ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ
ਸੱਜਣਾ
ਸੱਜਣਾ ਵੇ
ਤੁਸੀਂ ਰੁੱਸ ਗਏ
ਅਸੀਂ ਟੁੱਟ ਗਏ
ਸੱਜਣਾਂ ਤੇਰੀ ਖ਼ਾਮੋਸ਼ੀ
ਮੈਥੋਂ ਦੇਖੀ ਨਹੀਂ ਜਾਂਦੀ
ਤੈਨੂੰ ਖ਼ਾਮੋਸ਼ ਦੇਖ ਮੈਂ
ਅੰਦਰੋਂ ਅੰਦਰੀ ਮਰਦੀ ਜਾ ਰਹੀ ਹਾਂ
ਨਿੱਤ ਟੁੱਟਦੀ ਜਾ ਰਹੀ ਹਾਂ
ਪਰ ਤੈਨੂੰ ਮੇਰਾ ਭੋਰਾ ਵੀ
ਖਿਆਲ ਨਹੀਂ ਆਇਆ
ਕਿਵੇਂ ਜੀ ਸਕਾਂਗੀ ਮੈਂ ਤੇਰੇ ਬਿਨਾਂ
ਹਾਂ ਇਕ ਦਿਨ ਤੇਰੀ ਖ਼ਾਮੋਸ਼ੀ ਨੂੰ
ਮੈਂ ਤੋੜ ਕੇ ਰਹਾਂਗੀ ਤੇ ਪੁੱਛਾਂਗੀ
ਐਸਾ ਕੀ ਗੁਨਾਹ ਹੋ ਗਿਆ ਅਸਾਥੋਂ ਕਿ
ਇਕ ਝਟਕੇ ਵਿੱਚ ਹੀ ਵਿਸਾਰ ਦਿੱਤਾ ਤੂੰ
ਇਹ ਨਾ ਸੋਚਿਆ ਕੀ ਬਣੂੰ
ਤੇਰੀ ਇਸ ਕਮਲੀ ਦਾ
ਜੋ ਤੇਰੀ ਮੁੱਹਬਤ ਨੂੰ
ਹਿੱਕ ਨਾਲ ਲਗਾਈ ਬੈਠੀ ਹੈ
ਤੇਰੇ ਪਿਆਰੇ ਸ਼ਬਦਾਂ ਦੇ
ਜਾਮ ਮੈਂ ਹਰ ਸਾਹ ਘੁੱਟ ਘੁੱਟ
ਭਰ ਕੇ ਪੀ ਰਹੀ ਹਾਂ
ਤੇਰੇ ਸ਼ਬਦ ਮੇਰੇ ਧੁਰ ਅੰਦਰ
ਸਮੋ ਚੁੱਕੇ ਹਨ
ਸਾਰੀ ਫਿਜ਼ਾ ਵਿੱਚੋਂ
ਤੇਰੀ ਮੁਹੱਬਤ ਦੀ ਮਹਿਕ
ਮਹਿਸੂਸ ਹੁੰਦੀ ਹੈ
ਸਾਰਾ ਚੁਗਿਰਦਾ ਨਸ਼ਿਆਇਆ
ਲੱਗਦਾ ਹੈ ਫਿਰ
ਤੇਰੀ ਖ਼ਾਮੋਸ਼ੀ ਵਿੱਚ ਤੇਰੇ
ਸ਼ਬਦ ਹੁੰਦੇ ਹਨ ਤੇ
ਤੇਰੇ ਸ਼ਬਦਾਂ ਵਿੱਚ ਤੇਰੇ
ਜਵਾਬ ਹੁੰਦੇ ਹਨ


ਸੱਜਣਿ ਜੀ ਤੁਸੀਂ ਅਸਾਨੂੰ
ਇਕੱਲਿਆਂ ਛੱਡ
ਕਿੱਥੇ ਤੁਰ ਗਏ ਹੋ
ਮੇਰੀਆਂ ਨਿਗਾਹਾਂ ਹਰ ਪੱਲ
ਹਰ ਘੜੀ ਤੁਹਾਡਾ ਇੰਤਜ਼ਾਰ
ਕਰ ਰਹੀਆਂ ਹਨ
ਮੇਰਾ ਇਕ ਇਕ ਪੱਲ
ਕਈ ਜੁੱਗਾਂ ਦਾ ਹੋਇਆ ਹੈ
ਪਹਿਲਾਂ ਸੀਨੇ ਵਿੱਚ ਜਿੱਥੇ ਦਿਲ
