜਪਾ ਨੇਤਾਵਾਂ ਨੂੰ ਸਕੀਮ ਦੀ ਵਕਾਲਤ ਕਰਨ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਅਗਨੀਵੀਰ ਵਜੋਂ ਭਰਤੀ ਕਰਨ ਦੀ ਚੁਣੌਤੀ
‘ਕਿਰਾਏ ’ਤੇ ਭਰਤੀ ਕੀਤੀ ਫੌਜ’ ਘੁਸਪੈਠੀਆਂ ਅਤੇ ਦੇਸ਼ ਦੇ ਦੁਸ਼ਮਣਾਂ ਦਾ ਡਟਵਾਂ ਮੁਕਾਬਲਾ ਨਹੀਂ ਕਰ ਸਕਦੀ
 ਭਾਰਤ ਸਰਕਾਰ ਸਕੀਮ ਵਾਪਸ ਲਵੇ ਨਹੀਂ ਤਾਂ ਲੋਕ ਅਜਿਹਾ ਕਰਨ ਲਈ ਮਜਬੂਰ ਕਰ ਦੇਣਗੇ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 30 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਨੇ ਅੱਜ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਮੁਲਕ ਦੇ ਵਡੇਰੇ ਹਿੱਤ ਵਿਚ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਹ ਇਤਿਹਾਸਕ ਪਹਿਲ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਇਸ ਬਾਰੇ ਅੱਜ ਸਦਨ ਵਿਚ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਵਿਚ ‘ਅਗਨੀਪਥ ਸਕੀਮ’ ਸ਼ੁਰੂ ਕਰਨ ਦੇ ਭਾਰਤ ਸਰਕਾਰ ਦੇ ਇਕਪਾਸੜ ਐਲਾਨ ਨਾਲ ਪੰਜਾਬ ਸਮੇਤ ਦੇਸ਼ ਭਰ ਵਿਚ ਵੱਡੀ ਪੱਧਰ ਉਤੇ ਰੋਸ ਪੈਦਾ ਹੋਇਆ।
ਮੁੱਖ ਮੰਤਰੀ ਨੇ ਮਤੇ ਵਿਚ ਕਿਹਾ, “ਪੰਜਾਬ ਵਿਧਾਨ ਸਭਾ ਸ਼ਿੱਦਤ ਨਾਲ ਇਹ ਮਹਿਸੂਸ ਕਰਦੀ ਹੈ ਕਿ ਸਿਰਫ਼ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਇਨ੍ਹਾਂ ਵਿੱਚੋਂ ਵੀ ਸਿਰਫ਼ 25 ਫੀਸਦੀ ਦੀ ਨੌਕਰੀ ਹੀ ਬਰਕਰਾਰ ਰਹਿਣ ਵਾਲੀ ਇਹ ਸਕੀਮ ਨਾ ਤਾਂ ਦੇਸ਼ ਦੀ ਜਵਾਨੀ ਅਤੇ ਨਾ ਹੀ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹੈ। ਇਸ ਨੀਤੀ ਨਾਲ ਜੀਵਨ ਭਰ ਦੇਸ਼ ਦੀ ਹਥਿਆਰਬੰਦ ਸੈਨਾ ਵਿੱਚ ਸੇਵਾ ਕਰਨ ਦੇ ਇੱਛੁਕ ਨੌਜਵਾਨਾਂ ਵਿਚਾਲੇ ਬੇਚੈਨੀ ਪੈਦਾ ਹੋਣ ਦੀ ਸੰਭਾਵਨਾ ਹੈ।”
ਮੁੱਖ ਮੰਤਰੀ ਨੇ ਸਦਨ ਨੂੰ ਇਹ ਯਾਦ ਕਰਵਾਉਂਦੇ ਹੋਏ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਪੰਜਾਬ ਦੇ ਲਗਭਗ ਇਕ ਲੱਖ ਤੋਂ ਵੱਧ ਸੈਨਿਕ ਸੇਵਾ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਹਰੇਕ ਸਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬਲੀਦਾਨ ਦਿੰਦੇ ਹਨ। ਆਪਣੇ ਸਾਹਸ ਤੇ ਬਹਾਦਰੀ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਪੰਜਾਬ ਦੇ ਨੌਜਵਾਨਾਂ ਲਈ ਭਾਰਤੀ ਹਥਿਆਰਬੰਦ ਫੌਜਾਂ ਵਿੱਚ ਸੇਵਾ ਕਰਨਾ ਮਾਣ ਤੇ ਸਨਮਾਨ ਦਾ ਪ੍ਰਤੀਕ ਹੈ। ਇਸ ਸਕੀਮ ਨੇ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਜਿਹੜੇ ਰੈਗੂਲਰ ਫੌਜੀਆਂ ਵਜੋਂ ਹਥਿਆਰਬੰਦ ਦਸਤਿਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਸਕੀਮ ਨੇ ਹਥਿਆਰਬੰਦ ਦਸਤਿਆਂ ਦੀ ਰਵਾਇਤ ਰਹੀ ਵਫ਼ਾਦਾਰੀ ਤੇ ਮਾਣ-ਸਨਮਾਨ ਦੀ ਭਾਵਨਾ ਨੂੰ ਵੀ ਕਮਜ਼ੋਰ ਕੀਤਾ ਹੈ। ਮੁੱਖ ਮੰਤਰੀ ਨੇ ਮਤੇ ਵਿਚ ਕਿਹਾ, “ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਕੇਂਦਰ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਪੁਰਜ਼ੋਰ ਅਪੀਲ ਕਰਦਾ ਹੈ।”
