www.sursaanjh.com > ਅੰਤਰਰਾਸ਼ਟਰੀ > ਸੰਭਲ ਕੇ ਚੱਲੋ, ਕਈ ਵਾਰੀ ਸੁਸਤ ਬੰਦੇ ਵੀ ਚੁਸਤ-ਚਲਾਕ ਬੰਦਿਆਂ ਨੂੰ ਦਰੜ ਕੇ ਅੱਗੇ ਤੋਂ ਅੱਗੇ ਨਿਕਲ ਜਾਂਦੇ ਹਨ – ਸਾਹਿਬ ਸ੍ਰੀ ਕਾਂਸ਼ੀ ਰਾਮ

ਸੰਭਲ ਕੇ ਚੱਲੋ, ਕਈ ਵਾਰੀ ਸੁਸਤ ਬੰਦੇ ਵੀ ਚੁਸਤ-ਚਲਾਕ ਬੰਦਿਆਂ ਨੂੰ ਦਰੜ ਕੇ ਅੱਗੇ ਤੋਂ ਅੱਗੇ ਨਿਕਲ ਜਾਂਦੇ ਹਨ – ਸਾਹਿਬ ਸ੍ਰੀ ਕਾਂਸ਼ੀ ਰਾਮ

ਸੰਭਲ ਕੇ ਚੱਲੋ, ਕਈ ਵਾਰੀ ਸੁਸਤ ਬੰਦੇ ਵੀ ਚੁਸਤ-ਚਲਾਕ ਬੰਦਿਆਂ ਨੂੰ ਦਰੜ ਕੇ ਅੱਗੇ ਤੋਂ ਅੱਗੇ ਨਿਕਲ ਜਾਂਦੇ ਹਨ
(ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।)
ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:
ਘਟਨਾ 2001 ਦੀ ਹੈ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ,  ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਫਗਵਾੜਾ ਗੈਸਟ ਹਾਊਸ ਵਿੱਚ ਰੁਕੇ ਹੋਏ ਸਨ। ਸਾਹਿਬ ਨੂੰ ਮਿਲਣ ਲਈ ਐਸਸੀ/ਬੀਸੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਮਲਾਗਰ ਸਿੰਘ ਅਤੇ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਗੁਰਮੇਲ ਸਿੰਘ ‘ਚੰਦੜ’ ਸਾਹਿਬ ਨੂੰ ਫੰਡ ਦੇਣ ਦੇ ਸੰਬੰਧ ਵਿੱਚ ਮਿਲਣ ਲਈ ਪਹੁੰਚੇ। ਇਸ ਤੋਂ ਇਲਾਵਾ ਇਸ ਮੌਕੇ ‘ਤੇ ਮਾਸਟਰ ਸੱਤਪਾਲ ਰਟੈਂਡਾ ਤੇ ਮਾਸਟਰ ਸੋਹਣ ਲਾਲ ‘ਮੁਕੰਦਪੁਰ’ ਵੀ ਸਨ।
ਸਾਹਿਬ ਨੇ ਸਰਸਰੀ ਜਿਹੇ ਵਿਅੰਗਮਈ ਲਹਿਜ਼ੇ ਵਿੱਚ ਸਵਾਲ ਕਰਦਿਆਂ ਕਿਹਾ ਕਿ ਚੋਣਾਂ ਨੂੰ ਲੈ ਕੇ ਫੀਲਡ ਵਿੱਚ ਕੰਮ ਕਿਵੇਂ ਕਰ ਰਹੇ ਹੋ। ਮਾਸਟਰ ਸੋਹਣ ਲਾਲ ਨੇ ਬੜੀ ਹੀ ਕਾਹਲੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਸਾਹਿਬ ਜੀ ਫੀਲਡ ਵਿੱਚ ਬਹੁਤ ਹੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਤੇ ਚੜ੍ਹਦੀ ਕਲਾ ਵਿੱਚ ਹੋ ਰਿਹਾ ਹੈ।
ਸਾਹਿਬ ਦਾ ਦਾਰਸ਼ਨਿਕ ਜਵਾਬ ਸੁਨਣ ਹੀ ਵਾਲਾ ਸੀ ਕਿ ਬਹੁਤੀ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਕੰਮ ਕਰਨਾ ਹੈ, ਠਰੰਮੈ ਨਾਲ ਕਰਨਾ, ਜਿਗਰਾ ਰੱਖ ਕੇ ਕਰਨਾ ਅਤੇ ਇਮਾਨਦਾਰੀ ਨਾਲ ਕਰਨਾ ਹੈ, ਖੁਦਗਰਜ਼ੀ ਤੋਂ ਦੂਰ ਰਹਿਕੇ ਕਰਨਾ ਹੈ। ਕਿਉਂਕਿ ਇਹ ਤੁਹਾਡੇ ਘਰ ਦਾ ਕੰਮ ਨਹੀਂ, ਮਿਸ਼ਨ ਦਾ ਕੰਮ ਹੈ ਤੇ ਸਮਾਜ ਦਾ ਕੰਮ ਹੈ। ਸਮਾਜ ਦਾ ਕੰਮ ਕਰਨ ਲਈ ਸੰਭਲ ਕੇ ਚੱਲਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਸੁਸਤ ਬੰਦੇ ਵੀ ਚੁਸਤ ਚਲਾਕ ਬੰਦਿਆਂ ਨੂੰ ਦਰੜ ਕੇ ਅੱਗੇ ਤੋਂ ਅੱਗੇ ਨਿਕਲ ਜਾਂਦੇ ਹਨ। ਚੁਸਤ-ਚਲਾਕ ਬੰਦੇ ਆਪਣੀ ਚੁਸਤੀ ਵਿਖਾਉਂਦੇ ਵਿਖਾਉਂਦੇ ਧੜੰਮ ਕਰਕੇ ਮੂਧੇ ਮੂੰਹ ਡਿੱਗ ਪੈਂਦੇ ਹਨ ਅਤੇ ਆਪਣੇ ਹੱਥ, ਪੈਰ, ਲੱਤਾਂ ਅਤੇ ਬਾਹਾਂ ਨੂੰ  ਤੁੜਵਾ ਲੈਂਦੇ ਹਨ ਤੇ ਉਨ੍ਹਾਂ ਡਿੱਗਿਆਂ ਦੇ ਉਤੋਂ ਦੀ ਸੁਸਤ ਬੰਦੇ ਆਪਣੇ ਪੈਰਾਂ ਨਾਲ਼ ਉਹਨਾਂ ਨੂੰ ਦਰੜ ਕੇ ਉਹਨਾਂ ਤੋਂ ਅੱਗੇ ਤੋਂ ਅੱਗੇ ਨਿਕਲ ਜਾਂਦੇ ਹਨ ਤੇ ਮੁੜਕੇ ਸਾਰੀ ਜ਼ਿੰਦਗੀ ਡਿੱਗੇ ਹੋਏ ਚੁਸਤ ਬੰਦਿਆਂ ਨੂੰ ਫਿਰ ਉੱਠਣ ਦਾ ਮੌਕਾ ਹੀ ਨਹੀਂ ਮਿਲਦਾ।
ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਇੱਕ ਗੱਲ ਅਕਸਰ ਹੀ ਆਪਣੇ ਸਮਾਜ ਦੇ ਲੋਕਾਂ ਨੂੰ ਕਿਹਾ ਕਰਦੇ ਸਨ ਕਿ ਜੇਕਰ ਤੁਸੀਂ ਮੇਰੀ ਗੱਲ ਨੂੰ ਮੰਨ ਕੇ ਇੱਕ ਪਲੇਟਫਾਰਮ ‘ਤੇ ਇਕਠੇ ਹੋ ਜਾਵੋ ਤਾਂ ਤੁਸੀਂ ਸ਼ੇਰ ਦਾ ਮੁਕਾਬਲਾ ਵੀ ਬੜੀ ਅਸਾਨੀ ਨਾਲ ਕਰ ਸਕਦੇ ਹੋ।
ਅਗਰ ਤੁਸੀਂ ਐਮ.ਪੀ./ਐਮ.ਐਲ.ਏ.ਜਾਂ ਮੰਤਰੀ ਹੋ ਤਾਂ ਕੀ ਹੋਇਆ? ਪਰ ਜੇ ਤੁਹਾਨੂੰ ਸਮਾਜਿਕ ਵਿਵਸਥਾ ਦੀ ਹੀ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਬੋਰੇ ਵਿਚਲੇ ਗਲ਼ੇ- ਸੜੇ ਆਲੂ ਤੋਂ ਵੱਧ ਕੁੱਝ ਵੀ ਨਹੀਂ ਹੋ – ਸਾਹਿਬ ਕਾਂਸ਼ੀ ਰਾਮ।*
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ – ਪੰਮੀ ਲਾਲੋ ਮਜਾਰਾ-ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ – 95011-43755
ਪੇਸ਼ਕਰਤਾ: ਇੰਜੀਨੀਅਰ ਤੇਜਪਾਲ ਸਿੰਘ-94177-94756, ਮੈਡਮ‌ ਸਤਵੰਤ ਕੌਰ (ਮਿਸ਼ਨਰੀ)-97811-00478
ਸਾਹਿਬ ਕਾਂਸ਼ੀ ਰਾਮ ਜੀ ਦੀ ਜ਼ਿੰਦਗੀ ਬਾਰੇ ਹਰ ਰੋਜ਼ ਇੱਕ ਲੇਖ ਛਾਪਿਆ ਜਾਂਦਾ ਹੈ। ਜੇਕਰ ਕਿਸੇ ਕਾਰਣ ਤੁਹਾਡੇ ਤੱਕ ਨਹੀਂ ਪਹੁੰਚਦਾ ਤਾਂ ਮੈਸਜ਼ ਕਰਕੇ ਮੰਗਵਾ ਸਕਦੇ ਹੋ। ਸਾਡੇ ਰਹਿਬਰਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ।ਇਸ ਕਰਕੇ ਵੱਧ ਤੋਂ ਵੱਧ ਸੇਅਰ ਕਰੋ।

Leave a Reply

Your email address will not be published. Required fields are marked *