ਪਿਆ ਧੜਕਦਾ ਸੀ ਹੁਣ ਉੱਥੇ
ਦਰਦ ਹੁੰਦਾ ਰਹਿੰਦਾ ਹੈ
ਲੱਗਦਾ ਜਿਵੇਂ ਹੁਣੇ ਦਿਲ ਦੀ
ਧੜਕਣ ਬੰਦ ਹੋ ਜਾਏਗੀ
ਸੱਜਣ ਜੀ ਮੈਨੂੰ ਪਤਾ ਹੈ
ਮੇਰੇ ਬਿਨਾ ਨਾ ਤੁਹਾਨੂੰ ਚੈਨ
ਤੇ ਨਾਹੀ ਅਸਾਨੂੰ ਚੈਨ ਹੈ
ਉਹ ਚੈਨ ਤੇ ਤੁਸੀਂ ਖੋਹ ਲਿਆ ਹੈ
ਫਿਰ ਕਿਉਂ ਤੂੰ ਪੱਥਰ ਬਣਿਆ
ਮੈਨੂੰ ਤਿਲ ਤਿਲ ਮਰਦੀ ਨੂੰ
ਦੇਖ ਰਿਹਾ ਹੈ
ਮੇਰੇ ਹੰਝੂ ਨਿੱਤ ਡੁੱਲ ਰਹੇ ਨੇ
ਕੌਣ ਹੈ ਜੋ ਮੇਰੇ ਹੰਝੂ ਪੂੰਝ
ਗਲੇ ਲਗਾ ਕਹੇ
ਮੈਂ ਹੂੰ ਨਾ ਝੱਲੀਏ
ਦੇਖੀਂ ਜੇ ਕਦੀ ਇਕ ਹੰਝ
ਵੀ ਤੇਰੀ ਅੱਖ ਵਿੱਚ ਆਇਆ
ਤੂੰ ਇਕ ਵਾਰ ਕਹਿ ਕੇ
ਦੇਖਦਾ ਤੇ ਸਹੀ
ਚੁੱਪ ਚਾਪ ਤੇਰੀ ਦੁਨੀਆਂ ਤੋਂ ਚਲੇ ਜਾਂਦੇ
ਤੇਰੀ ਖ਼ੁਸ਼ੀ ਤੋਂ ਵੱਧ ਮੈਨੂੰ ਕੁਝ ਨਹੀਂ
ਤੇਰੀ ਖ਼ੁਸ਼ੀ ਵਿੱਚ ਹੀ ਮੇਰੀ ਖ਼ੁਸ਼ੀ ਹੈ
ਤੇਰੇ ਸਾਹਾਂ ਨਾਲ ਮੇਰੇ ਸਾਹ ਨੇ
ਇਸ ਜ਼ਿੰਦਗੀ ਵਿੱਚ ਇਕ
ਤੂੰ ਹੀ ਆਪਣਾ ਲੱਗਾ ਸੀ
ਪਰ ਤੂੰ ਵੀ ਮੈਥੋਂ ਦੂਰ ਹੋ ਗਿਉਂ
ਸ਼ਾਮ ਪਏ ਪੰਛੀ ਵੀ ਮੁੜ ਆਉਂਦੇ ਨੇ
ਆਪਣੇ ਆਲ੍ਹਣਿਆਂ ਵਿੱਚ
ਪਰ ਤੂੰ ਐਸਾ ਮੂੰਹ ਮੋੜਿਆ
ਮੁੜ ਸਾਰ ਵੀ ਨਾ ਲਈ ਕਿ
ਜਿਊਂਦੇ ਹਾਂ ਕਿ ਮਰ ਗਏ ਹਾਂ
ਓਏ ਕਾਹਨੂੰ ਯਾਰੀ ਲਾਉਣੀ ਸੀ
ਜੱਦ ਅੱਧਵਾਟੇ ਛੱਡ ਤੁਰ ਜਾਣਾ ਸੀ
ਤੈਨੂੰ ਦਿੱਲ ਵਿੱਚ ਵਸਾਇਆ
ਪਿਆਰ ਤੇਰੇ ਨਾਲ ਪਾਇਆ
ਦੱਸ ਤੂੰ ਕਿਉਂ ਮੈਨੂੰ ਭੁਲਾਇਆ
ਮੇਰੇ ਦਿਲ ਨੂੰ ਐਨਾ ਕਿਉਂ ਦੁਖਾਇਆ
ਸੱਜਣਾਂ
ਸੱਜਣਾਂ ਵੇ
ਤੁਸੀਂ ਰੁੱਸ ਗਏ
ਅਸੀਂ ਟੁੱਟ ਗਏ
ਅਸੀਂ ਟੁੱਟ ਗਏ॥
ਰਮਿੰਦਰ ਰੰਮੀ ॥

