ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ:
ਕੋਟਕਪੂਰਾ ਵਿੱਚ ਜੰਮੇ ਜਾਏ ਨਾਵਲਕਾਰ ਸ਼ਾਹ ਚਮਨ ਜੀ ਦੇ ਵੱਡੇ ਪੁੱਤਰ ਚੇਤਨਾ ਪ੍ਰਕਾਸ਼ਨ ਅਦਾਰੇ ਦੇ ਮੁਖੀ, ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਦਾ ਅੱਜ ਜਨਮ ਦਿਨ ਹੈ। ਮੁਬਾਰਕ! ਨਿਰੰਤਰ ਸੰਘਰਸ਼ ਦਾ ਨਾਮ ਹੈ ਸਤੀਸ਼। ਦੇਸ਼ ਬਦੇਸ਼ ਵਿੱਚ ਕਿਤਾਬਾਂ ਦੀ ਪਹੁੰਚ ਕਰਦਾ ਉਹ ਪਹਿਲਾ ਪ੍ਰਕਾਸ਼ਕ ਹੈ, ਜਿਸ ਨੇ ਬਦੇਸ਼ਾਂ ਚ ਵੱਡਾ ਪਾਠਕ ਵਰਗ ਪੈਦਾ ਕੀਤਾ ਹੈ।
ਖ਼ੁਦ ਬਹੁਤ ਵਧੀਆ ਗ਼ਜ਼ਲ ਕਹਿੰਦਾ ਹੈ। ਚੁੱਪ ਦੀਆਂ ਪਰਤਾਂ ਫ਼ੋਲਦਾ ਫ਼ੋਲਦਾ ਉਹ ਹੁਣ ਹਿੰਦੋਸਤਾਨੀ ਚ ਵੀ ਗ਼ਜ਼ਲ ਲਿਖ ਰਿਹੈ। ਲਗਪਗ ਪੰਦਰਾਂ ਸਾਲ ਪਹਿਲਾਂ ਉਸ ਦੀ ਇੱਕ ਮੁਲਾਕਾਤ ਪੜ੍ਹ ਕੇ ਉਸਦੇ ਜੀਵਨ ਸੰਘਰਸ਼ ਜਾਣਕੇ ਬਹੁਤ ਪ੍ਰਭਾਵਤ ਹੋਇਆ ਸਾਂ। ਮੇਰੀ ਕਾਵਿ ਪੁਸਤਕ “ਪਾਰਦਰਸ਼ੀ” ਵਿੱਚ ਉਸ ਬਾਰੇ ਛਪੀ ਕਵਿਤਾ ਤੁਹਾਡੇ ਸਨਮੁਖ ਪੇਸ਼ ਹੈ।
ਗਿਆਨ ਦੀ ਚੂਲੀ


(ਸਤੀਸ਼ ਗੁਲਾਟੀ ਦੇ ਨਾਂ)
ਗਿਆਨ ਅਤੇ ਵਿਗਿਆਨ ਦਾ ਸੂਰਜ,
ਸੁਹਜ ਸਿਰਜਣਾ ਧੜਕਣ ਬਣ ਕੇ,
ਜਦ ਮੱਥੇ ਵਿਚ ਬਣੇ ਚੇਤਨਾ।
ਕਾਲਾ ਅੰਬਰ ਜਗ ਮਗ ਜਗ ਮਗ,
ਨੂਰੋ ਨੂਰ ਪ੍ਰਿਥਵੀ ਸਾਰੀ।
ਚਾਨਣ ਚਾਨਣ ਕਰ ਜਾਂਦਾ ਹੈ।
ਗਿਆਨ ਦੀ ਚੂਲੀ ਮਨ ਮਸਤਕ ਵਿਚ,
ਨਵਾਂ ਸੁਨੇਹਾ ਹਰ ਦਸਤਕ ਵਿਚ,
ਸੱਖਣੇ ਮਨ ਦਾ ਖ਼ਾਲੀ ਭਾਂਡਾ,
ਨੱਕੋ ਨੱਕ ਫਿਰ ਭਰ ਜਾਂਦਾ ਹੈ।
ਗੀਤ ਦੇ ਸ਼ਬਦ ਚੇਤਨਾ ਅਲੋਕਾਰ ਹੈ,
ਇੱਕੋ ਤਾਰੀ ਦੇ ਵਿਚ ਬੰਦਾ,
ਸੱਤ ਸਮੁੰਦਰ ਤਰ ਜਾਂਦਾ ਹੈ।
ਪੁਸਤਕ ਦਾ ਸੰਸਾਰ ਵਚਿੱਤਰ,
ਰੌਸ਼ਨੀਆਂ ਦਾ ਅਜਬ ਚੰਦੋਆ,
ਸਿਰ ਦੇ ਉੱਪਰ ਤਣ ਜਾਂਦਾ ਹੈ।
ਜ਼ਿੰਦਗੀ ਵੀ ਇਕ ਇਮਤਿਹਾਨ ਹੈ,
ਪਾਸ ਕਰਦਿਆਂ,
ਬੰਦਾ ਡਿਗਰੀ ਬਣ ਜਾਂਦਾ ਹੈ।
ਧੁੱਪਾਂ ਦੀ ਗੁਫ਼ਤਾਰ ਸੁਣਦਿਆਂ,
ਛਾਵਾਂ ਥੱਲੇ ਨਿੱਸਲ ਹੋਈ,
ਉਸਨੂੰ ਚੁੱਪ ਨਿਰੰਤਰ ਡੰਗੇ।
