ਵਿਦਾਇਗੀ ‘ਤੇ ਵਿਸ਼ੇਸ਼/
ਵਿਦਿਆਰਥੀਆਂ ਲਈ ਚਾਨਣ-ਮੁਨਾਰਾ ਰਹੇ ਹਨ : ਬਲਦੇਵ ਸਿੰਘ ਸੰਧੂ
ਮਾਜਰੀ / ਮੁੱਲਾਂਪੁਰ ਗਰੀਬਦਾਸ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 30 ਜਨਵਰੀ:
ਮੈਂ ਜਿਸ ਸ਼ਖਸੀਅਤ ਨੂੰ ਆਪ ਸਭ ਪਾਠਕਾਂ ਦੇ ਰੂਬਰੂ ਕਰਵਾਉਣ ਜਾ ਰਿਹਾ ਹਾਂ, ਉਹ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਕਰਕੇ ਸਮੂਹ ਅਧਿਆਪਕ ਵਰਗ ਲਈ ਪ੍ਰੇਰਨਾ ਸਰੋਤ ਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਰਹੇ ਹਨ। ਮੇਰੀ ਮੁਰਾਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਅੱਜ ਸੇਵਾ ਮੁਕਤ ਹੋ ਰਹੇ ਲੈਕਚਰਾਰ ਸ: ਬਲਦੇਵ ਸਿੰਘ ਸੰਧੂ ਤੋਂ ਹੈ ਜੋ ਆਪਣੀ 28 ਸਾਲ 10 ਮਹੀਨੇ ਦੀ ਸਰਕਾਰੀ ਸੇਵਾ ਪੂਰੀ ਕਰਨ ਉਪਰੰਤ ਅੱਜ 31 ਜਨਵਰੀ 2023 ਨੂੰ ਸੇਵਾ ਮੁਕਤ ਹੋ ਰਹੇ ਹਨ।
![]() ![]() ਸਰਦਾਰ ਬਲਦੇਵ ਸਿੰਘ ਸੰਧੂ ਦਾ ਜਨਮ 4 ਜਨਵਰੀ 1965 ਨੂੰ ਪਿੰਡ ਭੜਾਣਾ,ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਾਤਾ ਦਲੀਪ ਕੌਰ ਅਤੇ ਪਿਤਾ ਸ. ਮਹਿੰਦਰ ਸਿੰਘ ਦੇ ਘਰ ਹੋਇਆ। ਆਪ ਦਾ ਸੱਤ ਭਰਾਵਾਂ ਵਿੱਚੋ ਪੰਜਵਾਂ ਸਥਾਨ ਹੈ। ਸ: ਬਲਦੇਵ ਸਿੰਘ ਇੱਕ ਸਧਾਰਨ ਖੇਤੀਬਾੜੀ ਕਰਨ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਸਾਰੇ ਪਰਿਵਾਰ ਵਿੱਚੋਂ ਸਿਰਫ ਇਨਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ। ਉਹਨਾਂ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਏ.ਭਾਗ ਦੂਸਰਾ ਤੱਕ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ (ਰੋਡੇ) ਜ਼ਿਲ੍ਹਾ ਮੋਗਾ ਤੋਂ ਅਤੇ ਬੀ.ਏ. ਤੀਸਰਾ ਸਾਲ ਅਤੇ ਐਮ.ਏ ਅਰਥਸਾਸਤਰ ਸਰਕਾਰੀ ਕਾਲਜ ਲੁਧਿਆਣਾ ਤੋਂ ਕੀਤੀ। ਐਮ ਏ ਪੰਜਾਬੀ ਅਤੇ ਐਮ.ਐਡ ਸੇਵਾ ਦੌਰਾਨ ਪ੍ਰਾਪਤ ਕੀਤੀ। ਦੋ ਸਾਲ ਤੱਕ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ, ਦਸਮੇਸ਼ ਨਗਰ ਲੁਧਿਆਣਾ ਵਿਖੇ ਨਿੱਜੀ ਸਕੂਲ ਵਿੱਚ ਸੇਵਾ ਕੀਤੀ। ਏਥੇ ਸੇਵਾ ਕਰਦਿਆਂ ਸਕੂਲ ਵਿੱਚ ਪ੍ਰਬੰਧਕਾਂ ਵੱਲੋਂ ਅਧਿਆਪਕਾਂ ਦੇ ਕੀਤੇ ਜਾਂਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈ। ਆਪ ਨੇ 31 ਮਾਰਚ 1994 ਨੂੰ ਸਰਕਾਰੀ ਸੇਵਾ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਚੂਚਕਵਿੰਡ ,ਜਿਲਾ ਫਿਰੋਜ਼ਪੁਰ ਤੋਂ ਬਤੌਰ ਪੰਜਾਬੀ ਮਾਸਟਰ ਕੀਤੀ। 