ਪੁਸਤਕ ਰੀਵਿਊ
ਜੀਵਨੀ ਇੱਕ ਕਰਮਯੋਗੀ ਦੀ/ ਸੰਤਵੀਰ
(ਸੁਰ ਸਾਂਝ ਬਿਊਰੋ) – ਪਿਛਲੇ ਦਿਨੀਂ ਸ. ਗੁਰਦੀਪ ਸਿੰਘ ਵੜੈਚ ਵੱਲੋਂ “ਜੀਵਨੀ ਇੱਕ ਕਰਮਯੋਗੀ ਦੀ” ਪੁਸਤਕ ਭੇਂਟ ਕੀਤੀ ਗਈ। ਪੁਸਤਕ ਪੜ੍ਹਨ ਉਪਰੰਤ ਇਕ ਪਾਠਕ ਵਜੋਂ ਗ੍ਰਹਿਣ ਕੁਝ ਪ੍ਰਭਾਵ ਸਾਂਝੇ ਕਰਨ ਲਈ ਸ਼ਬਦ ਸਾਂਝ ਪਾ ਰਿਹਾ ਹਾਂ।
ਸ਼ਾਸਤਰਾਂ ਵਿਚ ਮਾਤਰੀ-ਪਿਤਰੀ ਰਿਣਾਂ ਦਾ ਉਲੇਖ ਮਿਲਦਾ ਹੈ। ਪਿਤਰਾਂ ਦੇ ਸਰਾਧ ਕਰਨ ਦੀ ਪਰੰਪਰਾ ਵੀ ਸ਼ਾਇਦ ਇਹਨਾਂ ਉਲੇਖਾਂ ਕਾਰਣ ਹੀ ਸ਼ੁਰੂ ਹੋਈ ਹੋਵੇਗੀ। ਅੱਜ ਦੇ ਯੁੱਗ ਵਿੱਚ ਇਹ ਗੱਲ ਮੰਨਣਯੋਗ ਨਹੀਂ ਜਾਪਦੀ ਕਿ ਸਰਾਧਾਂ ਦਾ ਫ਼ਲ ਪਿਤਰਾਂ ਨੂੰ ਮਿਲਦਾ ਹੋਵੇਗਾ। ਜੇਕਰ ਇਸ ਪਰੰਪਰਾ ਦੀ ਅੰਤਰ-ਭਾਵਨਾ ਦੀ ਡੂੰਘਾਈ ਤੱਕ ਜਾਈਏ ਤਾਂ ਸਾਲ ਮਗਰੋਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ ਨਿਰਾਰਥਕ ਵੀ ਨਹੀਂ ਲਗਦਾ। ਸ. ਗੁਰਦੀਪ ਸਿੰਘ ਵੜੈਚ ਨੇ ਆਪਣੇ ਪਿਤਾ ਬਾਰੇ ਯਾਦਾਂ ਨੂੰ ਇੱਕ ਪੁਸਤਕ ਦਾ ਰੂਪ ਦੇ ਕੇ ਇੱਕ ਕਿਸਮ ਦਾ ਪਿਤਰੀ ਰਿਣ ਉਤਾਰਨ ਦਾ ਉਪਰਾਲਾ ਕੀਤਾ ਹੈ। ਇੰਝ ਕਰਕੇ ਉਸ ਨੇ ਆਪਣੇ ਪਿਤਾ ਦੀ ਉਮਰ ਵਿੱਚ ਕੁਝ ਵਰ੍ਹੇ ਹੋਰ ਜੋੜ ਦਿੱਤੇ ਹਨ। ਵੈਸੇ ਵੀ ਕਿਸੇ ਵਿਅਕਤੀ ਨੂੰ ਉਸ ਦੀ ਮੌਤ ਮਗਰੋਂ ਕਿੰਨਾ ਸਮਾਂ, ਕਿਵੇਂ ਯਾਦ ਕੀਤਾ ਜਾਂਦਾ ਹੈ, ਉਸ ਦੀ ਬਿਤਾਈ ਜ਼ਿੰਦਗੀ ਦੇ ਮੁਲਾਂਕਣ ਦਾ ਮਾਪਦੰਡ ਸਮਝਿਆ ਜਾਂਦਾ ਹੈ। ਵੇਖਿਆ ਜਾਵੇ ਤਾਂ ਇਕ ਪਿਤਾ ਨੂੰ ਉਸ ਦੇ ਪੁੱਤਰ ਤੋਂ ਵੱਧ ਕੌਣ ਜਾਣ ਸਕਦਾ ਹੈ? ਪਰ ਪੁੱਤਰ ਵੱਲੋਂ ਪਿਤਾ ਦੀ ਜੀਵਨੀ ਲਿਖਣ ਵੇਲੇ ਭਾਵੁਕਤਾ ਅਤੇ ਪਿਤਰੀ ਮੋਹ ਕਾਰਨ ਲੇਖਕ ਦਾ ਆਪਣਾ-ਆਪ ਰਚਨਾ ‘ਤੇ ਭਾਰੂ ਰਹਿਣ ਦਾ ਖਦਸ਼ਾ ਰਹਿੰਦਾ ਹੈ।
ਲੇਖਕ ਨੇ ਇਸ ਰਚਨਾ ਨੂੰ ਇਸ ਦੋਸ਼ ਤੋਂ ਮੁਕਤ ਰੱਖਣ ਦਾ ਪੂਰਾ ਯਤਨ ਕੀਤਾ ਹੈ। ਪੁਸਤਕ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਹ ਸ. ਬਲਵੰਤ ਸਿੰਘ ਸੱਚਮੁੱਚ ਹੀ ਇਕ ਕਰਮਯੋਗੀ ਇਨਸਾਨ ਸਨ। ਉਹ ਇੱਕ ਧਾਕੜ ਕਿਸਮ ਦੇ ਵਿਅਕਤੀ ਸਨ। ਸਹਿਜੇ ਕਿਸੇ ਦੀ ਈਨ ਮੰਨਣਾ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ ਸੀ। ਉਹ ਅਜਿਹੇ ਇਨਸਾਨ ਸਨ, ਜਿਹੜੇ ਮੁਸ਼ਕਲਾਂ ਦਾ ਟਾਕਰਾ ਕਰਕੇ ਹੋਰ ਤਾਕਤਵਰ ਬਣਦੇ ਗਏ। ਜੀਵਨ ਦੇ ਮੁੱਢਲੇ ਸਾਲ ਸਾਂਦਲਬਾਰ (ਪਾਕਿਸਤਾਨ) ਵਿੱਚ ਗੁਜ਼ਾਰ ਕੇ, ਦੇਸ਼ ਦੀ ਵੰਡ ਸਮੇਂ ਉਹ ਸਭ ਕੁਝ ਗੁਆ ਕੇ ਆਪਣੇ ਜੱਦੀ ਪਿੰਡ ਸਿੰਘਪੁਰਾ ਪਰਤੇ। ਜਿਹੜਾ ਇਨਸਾਨ ਜ਼ਿੰਦਗੀ ਵਿੱਚ ਕਦੇ ਡਿੱਗਿਆ ਹੀ ਨਹੀ, ਇਹ ਏਨੀ ਵੱਡੀ ਗੱਲ ਨਹੀਂ, ਜਿੰਨੀ ਕਿ ਉਹ ਵਿਅਕਤੀ ਜਿਹੜਾ ਕੇਰਾਂ ਡਿੱਗ ਕੇ ਮੁੜ ਆਪਣੇ ਪੈਰਾਂ ‘ਤੇ ਮਜ਼ਬੂਤੀ ਨਾਲ ਖਲੋ ਜਾਂਦਾ ਹੈ। ਸਰਦਾਰ ਬਲਵੰਤ ਸਿੰਘ ਖਾਲੀ ਹੱਥ ਪਰਤ ਕੇ ਮਿਹਨਤ, ਇਮਾਨਦਾਰੀ ਤੇ ਸਿਦਕ ਨਾਲ਼ ਮੁੜ ਆਪਣੇ ਪੈਰਾਂ ਤੇ ਖਲੋ ਗਏ। ਉਹ ਪਿੰਡ ਦੇ ਸਰਪੰਚ ਵੀ ਰਹੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਅਤੇ ਸਿਆਸੀ ਸਫ਼ਾਂ ਵਿਚ ਅਗਾਂਹ ਹੋ ਕੇ ਵਿਚਰੇ।
”ਲੱਭ ਲੈਂਦੇ ਮੋਤੀ ਲੋਕੀਂ ਸਾਗਰਾਂ ਦੀ ਕੁੱਖ ‘ਚੋਂ/ ਸਿਰ ਪਕੜ ਕੇ ਆਲਸੀ ਸਾਗਰ ਕਿਨਾਰੇ ਬਹਿ ਗਿਆ।”
ਪਾਕਿਸਤਾਨ ਤੋਂ ਉਹ ਸਿਰਫ ਆਪਣੀਆਂ ਜਾਨਾਂ ਬਚਾ ਕੇ ਲਿਆਏ ਸਨ। ਏਧਰ ਆ ਕੇ ਸਖਤ ਮਿਹਨਤ ਸਦਕਾ, ਉਹ ਬੰਨੇ-ਚੰਨੇ ਵਿੱਚ ਜਾਣੇ-ਪਛਾਣੇ ਵਿਅਕਤੀ ਬਣ ਗਏ ਸਨ। ਪਿੰਡ ਦੀ ਤਰੱਕੀ ਲਈ ਉਹਨਾਂ ਨੇ ਬਹੁਤ ਕੰਮ ਕੀਤਾ, ਜਿਸ ਕਾਰਨ ਲੋਕਾਂ ਦੇ ਮਨੋਂ ਉਹਨਾਂ ਦੀਆਂ ਯਾਦਾਂ ਅਜੇ ਮਿਟੀਆਂ ਨਹੀਂ ਹਨ। ਉਹ ਮੌਤ ਸਮੇਂ ਭਰਿਆ-ਭਕੁੰਨਿਆਂ ਵਿਹੜਾ, ਮਾਣ ਇੱਜ਼ਤ, ਸ਼ੋਹਰਤ ਅਤੇ ਨੇਕ-ਨੀਤੀ ਛੱਡ ਕੇ ਇਸ ਸੰਸਾਰ ਤੋਂ ਵਿਦਾ ਹੋਏ ਸਨ। ਤਦੇ ਤਾਂ ਲੇਖਕ ਪੁਸਤਕ ਦੇ ਆਰੰਭ ਵਿਚ ਲਿਖਦਾ ਹੈ;
“ਕੋਈ ਰੋਜ਼ ਜਾਨ ਹੈ ਜਹਾਨ ਭਗਵਾਨ ਸਿੰਘਾ/ ਆਦਮੀ ਦੇ ਬੋਲ ਜੱਗ ਰਹਿੰਦੀਆਂ ਨਿਸ਼ਾਨੀਆਂ।”
ਜਾਂ ਦੂਜੇ ਸ਼ਬਦਾਂ ਵਿੱਚ;
“ਛੋੜ ਜਾਊਂਗਾ ਮੈਂ ਦੁਨੀਆਂ ਮੇਂ ਕੁਛ ਐਸੇ ਭੀ ਨਕੂਸ਼/ ਜ਼ਿਕਰ ਆਏਗਾ ਮੇਰੇ ਬਾਅਦ ਵੀ ਅਕਸਰ ਮੇਰਾ।”
ਇਸ ਪੁਸਤਕ ਦੀ ਵਿਲੱਖਣਤਾ ਇਹ ਵੀ ਹੈ ਕਿ ਇਹ ਜੀਵਨੀਆਂ ਤੋਂ ਜ਼ਰਾ ਹਟ ਕੇ ਹੈ। ਪੁਸਤਕ ਪੜ੍ਹਦੇ ਸਮੇਂ ਪਾਠਕ ਇਹ ਮਹਿਸੂਸ ਕਰਦਾ ਹੈ ਜਿਵੇਂ ਉਸ ਵੱਲੋਂ ਕੋਈ live ਮੁਲਾਕਾਤ ਪੜ੍ਹੀ ਜਾ ਰਹੀ ਹੋਵੇ। ‘ਜੀਵਨੀ ਇਕ ਕਰਮਯੋਗੀ ਦੀ’ ਥਾਂ ਜੇਕਰ ਪੁਸਤਕ ਦਾ ਨਾਂ ਇੱਕ ਕਰਮਯੋਗੀ ਨਾਲ਼ ਲੰਮੀ ਮੁਲਾਕਾਤ ਹੁੰਦਾ ਤਾਂ ਵੀ ਢੁਕਵਾਂ ਹੀ ਹੋਣਾ ਸੀ।
ਲੇਖਕ ਮੂਲ ਰੂਪ ਵਿਚ ਇਕ ਸਾਬਕਾ ਅਧਿਕਾਰੀ ਹੈ। ਸੇਵਾਮੁਕਤੀ ਮਗਰੋਂ ਉਸ ਦੇ ਅੰਦਰ ਲੁਪਤ ਇਹ ਗੁਣ ਉਜਾਗਰ ਹੋਇਆ ਅਤੇ ਉਸਨੇ ਸੰਸਮਰਣ ਦੇ ਰੂਪ ਵਿੱਚ “ਵਕਤ ਦੀ ਕੈਨਵਸ ‘ਤੇ” ਅਤੇ “ਪਲਕਾਂ ਦੇ ਓਹਲੇ” ਦੋ ਪੁਸਤਕਾਂ ਪੰਜਾਬੀ ਸਾਹਿਤ-ਪੰਜਾਬੀ ਬੋਲੀ ਨੂੰ ਅਰਪਿਤ ਕੀਤੀਆਂ। ਉਸ ਦਾ ਲੇਖਕ ਬਣਨਾ ਕੋਈ ਹੈਰਾਨੀਜਨਕ ਗੱਲ ਵੀ ਨਹੀਂ ਕਹੀ ਜਾ ਸਕਦੀ। ਕਾਲਜ ਪੜ੍ਹਨ ਸਮੇਂ ਲੇਖਕ ਦਾ ਨਾਂ ਕਾਲਜ ਦੇ ਮੈਗਜ਼ੀਨ ਵਿੱਚ ਕਈ ਸਾਲ ਵਿਦਿਆਰਥੀ ਸੰਪਾਦਕ ਵਜੋਂ ਲਿਖਿਆ ਜਾਂਦਾ ਰਿਹਾ। ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਲੇਖਕ ਆਪਣਾ ਪਿਤਰੀ ਰਿਣ ਉਤਾਰਨ ਵਿੱਚ ਸਫ਼ਲ ਰਿਹਾ ਹੈ।
ਸੰਤਵੀਰ, 2493, ਸੈਕਟਰ 123, ਸੰਨੀ ਇਨਕਲੇਵ, ਮੋਹਾਲੀ – ਸੰਪਰਕ: 98149 52967
|