ਸੰਧਵਾਂ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੱਦਾ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 28 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਅਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਦਾ ਸੱਦਾ ਦਿੱਤਾ ਹੈ।
ਇੱਥੋਂ ਜਾਰੀ ਆਪਣੇ ਸੰਦੇਸ਼ ਵਿੱਚ ਸੰਧਵਾਂ ਨੇ ਕਿਹਾ ਕਿ ਇਸ ਦਿਨ ਆਓ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੱਧ ਤੋਂ ਵੱਧ ਰੁੱਖ ਲਗਾਕੇ ਉਹਨਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੋਈਏ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਬਚਨਾਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਉੱਤੇ ਪਹਿਰਾ ਦਿੰਦੇ ਹੋਏ ਕੁਦਰਤੀ ਸਰੋਤਾਂ ਦੀ ਅਹਿਮੀਅਤ ਨੂੰ ਸਮਝਣ ਲਈ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣਾ ਚਾਹੀਦਾ ਹੈ। ਸਪੀਕਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਮਨੁੱਖ ਨੇ ਇਸ ਕਦਰ ਪਾਣੀ, ਹਵਾ ਅਤੇ ਧਰਤੀ ‘ਤੇ ਪ੍ਰਦੂਸ਼ਣ ਫੈਲਾ ਦਿੱਤਾ ਹੈ ਕਿ ਨਿੱਤ ਨਵੀਆਂ ਬਿਮਾਰੀਆਂ ਮਨੁੱਖਾਂ ਸਮੇਤ ਹਰੇਕ ਜੀਵ ਜੰਤੂ ਨੂੰ ਆਪਣੀ ਜਕੜ ਵਿਚ ਲੈ ਰਹੀਆਂ ਹਨ। ਸੰਧਵਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੁਦਰਤ ਦੀ ਸੰਭਾਲ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਹਤਮੰਦ ਵਾਤਾਵਰਣ ਅਤੇ ਕੁਦਰਤ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਆਓ ਸਾਰੇ ਪ੍ਰਣ ਕਰੀਏ ਕਿ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਉਹ ਸਾਰੇ ਕਾਰਜ ਕਰੀਏ ਜਿਸ ਨਾਲ ਨਰੋਆ ਕੁਦਰਤੀ ਵਾਤਾਵਰਣ ਬਣਿਆਂ ਰਹੇ।