16 ਨਵੰਬਰ 1994 ਨੂੰ ਵਿਆਹ ਹੋਇਆ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਬਲਵਿੰਦਰ ਕੌਰ ਅਰਥ ਅਤੇ ਅੰਕੜਾ ਸੰਗਠਨ, ਪੰਜਾਬ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਅੰਕੜਾ ਸਹਾਇਕ ਵਜੋਂ ਸੇਵਾ ਕਰ ਰਹੇ ਸਨ।
ਇਸ ਲਈ ਸ: ਬਲਦੇਵ ਸਿੰਘ 26 ਜੁਲਾਈ 1996 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸੇਵਾ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ਨੇ ਬਹੁਤ ਹੀ ਤਨਦੇਹੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਸਕੂਲ ਦੇ ਸਮੁੱਚੇ ਵਿਕਾਸ ਦਾ ਬੀੜਾ ਉਠਾਇਆ। ਸਕੂਲ ਦੀ ਚਾਰ ਦਵਾਰੀ ਤੋਂ ਲੈ ਕੇ ਵਿਦਿਆਰਥੀਆਂ ਲਈ ਪੱਖਿਆਂ ਦਾ ਪ੍ਰਬੰਧ ਕਰਨਾ, ਪੀਣ ਲਈ ਸਾਫ਼ ਪਾਣੀ ਅਤੇ ਨਵੇਂ ਕਮਰੇ ਬਣਵਾਉਣ ਲਈ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੀ ਕਾਇਆ ਕਲਪ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਸਕੂਲ ਦਾ ਹਰ ਕੰਮ ਅੱਗੇ ਹੋ ਕੇ ਕਰਨ ਲੱਗੇ।ਸਾਲ 2004 ਵਿਚ ਕਿਸੇ ਗਲਤ-ਫਹਿਮੀ ਕਾਰਨ ਸਿੱਖਿਆ ਵਿਭਾਗ ਵੱਲੋਂ ਇਹਨਾਂ ਦੀ ਬਦਲੀ ਜਿਲਾ ਸ.ਭ.ਸ ਨਗਰ ਵਿਖੇ ਕਰ ਦਿੱਤੀ ਗਈ ,ਜਿਸ ਨੂੰ ਇਲਾਕਾ ਨਿਵਾਸੀਆਂ ਨੇ ਸਵੀਕਾਰ ਨਾ ਕੀਤਾ ਅਤੇ ਉੱਚ ਅਧਿਕਾਰੀਆਂ ਨੂੰ ਇਹ ਬਦਲੀ ਰੱਦ ਕਰਨ ਲਈ ਬੇਨਤੀ ਕੀਤੀ, ਪਰ ਜਦੋਂ ਉੱਚ ਅਧਿਕਾਰੀਆਂ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਨਾ ਕੀਤਾ ਤਾਂ ਇਲਾਕਾ ਨਿਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ। ਕੁੱਲ 21 ਦਿਨ ਸਕੂਲ ਬੰਦ ਰਿਹਾ ਅੰਤ ਸਰਕਾਰ ਵੱਲੋਂ ਇਲਾਕਾ ਨਿਵਾਸੀਆਂ ਦੀ ਗੱਲ ਮੰਨਣੀ ਪਈ ਅਤੇ ਸ: ਬਲਦੇਵ ਸਿੰਘ ਦੀ ਬਦਲੀ ਰੱਦ ਕਰਕੇ ਉਨ੍ਹਾਂ ਨੂੰ ਮੁੜ ਇਸ ਸਕੂਲ ਵਿੱਚ ਹਾਜ਼ਰ ਕਰਵਾਇਆ ਗਿਆ। ਆਮ ਤੌਰ ਤੇ ਲੋਕਾਂ ਵੱਲੋਂ ਕਿਸੇ ਕਰਮਚਾਰੀ ਦੀ ਬਦਲੀ ਕਰਵਾਉਣ ਵਾਸਤੇ ਸਰਕਾਰ ਤੇ ਜ਼ੋਰ ਪਾਇਆ ਜਾਂਦਾ ਹੈ, ਪਰ ਸ: ਬਲਦੇਵ ਸਿੰਘ ਦੀਆਂ ਸਕੂਲ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਬਦਲੀ ਰੱਦ ਕਰਵਾਉਣ ਲਈ ਦਿਨ-ਰਾਤ ਇਕ ਕਰ ਦਿੱਤੀ। ਇਸ ਗੱਲ ਤੋਂ ਸ: ਬਲਦੇਵ ਸਿੰਘ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਪਰਗਟ ਹੁੰਦਾ ਹੈ।
ਸਰਦਾਰ ਬਲਦੇਵ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਅਤੇ ਸਰਕਾਰੀ ਹਾਈ ਸਕੂਲ ਪੜੌਲ ਵਿਖੇ ਕੁਝ ਸਮਾਂ ਸੇਵਾ ਕੀਤੀ। 17 ਮਈ 2012 ਨੂੰ ਇਹਨਾਂ ਦੀ ਬਤੌਰ ਲੈਕਚਰਾਰ ਅਰਥ-ਸ਼ਾਸ਼ਤਰ ਤਰੱਕੀ ਉਪਰੰਤ ਮੁੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲ੍ਹਾ ਸ.ਅ.ਸ ਵਿਖੇ ਹਾਜ਼ਰ ਹੋਏ। ਉਸ ਸਮੇਂ ਤੋਂ ਲਗਾਤਾਰ ਸਕੂਲ ਵਿਕਾਸ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਬੂਟ, ਸਵੈਟਰ, ਸਟੇਸ਼ਨਰੀ ਮੁਹਇਆ ਕਰਵਾਈ ਜਾਂਦੀ ਰਹੀਆਂ ਹਨ। ਇਲਾਕਾ ਨਿਵਾਸੀਆ, ਸਕੂਲ ਦੇ ਪੁਰਾਣੇ ਵਿਦਿਆਰਥੀਆਂ, ਦਾਨੀ ਪੁਰਸ਼ਾਂ, ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈ ਕੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਦੀ ਲਿਆਕਤ ਨੂੰ ਵੇਖਦਿਆਂ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਮੋਹਾਲੀ ਵੱਲੋਂ 2008 ਵਿੱਚ ਸ: ਬਲਦੇਵ ਸਿੰਘ ਨੂੰ ਨਿਰੀਖਣ ਕੋਆਡੀਨੇਟਰ ਦੀ ਡਿਊਟੀ ਸੌਂਪੀ ਗਈ। ਇਹਨਾਂ ਵੱਲੋਂ ਬਹੁਤ ਹੀ ਮਿਹਨਤ ਅਤੇ ਦਿਆਨਤਦਾਰੀ ਨਾਲ਼ ਡਿਊਟੀ ਨਿਭਾਈ ਗਈ। ਇਸ ਤੋਂ ਬਾਅਦ ਇਹਨਾਂ ਵੱਲੋਂ ਆਪਣੀ ਡਿਊਟੀ ਦੇ ਨਾਲ ਨਾਲ ਅਰਥ ਸ਼ਾਸਤਰ ਵਿਸ਼ੇ ਦੇ ਵਿਕਾਸ ਲਈ ਮੁੱਖ ਦਫ਼ਤਰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਐਜੂਸੈਟ ਰਾਹੀਂ ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰ ਪ੍ਰਸਾਰਿਤ ਕਰਵਾਉਣੇ ਸ਼ੁਰੂ ਕੀਤੇ। ਇਹਨਾਂ ਵੱਲੋਂ ਪਰਸਾਰਿਤ ਕਰਵਾਏ 30 ਦੇ ਕਰੀਬ ਲੈਕਚਰ ਯੂ-ਟਿਊਬ ਤੇ ਵਿਭਾਗ ਦੀ ਆਈ ਡੀ ਤੇ ਉਪਲਬਧ ਹਨ ਜਿਨ੍ਹਾਂ ਨੂੰ ਵਿਦਿਆਰਥੀ ਕਦੇ ਵੀ ਦੇਖ ਤੇ ਸੁਣ ਸਕਦੇ ਹਨ। ਇਹਨਾਂ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਦੀਆਂ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਪੁਸਤਕਾਂ ਦੇ ਅਰਥਸ਼ਾਸਤਰ ਲਿਖਣ ਦੀ ਜਿੰਮੇਵਾਰੀ ਵੀ ਨਿਭਾਈ ਗਈ ਅਤੇ 11ਵੀਂ ਜਮਾਤ ਦੀ ਅਰਥਸਾਸ਼ਤਰ ਵਿਸ਼ੇ ਦੀ ਪੁਸਤਕ ਤਿਆਰ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਨ੍ਹਾਂ ਦੀ ਸਿਰਫ ਇੱਕੋ ਇੱਕ ਬੇਟੀ ਹੈ ਜੋ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਟ ਤੇ ਨੌਕਰੀ ਕਰ ਰਹੀ ਹੈ। ਸਰਦਾਰ ਬਲਦੇਵ ਸਿੰਘ ਵੱਲੋਂ ਹਾਲ ਹੀ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਦਾਨ ਇਕੱਠਾ ਕਰਕੇ ਸਕੂਲ ਦੀ ਇਮਾਰਤ ਤੇ ਬਾਲਾ ਵਰਕ ਕਰਵਾ ਕੇ ਸਕੂਲ ਦੀ ਦਿੱਖ ਨੂੰ ਬਣਵਾਇਆ ਹੈ। ਉਹ ਹਮੇਸ਼ਾ ਸਮੇਂ ਦੇ ਪਾਬੰਦ ਰਹੇ ਹਨ। ਇਹਨਾਂ ਨੂੰ ਪ੍ਰਿੰਸੀਪਲ ਸਾਹਿਬਾਨਾਂ ਵੱਲੋਂ ਜੋ ਵੀ ਕੰਮ ਸੌਂਪਿਆ ਗਿਆ, ਉਸ ਨੂੰ ਇਨ੍ਹਾਂ ਨੇ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਹੈ। ਇਹ ਕੰਪਿਊਟਰ ਵਿੱਚ ਵੀ ਪੂਰੀ ਮੁਹਾਰਤ ਰੱਖਦੇ ਹਨ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਸਮੇਂ ਤੱਤਪਰ ਰਹੇ ਹਨ। ਇਨ੍ਹਾਂ ਦੇ ਸੇਵਾਮੁਕਤ ਹੋਣ ਨਾਲ ਸਕੂਲ ਨੂੰ ਜੋ ਘਾਟਾ ਪਵੇਗਾ ਉਸ ਦੀ ਭਰਪਾਈ ਕਰਨੀ ਔਖੀ ਹੋਵੇਗੀ। ਪਰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਇਹ ਅਟੱਲ ਸੱਚਾਈ ਹੈ ਕਿ ਸਰਕਾਰੀ ਸੇਵਾ ਵਿੱਚ ਆਉਣ ਵਾਲੇ ਦਿਨ ਹੀ ਸੇਵਾ ਨਿਵਿਰਤੀ ਦੀ ਮਿਤੀ ਵੀ ਲਿਖੀ ਜਾਂਦੀ ਹੈ। ਪਰ ਹੋਰ ਅਧਿਆਪਕ ਸਾਹਿਬਾਨਾਂ ਨੂੰ ਸ: ਬਲਦੇਵ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਰਦਾਰ ਬਲਦੇਵ ਸਿੰਘ ਸਿਹਤਯਾਬ ਰਹਿਣ ਅਤੇ ਸਮਾਜ ਦੀ ਸੇਵਾ ਵਿੱਚ ਲੰਮੇ ਸਮੇਂ ਤਕ ਤਤਪਰ ਰਹਿਣ ਮੈਂ ਉਨ੍ਹਾਂ ਨੂੰ ਸੇਵਾ ਨਵਿਰਤੀ ਮੌਕੇ ਤੇ ਬੇਦਾਗ ਸੇਵਾ ਉਪਰੰਤ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ। ਅੱਜ ਹੁਸ਼ਿਆਰਪੁਰ ਦੇ ਸਕੂਲ ਚ ਸੰਧੂ ਸਾਬ ਨੂੰ ਵਿਸ਼ੇਸ਼ ਤੌਰ ਤੇ ਪਿੰਡ ਤੇ ਇਲਾਕੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
|

