www.sursaanjh.com > ਚੰਡੀਗੜ੍ਹ/ਹਰਿਆਣਾ > ਈਕੋ ਸਿਟੀ ਵਨ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਈਕੋ ਸਿਟੀ ਵਨ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਈਕੋ ਸਿਟੀ ਵਨ ਵਿੱਚ ਮਨਾਇਆ ਤੀਆਂ ਦਾ ਤਿਉਹਾਰ
ਚੰਡੀਗੜ੍ਹ 2 2 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਧੀਆਂ ਦਾ ਤਿਓਹਾਰ ਤੀਆਂ ਪੰਜਾਬ  ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਬੇਸ਼ੱਕ ਅੱਜ ਕੱਲ ਪਿੰਡਾਂ ਦੇ ਵਿੱਚ ਓਹ ਮਾਹੌਲ ਨਹੀਂ ਰਹੇ, ਨਾ ਹੀ ਕਿਧਰੇ ਪੀਂਘਾਂ ਪੈਂਦੀਆਂ ਹਨ ਅਤੇ ਨਾ ਹੀ ਕਿਧਰੇ ਤ੍ਰਿੰਜਣਾਂ ਲਗਦੀਆਂ ਨੇ, ਪਰ ਕੁੱਝ ਕੁ ਲੋਕ ਇਹੋ ਜਿਹੇ ਹਨ ਜੋ ਇਸ ਵਿਰਸੇ ਨੂੰ ਸਾਂਭੀ ਬੈਠੇ ਹਨ ਅਤੇ ਹਰ ਸਾਲ ਤੀਆਂ ਦਾ ਤਿਉਹਾਰ ਉਨ੍ਹਾਂ ਵੱਲੋਂ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਈਕੋ ਸਿਟੀ ਵਨ ਨਿਊ ਚੰਡੀਗੜ੍ਹ ਵਿਖੇ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਦੀਆਂ ਬੀਬੀਆਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵੱਖ ਵੱਖ ਤਰਾਂ ਦੀਆਂ ਵਿਰਾਸਤੀ ਪੌਸ਼ਾਕਾਂ, ਤਿੱਲੇਦਾਰ ਪੰਜਾਬੀ ਜੁੱਤੀਆਂ ਪਾ ਕੇ ਪੂਰੇ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਚਾਵਾਂ ਮਲ੍ਹਾਰਾਂ ਨਾਲ ਤੀਆਂ ਦੇ ਤਿਉਹਾਰ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਤੋਂ ਇਲਾਵਾ ਸੁਸਾਇਟੀ ਦੇ ਖੁੱਲ੍ਹੇ ਪਾਰਕ ਵਿੱਚ ਲੱਗੇ ਇਸ ਤੀਆਂ ਦੇ ਮੇਲੇ ਵਿੱਚ ਔਰਤਾਂ ਦੇ ਹਾਰ ਸ਼ਿੰਗਾਰ, ਚੂੜੀਆਂ, ਸੁਰਖ਼ੀ ਬਿੰਦੀ ਅਤੇ ਹੋਰ ਸਮਾਨ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ ਸਨ। ਬੱਚਿਆਂ ਦੇ ਲਈ ਸਪੈਸ਼ਲ ਮੌਕੀਂਮਾਉਸ ਦਾ ਬੰਦੋਬਸਤ ਕੀਤਾ ਗਿਆ ਸੀ ਕਿ ਬੱਚੇ ਇਸ ਤੇ ਖੇਡਦੇ ਰਹਿਣ। ਇਸ ਮੇਲੇ ਵਿੱਚ ਜਿੱਥੇ ਪੰਜਾਬ ਦੇ ਰੰਗ ਵੇਖਣ ਨੂੰ ਮਿਲੇ ਓਥੇ ਹੀ ਸੁਸਾਇਟੀ ਵਿੱਚ ਵੱਖ-ਵੱਖ ਸਟੇਟਾਂ ਤੋਂ ਆ ਕੇ ਵਸੀਆਂ ਹੋਈਆਂ ਔਰਤਾਂ ਆਪਣੇ ਆਪਣੇ ਸਟੇਟ ਦੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਕਰ ਕੇ ਇਸ ਤੀਆਂ ਦੇ ਤਿਉਹਾਰ ਵਿੱਚ ਪਹੁੰਚੀਆਂ। ਕੁਝ ਵੱਧ ਉਮਰ ਦੀਆਂ ਔਰਤਾਂ ਵੱਲੋਂ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਗਿੱਧੇ ਵਿੱਚ ਬੋਲੀਆਂ ਪਾ ਕੇ, ਪੁਰਾਣੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਡੀਜੇ ਤੇ ਵੀ ਸਾਰੀਆਂ ਸਟੇਟ ਦੀਆਂ ਔਰਤਾਂ ਵੱਲੋਂ ਆਪਣੇ ਪਸੰਦੀਦਾ ਗੀਤ ਲਗਵਾ ਕੇ ਡਾਂਸ ਕੀਤਾ ਗਿਆ। ਪਿੰਡਾਂ ਵਿਚੋਂ ਆ ਕੇ ਵਸੀਆਂ ਧੀਆਂ  ਵੱਲੋਂ ਵਿਰਾਸਤੀ ਸੱਭਿਆਚਾਰਕ ਗੀਤਾਂ, ਬੋਲੀਆਂ ਉਤੇ ਨੱਚ ਟੱਪ ਖੂਬ ਅਨੰਦ ਮਾਣਿਆ। ਸਾਰਿਆਂ ਵੱਲੋਂ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਗਿਆ।
ਇਸ ਤੀਆਂ ਦੇ ਮੇਲੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਹੁੰਚਣਾ ਸੀ ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਉਹ ਨਾ ਪਹੁੰਚ ਸਕੇ ਅਤੇ ਉਹਨਾਂ ਦੇ ਭਾਬੀ ਸਰਬਜੋਤ ਕੌਰ ਮਾਨ ਵੱਲੋਂ ਹਾਜ਼ਰੀ ਭਰੀ ਗਈ। ਉਹਨਾਂ ਵੱਲੋਂ ਸਾਰਿਆਂ ਨਾਲ ਨੱਚ ਟੱਪ ਕੇ ਖੁਸ਼ੀ ਮਨਾਈ ਗਈ ਅਤੇ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਧੀਆਂ ਨੂੰ ਦੱਸਿਆ ਗਿਆ ਕਿ ਸਹੁਰੇ ਪਰਿਵਾਰ ਨੂੰ ਵੀ ਆਪਣੇ ਪੇਕੇ ਪਿੰਡ ਦੇ ਪਰਿਵਾਰ ਵਾਗ ਸਮਝਣਾ ਚਾਹੀਦਾ ਹੈ। ਆਪਣੀ ਸੁਸਾਇਟੀ ਵਿੱਚ ਹੋਏ ਇਸ ਤੀਆਂ ਦੇ ਤਿਉਹਾਰ ਦੇ ਪ੍ਰੋਗਰਾਮ ਵਿੱਚ ਬਣੇ ਪਿੰਡ ਵਰਗੇ ਮਹੌਲ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆ। ਇਸ ਮੌਕੇ ਡਾਕਟਰ ਸੁਨੈਨਾ ਗੁਪਤਾ (ਡੈਟਲ ਪਲਾਜ਼ਾ) ਪ੍ਰਧਾਨ ਵੂਮੈਨ ਵੈਲਫੇਅਰ ਐਸੋਸੀਏਸ਼ਨ ਈਕੋ ਸਿਟੀ ਵਨ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਨਵਨੀਤ ਧਾਲੀਵਾਲ, ਸਰਬਜੀਤ ਕੌਰ, ਅੰਜੂ ਠਾਕੁਰ, ਨੀਨਾ ਪੁਰੀ, ਨੇਹਾ, ਸੈਫ਼ੀ, ਮੀਰਾ ਠਾਕੁਰ, ਪੂਨਮ ਗੁਲੇਰੀਆ, ਸਿਮਰਨ ਕਪੂਰ, ਮਾਇਆ  ਅਤੇ ਨੀਲਮ ਸਿੰਗਲਾ, ਰਾਜ ਕੁਮਾਰੀ ਦਾ ਅਹਿਮ ਯੋਗਦਾਨ ਰਿਹਾ। ਅਖੀਰ ਵਿੱਚ ਡਾਕਟਰ ਸੁਨੈਨਾ ਗੁਪਤਾ ਵੱਲੋਂ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *