www.sursaanjh.com > News > ਰਾਜ ਪੱਧਰੀ ਵਿਗਿਆਨ ਮੇਲਾ 2 ਨਵੰਬਰ ਤੋਂ – ਕੈਬਿਨੇਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ

ਰਾਜ ਪੱਧਰੀ ਵਿਗਿਆਨ ਮੇਲਾ 2 ਨਵੰਬਰ ਤੋਂ – ਕੈਬਿਨੇਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ

ਰਾਜ ਪੱਧਰੀ ਵਿਗਿਆਨ ਮੇਲਾ 2 ਨਵੰਬਰ ਤੋਂ – ਕੈਬਿਨੇਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ
ਖਰੜ/ਮੋਹਾਲੀ (ਸੁਰ ਸਾਂਝ ਬਿਊਰੋ) 29 ਅਕਤੂਬਰ:
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ, ਚੰਡੀਗੜ੍ਹ ਆਉਂਦੇ 2 ਤੋਂ 4 ਨਵੰਬਰ ਤੱਕ ਇੱਕ ਰਾਜ ਪੱਧਰੀ ਵਿਗਿਆਨ ਜਾਗਰੂਕਤਾ ਮੇਲਾ ਆਯੋਜਿਤ ਕਰ ਰਹੀ ਹੈ। ਇਸ ਵਿਗਿਆਨ ਮੇਲੇ ਵਿੱਚ ਵਿਗਿਆਨ ਅਤੇ ਗਣਿਤ ਦੀਆਂ ਕਈ ਗਤੀਵਿਧੀਆਂ ਨੂੰ ਦਿਲਚਸਪ ਤਰੀਕਿਆਂ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਵਿਗਿਆਨ ਅਤੇ ਗਣਿਤ ਵਿੱਚ ਪੰਜਾਬੀਆਂ ਦੀ ਰੁਚੀ ਵਧਾਈ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਲਈ ਕੁਇਜ਼, ਪੋਸਟਰ, ਲੇਖ ਅਤੇ ਮਾਡਲ ਮੇਕਿੰਗ ਵਰਗੇ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਅੰਦਰ ਵਿਗਿਆਨਕ ਰਚਨਾਤਮਕਤਾ ਵਧ ਸਕੇ। ਪਹਿਲੇ ਦਿਨ ਵਿਗਿਆਨ ਮੇਲੇ ਦਾ ਉਦਘਾਟਨ ਸੂਬੇ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ, ਚੰਡੀਗੜ੍ਹ ਦੀ ਕਾਰਜਕਾਰੀ ਨਿਰਦੇਸ਼ਕ ਡਾ: ਜਤਿੰਦਰ ਕੌਰ ਅਰੋੜਾ ਦੀ ਹਾਜ਼ਰੀ ਵਿੱਚ ਕਰਨਗੇ। ਪੰਜਾਬ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਅਤੇ ਭਾਰਤ ਸਰਕਾਰ ਦੇ ਅਦਾਰੇ ‘ਵਿਗਿਆਨ ਪ੍ਰਸਾਰ’ ਦੇ ਨਿਰਦੇਸ਼ਕ ਡਾ. ਨਕੁਲ ਪਰਾਸ਼ਰ ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ।
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ, ਚੰਡੀਗੜ੍ਹ ਦੇ ਸੰਯੁਕਤ ਨਿਰਦੇਸ਼ਕ ਡਾ. ਕੁਲਬੀਰ ਸਿੰਘ ਬਾਠ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਰਗਰਮ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਵਿਗਿਆਨ ਮੇਲੇ ਵਿੱਚ ਉੱਘੇ ਸਰੋਤ ਵਿਅਕਤੀਆਂ ਦੁਆਰਾ ਗਤੀਵਿਧੀ ਸਟਾਲ ਸਥਾਪਿਤ ਕੀਤੇ ਜਾਣਗੇ।
ਡਾ. ਸੁਰਿੰਦਰ ਕੁਮਾਰ ਜਿੰਦਲ ਦੁਆਰਾ ਭੋਜਨ ਵਿੱਚ ਮਿਲਾਵਟ; ਮੁਹੰਮਦ ਜਾਵੇਦ ਆਲਮ ਦੁਆਰਾ ਹਾਈਡ੍ਰੋਪੋਨਿਕਸ ਤੇ ਵਰਮੀਕੰਪੋਸਟਿੰਗ; ਮਨਮੋਹਨ ਲਾਲ ਵੱਲੋਂ ਕਠਪੁਤਲੀ ਦੁਆਰਾ ਵਿਗਿਆਨ ਸੰਚਾਰ; ਗੁਰਮੀਤ ਸਿੰਘ ਦੁਆਰਾ ਜਿਓਮੈਟਰੀ ਦੀ ਵਿਸੁਲਾ ਵਿਆਖਿਆ; ਸ.ਜਸਵਿੰਦਰ ਸਿੰਘ ਦੁਆਰਾ ਓਰੀਗਾਮੀ; ਸ਼੍ਰੀਮਤੀ ਪੂਜਾ ਗੋਇਲ ਦੁਆਰਾ ਚਮਤਕਾਰਾਂ ਪਿੱਛੇ ਵਿਗਿਆਨ; ਸ਼ ਸੰਜੀਵ ਸ਼ਰਮਾ ਦੁਆਰਾ ਫਨ ਵਿਦ ਕੈਮਿਸਟਰੀ; ਸ.ਜਸਵਿੰਦਰ ਸਿੰਘ ਵੱਲੋਂ ਲੈਬ ਆਨ ਵ੍ਹੀਲਜ਼ ਅਤੇ ਐੱਸ.ਪੀ.ਐੱਸ.ਟੀ.ਆਈ. ਵੱਲੋਂ ਸਰਕਸ ਆਫ਼ ਸਾਇੰਸ ਦੇ ਐਕਟੀਵਿਟੀ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਪ੍ਰੀਸ਼ਦ ਦੇ ‘ਪੰਜਾਬ ਰਾਜ ਜਲਵਾਯੂ ਪਰਿਵਰਤਨ ਗਿਆਨ ਕੇਂਦਰ’ ਦੁਆਰਾ ਵੀ ਇੱਕ ਸਟਾਲ ਸਥਾਪਿਤ ਕੀਤਾ ਜਾਵੇਗਾ। ਉੱਘੇ ਵਿਗਿਆਨੀਆਂ ਦੇ ਪੋਸਟਰਾਂ ਦੀ ਪ੍ਰਦਰਸ਼ਨੀ ਅਤੇ ਵਿਗਿਆਨ ਤੇ ਤਕਨਾਲੌਜੀ ‘ਤੇ ਫਿਲਮਾਂ ਦੀ ਸਕ੍ਰੀਨਿੰਗ ਵੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ ਦੁਆਰਾ ਆਪਣੇ ‘ਸਟੈਮ ਆਊਟਰੀਚ ਪ੍ਰੋਗਰਾਮ’ ਤਹਿਤ ਲਗਾਏ ਜਾ ਰਹੇ ਇਸ 3 ਦਿਨਾਂ ਮੇਲੇ ਵਿੱਚ 10,000 ਤੋਂ ਵੱਧ ਵਿਦਿਆਰਥੀਆਂ ਦੇ ਆਉਣ ਦੀ ਉਮੀਦ ਹੈ।

Leave a Reply

Your email address will not be published. Required fields are marked *