ਤਾਂ ਹੀ ਉਹ ਹਰ ਮੌਸਮ ਕੋਲੋਂ,
ਡੂੰਘੀ ਚੁੱਪ ਦਾ ਉੱਤਰ ਮੰਗੇ।
ਗੁੰਗੀ ਧਰਤੀ ਉੱਪਰ ਵੱਸਦੇ,
ਗੁੰਗੇ ਫੁੱਟੀ ਅੱਖ ਨਾ ਭਾਉਂਦੇ।
ਤਾਂ ਹੀ ਉਸਦੀ ਛਤਰੀ ਉੱਤੇ,
ਸੁਖ਼ਨ ਸਿਰਜਦੇ ਪੰਛੀ ਬਹਿੰਦੇ,
ਬਾਤ ਸੁਣਾਉਂਦੇ।
ਉਸਦੀ ਅੱਖ ਵਿਚ ਖੌਰੇ ਕਿਹੜਾ ਵੱਖਰਾ ਸ਼ੀਸ਼ਾ,
ਵੇਖ ਰਿਹਾ ਜੋ ਚੁੱਪ ਦੇ ਬਾਹਰ ਨਾਲੇ ਅੰਦਰ।
ਨੀਰ ਨਦੀ ਦੇ ਵਹਿੰਦੇ ਕੋਲੋਂ,
ਚੁੱਪ ਚਪੀਤੇ ਪੁੱਛਦਾ ਰਹਿੰਦਾ,
ਕੀ ਹੈ ਤੇਰੇ ਮਨ ਦੇ ਮੰਦਰ।
ਸ਼ਬਦਾਂ ਦੀ ਪੌੜੀ ਦਰ ਪੌੜੀ,
ਚੜ੍ਹਦੀ ਲਹਿੰਦਾ ਉੱਡਦਾ ਰਹਿੰਦਾ।
ਅੰਦਰ ਵੱਲ ਨੂੰ ਖੁੱਲ੍ਹਦਾ ਬੂਹਾ,
ਅੰਤਰ ਮਨ ਦੀ ਮੂਕ ਵੇਦਨਾ,
ਆਪਣੀ ਜੀਭੋਂ ਕਦੇ ਨਾ ਕਹਿੰਦਾ।
ਦਰਦ ਸਮੁੰਦਰ ਤਰਦਾ ਤਰਦਾ,
ਉਹ ਹੁਣ ਜਿੱਥੇ ਪਹੁੰਚ ਗਿਆ ਹੈ।
ਉਸ ਤੋਂ ਅੱਗੇ ਅਗਨ ਨਦੀ ਹੈ, ਪਿੱਛੇ ਪਾਣੀ।
ਪਰ ਤੂੰ ਉਸਦੀ ਹਿੰਮਤ ਨੂੰ ਐਵੇਂ ਨਾ ਜਾਣੀਂ।
ਉਸ ਦੇ ਮੱਥੇ ਤੀਜਾ ਨੇਤਰ,
ਧੁਰੋਂ ਪਤਾਲੋਂ ਮਾਣਕ ਮੋਤੀ ਲੱਭ ਲਿਆਵੇ।
ਅੰਬਰ ਦੇ ਵਿਚ ਮਾਰ ਉਡਾਰੀ,
ਇਕ ਅੱਧ ਤਾਰਾ ਤੋੜ ਲਿਆਵੇ।
ਇਸ ਦੀ ਹਿੰਮਤ ਵੇਖ ਵੇਖ ਕੇ,
ਤਾਰੀ ਅਤੇ ਉਡਾਰੀ ਤੱਕ ਕੇ,
ਮੈਨੂੰ ਇਕ ਸੁਆਲ ਸਤਾਵੇ।
ਤੇ ਮੇਰਾ ਮਨ ਉਸਤੋਂ ਇਸਦਾ ਉੱਤਰ ਚਾਹਵੇ।
ਨਹੀਂ ਬੋਲਦਾ, ਖੁੱਲ੍ਹ ਕੇ ਹੱਸਦਾ।
ਦਿਲ ਦੀ ਘੁੰਡੀ ਖੋਲ੍ਹ ਕੇ ਦੱਸਦਾ।
ਜਦੋਂ ਮੁਸੀਬਤ ਸਬਕ ਪੜ੍ਹਾਵੇ।
ਸੂਰਜ ਸ਼ਬਦ ਬਣੇ ਮੁਸਕਾਵੇ।
ਕਿਰਨਾਂ ਦਾ ਫਿਰ ਮੀਂਹ ਵਰ੍ਹ ਜਾਵੇ।
ਦੁਨੀਆਂ ਦਾਰ ਜਮਾਤਾਂ ਦੀ ਥਾਂ,
ਮਿੱਟੀ ਦਾ ਦੀਵਾ ਰੁਸ਼ਨਾਵੇ।
ਗਿਆਨ ਦੀ ਛਹਿਬਰ ਵਿਚ ਮਨ ਨ੍ਹਾਵੇ।
ਧੂੜਾਂ ਘੱਟੇ ਰਾਹਾਂ ਦੀ ਗੱਲ ਜਦੋਂ ਸੁਣਾਵੇ।
ਉਸਦਾ ਚਿਹਰਾ ਲੂੰ ਲੂੰ ਕਣ ਕਣ,
ਵਾਂਗ ਕਮਾਨ ਦੇ ਤਣ ਜਾਂਦਾ ਹੈ।
ਦੇਵੇ ਤੀਰੋਂ ਤਿੱਖਾ ਉੱਤਰ,
ਏਨੀ ਕਠਿਨ ਤਪੱਸਿਆ ਮਗਰੋਂ,
ਕਾਗਜ਼ ਵਾਲੀ ਕੂੜ ਗਵਾਹੀ ਅਰਥਹੀਣ ਹੈ,
ਬੰਦਾ ਡਿਗਰੀ ਬਣ ਜਾਂਦਾ ਹੈ।

