ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:
ਪੰਜਾਬ ਦੀ ਮਿੱਟੀ ਦਾ ਇਹ ਸੁਭਾਅ ਹੈ ਕਿ ਇਸਨੂੰ ਜਿੰਨਾਂ ਕੁੱਟੋਂਗੇ, ਇਹ ਮੋੜਵੇਂ ਰੂਪ ਵਿੱਚ ਉੱਨੀ ਹੀ ਤਕੜੀ ਹੋ ਕੇ ਨਿਕਲ਼ੇਗੀ/ ਜਸਪਾਲ ਮਾਨਖੇੜਾ
“ਹਰ ਮਿੱਟੀ ਦੀ ਆਪਣੀ ਖ਼ਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ,
ਹਰ ਜ਼ਖ਼ਮੀ ਮੱਥਾ ਝੁਕਦਾ ਨਾਹੀਂ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ…।”


ਪੰਜਾਬ ਦੀ ਮਿੱਟੀ ਦਾ ਇਹ ਸੁਭਾਅ ਹੈ ਕਿ ਇਸਨੂੰ ਜਿੰਨਾਂ ਕੁੱਟੋਂਗੇ ਇਹ ਮੋੜਵੇਂ ਰੂਪ ਵਿੱਚ ਉੱਨੀ ਹੀ ਤਕੜੀ ਹੋ ਕੇ ਨਿਕਲ਼ੇਗੀ। ਪੰਜਾਬ ਦੇ ਇਤਿਹਾਸ ਵਿੱਚ ਚੱਲੀਆਂ ਲੋਕ ਲਹਿਰਾਂ ਵੇਖ ਲਵੋ, ਉਨ੍ਹਾਂ ਉਪਰ ਜਿੰਨਾਂ ਜ਼ਬਰ ਹੋਇਆ, ਉਹ ਦਬਿਆ ਨਹੀਂ। ਲੋਕਾਂ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਹੋਰ ਪੱਕੀਆਂ ਹੋਈਆਂ ਹਨ।
ਕਿਰਤੀ ਲੋਕਾਂ ਦੀ ਹੁੰਦੀ ਲੁੱਟ ਅਤੇ ਜ਼ਬਰ ਨਾਲ ਆਵਾਮ ਤੇ ਜ਼ੁਲਮ ਦਾ ਇੱਕ ਹੋਰ ਹਥਿਆਰ ਹੈ, ਲੜਕੀਆਂ, ਔਰਤਾਂ ਦੀ ਪੱਤ ਲੁੱਟਣਾ, ਇੱਜ਼ਤ ਖੇਹ-ਖ਼ਰਾਬ ਕਰਨਾ। ਅਣਭੋਲ ਲੜਕੀਆਂ ਨੂੰ ਪ੍ਰੇਮ-ਜਾਲ ‘ਚ ਫਸਾ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਣਾ। ਉਸ ਤੋਂ ਵੀ ਅੱਗੇ ਧੱਕੇ ਨਾਲ ਅਗਵਾ, ਰੇਪ, ਕਤਲ ਕਰਨਾ। ਇਸ ਤਰ੍ਹਾਂ ਦੇ ਜ਼ੁਲਮੀ ਕਾਰੇ ਦੇਸ਼ ਭਰ ਵਿੱਚ ਹੀ ਹੋਏ ਹਨ, ਹੋ ਰਹੇ ਹਨ। ਮਨੀਪੁਰ ਦੀਆਂ ਤਾਜ਼ਾ ਘਟਨਾਵਾਂ ਇਸ ਦੀ ਨੇੜੇ ਦੀ ਮਿਸਾਲ ਹਨ। ਪੰਜਾਬ ਵਿੱਚ ਵੀ ਅਗਵਾ, ਰੇਪ, ਕਤਲ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਬਹੁਤੇ ਕੇਸਾਂ ਵਿੱਚ ਗਰੀਬ ਅਤੇ ਸਾਧਨ ਹੀਣ ਮਾਪੇ ਸਬਰ ਕਰ, “ਰੱਬ ਦਾ ਭਾਣਾ ਮੰਨ” ਚੁੱਪ ਕਰ ਜਾਂਦੇ ਹਨ।ਕਈ ਕੇਸਾਂ ਵਿੱਚ ਮਾਪੇ ਜੇਰਾ ਕਰਦੇ ਨੇ। ਲੋਕ ਉਨ੍ਹਾਂ ਨਾਲ ਜੁੜਦੇ ਨੇ। ਲੋਕ ਜਥੇਬੰਦੀਆਂ ਅਗਵਾਈ ਦਿੰਦੀਆਂ ਨੇ। ਲੋਕ ਘੋਲ ਚੱਲਦੇ ਹਨ। ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ।
ਦੇਸ ਭਰ ਅਤੇ ਪੰਜਾਬ ਚੋਂ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਚੋਂ ਤੱਥ, ਸਮੱਗਰੀ ਲੈ ਕੇ ਸਿਰਜਿਆ ਹੈ ਇਹ ਨਾਵਲ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ। ਯਥਾਰਥਵਾਦੀ ਲੇਖਕ ਆਪਣੀ ਰਚਨਾ ਦੇ ਬੀਅ ਆਪਣੇ ਆਲ਼ੇ ਦੁਆਲ਼ੇ ਤੋਂ ਹੀ ਲੈਂਦਾ ਹੈ।
ਇਸ ਨਾਵਲ ਦੀ ਮੁੱਖ ਧੁਨੀ ਹੈ…….“ਜੇ ਲੋਕ ਇਕੱਠੇ ਹੋ ਕੇ ਲੜਦੇ ਹਨ ਤਾਂ ਜਿੱਤ ਜਾਂਦੇ ਹਨ। ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ।” ਤਿੰਨ ਚਾਰ ਸਾਲਾਂ ਦੀ ਮਿਹਨਤ, ਕਈ ਪੜਤਾਂ ‘ਚ ਲਿਖ ਲੈਣ ਬਾਅਦ ਅਤੇ ਅਨੇਕਾਂ ਵਾਰ ਪੜ੍ਹ ਸੋਧ ਲੈਣ ਬਾਅਦ ਤੁਹਾਡੇ ਹੱਥਾਂ ਵਿੱਚ ਹੈ ਇਹ ਨਾਵਲ….“ਹਰ ਮਿੱਟੀ ਦੀ ਆਪਣੀ ਖ਼ਸਲਤ।” ਇਸਨੂੰ ਪੀਪਲਜ਼ ਫੋਰਮ ਬਰਗਾੜੀ ਨੇ ਬੜੀ ਨੀਝ ਨਾਲ ਛਾਪਿਆ ਹੈ।
ਜਸਪਾਲ ਮਾਨਖੇੜਾ
(30.07.2023)