ਬਹਿਸ ਵਿਚ ਹਿੱਸਾ ਲੈਂਦੇ ਹੋਏ ਇਸ ਕਦਮ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਭਾਜਪਾ ਨੇਤਾਵਾਂ ਨੂੰ ਨੌਜਵਾਨ ਵਿਰੋਧੀ ਇਸ ਫੈਸਲੇ ਦਾ ਸਮਰਥਨ ਕਰਨ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਅਗਨੀਵੀਰ ਭਰਤੀ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਦੀ ਵਕਾਲਤ ਕਰ ਰਹੇ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪੁੱਤਰ ਇਸ ਸਕੀਮ ਹੇਠ ਫੌਜ ਵਿਚ ਭਰਤੀ ਕਰਵਾ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਲੋਕਾਂ ਨੂੰ ਅਗਨੀਵੀਰਾਂ ਵਾਲੇ ਨੌਜਵਾਨ ਮਿਲ ਜਾਣਗੇ ਜੋ ਚਾਰ ਸਾਲਾਂ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਦੇ ਦਫ਼ਤਰਾਂ ਵਿਚ ਆਪਣੇ ਨੇਤਾਵਾਂ ਨੂੰ ਸਲੂਟ ਮਾਰਿਆ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਕਹੀਣ ਕਦਮ ਨਾਲ ਕੌਮੀ ਸੁਰੱਖਿਆ ਖਤਰੇ ਵਿਚ ਪੈਣ ਦੇ ਨਾਲ-ਨਾਲ ਭਾਰਤੀ ਫੌਜ ਦੀ ਮੂਲ ਭਾਵਨਾ ਨੂੰ ਵੀ ਸੱਟ ਵੱਜੇਗੀ। ਭਗਵੰਤ ਮਾਨ ਨੇ ਭਾਜਪਾ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਇਸ ਅਣਉਚਿਤ ਕਦਮ ਦਾ ਸਮਰਥਨ ਕਰਨ ਲਈ ਹਵਾਈ ਕਿਲ੍ਹੇ ਉਸਾਰਨੇ ਬੰਦ ਕਰਨ ਕਿਉਂ ਜੋ ਇਹ ਕਦਮ ਮੁਲਕ ਦੇ ਹਿੱਤ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਆਪਣੇ ਦੇਸ਼ ਅਤੇ ਫੌਜ ਨਾਲ ਜਨੂੰਨ ਅਤੇ ਪਿਆਰ ਕਰਨ ਵਾਲੇ ਨੌਜਵਾਨ ਦੇ ਖਿਲਾਫ਼ ਹੈ।
ਮੁੱਖ ਮੰਤਰੀ ਨੇ ਭਾਜਪਾ ਨੇਤਾਵਾਂ ਨੂੰ ਇਹ ਦੱਸਣ ਲਈ ਕਿਹਾ ਕਿ ‘ਕਿਰਾਏ ਉਤੇ ਫੌਜ’ ਭਰਤੀ ਕਰਨ ਵਾਲਾ ਮੁਲਕ ਘੁਸਪੈਠੀਆਂ ਅਤੇ ਦੁਸ਼ਮਣਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰੇਗਾ। ਉਨ੍ਹਾਂ ਨੇ ਸੁਚੇਤ ਕੀਤਾ ਕਿ ਇਹ ਕਦਮ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਘਾਤਕ ਸਿੱਧ ਹੋਵੇਗਾ। ਭਾਰਤੀ ਫੌਜ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸੰਭਾਲ ਕਰਨ ਦੀ ਸ਼ਾਨਦਾਰ ਰਵਾਇਤ ਦੀ ਮਿਸਾਲ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇਕਰ ਇਸ ਸਕੀਮ ਹੇਠ ਭਰਤੀ ਹੋਇਆ ਕੋਈ ਵੀ ਸੈਨਿਕ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਹਾਸਲ ਕਰ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਕੌਣ ਕਰੇਗਾ ਕਿਉਂ ਜੋ ਸਕੀਮ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਇਸ ਸਕੀਮ ਨੂੰ ਵਾਪਸ ਲੈਣ ਜਾਂ ਇਸ ਦੀ ਸਮੀਖਿਆ ਕਰਨ ਲਈ ਰੱਖਿਆ ਕਮੇਟੀ ਨੂੰ ਸੌਂਪ ਦੇਣ ਉਤੇ ਜ਼ੋਰ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਖਤਰਨਾਕ ਕਦਮ ਉਤੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਭਾਈਵਾਲਾਂ ਨਾਲ ਸਹਿਮਤੀ ਬਣਾਉਣੀ ਚਾਹੀਦੀ ਸੀ। ਭਗਵੰਤ ਮਾਨ ਨੇ ਕਿਹਾ, “ਮੈਂ ਉਨ੍ਹਾਂ ਨੂੰ ਮਿਲ ਕੇ ਦੱਸਾਂਗਾ ਕਿ ਉਹ ਇਸ ਸਕੀਮ ਨੂੰ ਵਾਪਸ ਲੈ ਲੈਣ ਨਹੀਂ ਤਾਂ ਘਾਤਕ ਖੇਤੀ ਕਾਨੂੰਨਾਂ ਦੇ ਵਾਂਗ ਲੋਕ ਅਜਿਹਾ ਕਰਨ ਲਈ ਉਨ੍ਹਾਂ ਨੂੰ ਮਜਬੂਰ ਕਰ ਦੇਣਗੇ।”

Leave a Reply

Your email address will not be published. Required fields are marked *

English Hindi Punjabi