www.sursaanjh.com > News > ਸੰਗਰੂਰ ਵਿੱਚ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ

ਸੰਗਰੂਰ ਵਿੱਚ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ

ਸੰਗਰੂਰ ਵਿੱਚ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ
ਇਹ ਕਦਮ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਉਪਰਾਲਾ 
ਇਹ ਪੰਜਾਬ ਵਿੱਚ ਇੰਡੋ-ਡੱਚ ਸਮਝੌਤੇ ਨਾਲ ਸਥਾਪਿਤ ਹੋਣ ਵਾਲਾ ਤੀਜਾ ਸੈਂਟਰ ਆਫ ਐਕਸੀਲੈਂਸ ਹੋਵੇਗਾ: ਬਾਗਬਾਨੀ ਮੰਤਰੀ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 29 ਜੁਲਾਈ:
ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦਾ ਬਦਲ ਮੁਹੱਈਆ ਕਰਵਾਉਣ ਦੀ ਇੱਕ ਹੋਰ ਪਹਿਲਕਦਮੀ ਵਜੋਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਵਿਖੇ ਪਿਆਜ਼ ਲਈ ਅਤਿ-ਆਧੁਨਿਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਇੰਡੋ-ਡੱਚ ਸਮਝੌਤੇ ਨਾਲ ਸਥਾਪਿਤ ਕੀਤਾ ਜਾਣ ਵਾਲਾ ਇਹ ਤੀਜਾ ਸੈਂਟਰ ਆਫ ਐਕਸੀਲੈਂਸ ਹੋਵੇਗਾ। ਕੈਬਨਿਟ ਮੰਤਰੀ ਨੀਦਰਲੈਂਡ ਦੇ ਪੀਯੂਐਮ ਮਾਹਿਰ ਸ੍ਰੀ ਤਾਰਟ ਹਾਫਮੈਨਪਮ ਅਤੇ ਬਾਗਬਾਨੀ ਵਿਭਾਗ, ਪੰਜਾਬ ਦੇ ਡਾਇਰੈਕਟਰ ਸ਼ੈਲੇਂਦਰ ਕੌਰ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਸੰਯੁਕਤ ਡਾਇਰੈਕਟਰ ਬਾਗਬਾਨੀ ਡਾ. ਦਿਨੇਸ਼ ਕੁਮਾਰ ਵੀ ਹਾਜ਼ਰ ਸਨ।
ਬਾਗਬਾਨੀ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਇਸ ਸੈਂਟਰ ਦਾ ਉਦੇਸ਼ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਪਿਆਜ਼ ਦੀ ਕਾਸ਼ਤ ਵਿੱਚ ਨਵੀਨਤਮ ਤਕਨੀਕੀ ਅਤੇ ਵਿਗਿਆਨਕ ਕਾਂਢਾਂ ਤੋਂ ਜਾਣੂ ਕਰਵਾਉਣਾ ਹੈ ਬਲਕਿ ਦੋ-ਫਸਲੀ ਪ੍ਰਣਾਲੀ, ਜਿਸ ਦੇ ਨਤੀਜੇ ਵਜੋਂ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ, ਦੇ ਰਵਾਇਤੀ ਚੱਕਰ ਤੋਂ ਵੀ ਬਾਹਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਫ਼ਸਲਾਂ ਅਤੇ ਨਵੀਨਤਮ ਤਕਨੀਕਾਂ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਡੱਚ ਤਕਨਾਲੋਜੀ ਦੀ ਵਰਤੋਂ ਕਰਕੇ ਪਿਆਜ਼ ਦੇ ਉਤਪਾਦਨ ਨੂੰ 22 ਟਨ ਤੋਂ ਵਧਾ ਕੇ 40 ਟਨ ਪ੍ਰਤੀ ਹੈਕਟੇਅਰ ਕਰਨ ਅਤੇ ਡੱਚ ਦੀ ਨਵੀਨਤਮ ਸਟੋਰੇਜ ਤਕਨਾਲੋਜੀ ਦੀ ਵਰਤੋਂ ਕਰਕੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ 30 ਫ਼ੀਸਦ ਤੱਕ ਘਟਾਏਗਾ। ਉਨ੍ਹਾਂ ਦੱਸਿਆ ਕਿ ਇਹ ਸੈਂਟਰ 10 ਕਰੋੜ ਰੁਪਏ ਦੀ ਲਾਗਤ ਨਾਲ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਸਥਾਪਿਤ ਕੀਤਾ ਜਾਵੇਗਾ। ਇਸ ਸੈਂਟਰ ਵਿੱਚ ਪਿਆਜ਼ ਦੀ ਨਰਸਰੀ ਲਈ ਉੱਦਮੀ ਬਣਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸੈਂਟਰ ਦਾ ਲਾਭ ਪਿੰਡਾਂ ਵਿੱਚ ਦਿੱਤਾ ਜਾਵੇਗਾ।
ਬਾਗਬਾਨੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵੱਲੋਂ ਪਿਆਜ਼ ਦੀ 25 ਫੀਸਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸ ਸੈਂਟਰ ਦੀ ਸਥਾਪਨਾ ਹੋਣ ਨਾਲ 3 ਸਾਲਾਂ ਵਿੱਚ ਪਿਆਜ਼ ਦੀ ਕਾਸ਼ਤ ਅਧੀਨ ਰਕਬਾ ਵਧ ਕੇ 60000 ਏਕੜ ਹੋ ਜਾਵੇਗਾ। ਮੌਜੂਦਾ ਸਮੇਂ 25000 ਏਕੜ ਰਕਬੇ ਵਿੱਚ ਪਿਆਜ਼ ਦੀ ਖੇਤੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦੋ ਇੰਡੋ-ਡੱਚ ਕੇਂਦਰਾਂ ਵਿੱਚ ਧੋਗ੍ਰੀ, ਜਲੰਧਰ ਵਿੱਚ ਸਥਾਪਤ ਆਲੂਆਂ ਲਈ ਸੈਂਟਰ ਆਫ ਐਕਸੀਲੈਂਸ ਸ਼ਾਮਲ ਹੈ, ਜਿਸ ਵਿੱਚ ਆਲੂਆਂ ਦੇ ਬੀਜ ਦੇ ਬਹੁਤ ਹੀ ਸ਼ੁੱਧ ਰੂਪ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਜਦੋਂ ਕਿ ਦੋਰਾਹਾ, ਲੁਧਿਆਣਾ ਵਿਖੇ ਫੁੱਲਾਂ ਦੀ ਖੇਤੀ ਸਬੰਧੀ ਇੱਕ ਹੋਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਬੀਜ ਉਤਪਾਦਨ ਤਕਨੀਕ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ ਪੰਜਾਬ ਵਿੱਚ ਦੋ ਇੰਡੋ-ਇਜ਼ਰਾਈਲ ਸੈਂਟਰ ਆਫ ਐਕਸੀਲੈਂਸ ਵੀ ਹਨ, ਜਿਨ੍ਹਾਂ ਵਿੱਚ ਜਲੰਧਰ ਦੇ ਕਰਤਾਰਪੁਰ ਵਿਖੇ ਸਬਜ਼ੀਆਂ ਅਤੇ ਹੁਸ਼ਿਆਰਪੁਰ ਦੇ ਖਨੌਰਾ ਵਿਖੇ ਫਲਾਂ (ਖੱਟੇ ਫ਼ਲ) ਸਬੰਧੀ ਸੈਂਟਰ ਸ਼ਾਮਲ ਹਨ।

Leave a Reply

Your email address will not be published. Required fields are marked *