www.sursaanjh.com > Uncategorized > ਹੁਣ ਚੁੱਪ ਨਹੀਂ ਬੈਠਾਂਗੀ/ ਰਮਿੰਦਰ ਰੰਮੀ

ਹੁਣ ਚੁੱਪ ਨਹੀਂ ਬੈਠਾਂਗੀ/ ਰਮਿੰਦਰ ਰੰਮੀ

ਹੁਣ ਚੁੱਪ ਨਹੀਂ ਬੈਠਾਂਗੀ/ ਰਮਿੰਦਰ ਰੰਮੀ
ਉਦਾਸ ਬੈਠੀ, ਹੌਕੇ ਭਰਦੀ
ਹੰਝੂ ਵਹਾਉਂਦੀ ਨੂੰ ਦੇਖ
ਕਲਮ ਨੇ ਵੰਗਾਰਿਆ
ਕੀ ਹੋਇਆ ਹੁਣ
ਬੜੇ ਜੋਸ਼ ਨਾਲ ਲਿਖੀ ਸੀ
ਔਰਤ ਤੇਰੀ ਯਹੀ ਕਹਾਣੀ
ਇੱਕਲੀ ਦੁੱਖ ਸਹਿੰਦੀ ਰਹੀ
ਬੈਠੀ ਰੌਂਦੀ ਵੀ ਰਹੀ
ਦਿੱਤਾ ਕਿਸੇ ਨੇ ਸਾਥ ਤੇਰਾ
ਕੌਣ ਬਣਿਆ ਆਪਣਾ ਤੇਰਾ
ਮਾਂ-ਪਿਉ, ਭੈਣ-ਭਰਾ, ਬੱਚੇ, ਦੋਸਤ, ਸਮਾਜ
ਕਿਸਨੇ ਫੜੀ ਬਾਂਹ ਤੇਰੀ
ਤੇਰੇ ਡੂ-ਡਾਈ ਕਹਿਣ ਦਾ
ਹੋਇਆ ਕਿਸੇ ਤੇ ਅਸਰ
ਕਮਜ਼ੋਰ ਹੈ ਕੀ ਤੂੰ
ਕੀ ਹਿੰਮਤ ਨਹੀਂ ਤੇਰੇ ਵਿੱਚ
ਹੁਣ ਤੇ ਜਹਾਜ਼ ਉਡਾਉਂਦੀਆਂ ਤੀਵੀਂਆਂ ਨੇ
ਚੰਦਰਮਾਂ ਅੋਰ ਮੈਦਾਨੇ ਜੰਗ ਵੀ
ਪਹੁੰਚ ਗਈ ਹੈ ਤੀਵੀਂ ਹੁਣ
ਕੀ ਤੂੰ ਹੱਕਾਂ ਲਈ ਆਪਣੇ
ਲੜ ਨਹੀਂ ਸਕਦੀ
ਤੂੰ ਹੀ ਤੇ ਕਿਹਾ ਸੀ ਨਾ ਕਿ
ਭਰਿਆ ਭਾਂਡਾ ਉੱਛਲਦਾ ਹੈ ਹਮੇਸ਼ਾਂ
ਦੱਬੀ ਹੋਈ ਅੱਗ ਭੜਕਦੀ ਹੈ
ਪਤਨੀ ਨੂੰ ਨੌਕਰਾਨੀ ਕਹਿਣਾ
ਸਾਰੀ ਉਮਰ ਤੇਰੀਆਂ ਰੋਟੀਆਂ ਦੀ
ਗਿਣਤੀ ਕਰਦਾ ਰਿਹਾ ਤੇਰਾ ਬੰਦਾ
ਜਾਨ ਲਗਾ ਦਿੱਤੀ ਤੂੰ ਘਰ ਨੂੰ
ਬਣਾਉਣ ਸੰਵਾਰਨ ਵਿੱਚ
ਕੀ ਹੈ ਤੇਰੇ ਪੱਲੇ ਉਹ ਘਰ ਜਿਸਨੂੰ
ਬਣਾਉਂਦੇ, ਸਜਾਉਂਦੇ, ਸੰਵਾਰਦੇ
ਜਵਾਨੀ ਬਰਬਾਦ ਕਰ ਦਿੱਤੀ
ਨਹੀਂ ਹੈ ਉਹ ਤੇਰਾ ਘਰ
ਜਿਸਨੂੰ ਆਪਣਾ ਤੂੰ
ਆਪਣਾ ਕਹਿ ਸਕੇ ਤੇ ਨਾ ਹੀ ਕੋਈ ਪੈਸਾ
ਮੁਹਤਾਜ ਰਹੀ ਸਾਰੀ ਉਮਰ
ਪਤੀ ਤੇ ਬੱਚਿਆਂ ਦੀ
ਆਪਣਾ ਕੀ ਹੈ ਤੇਰਾ
ਕੁਝ ਨਹੀਂ ਨਾ ਘਰ ਨਾ ਪੈਸਾ
ਤੇ ਨਾਹੀ ਤੇਰੀ ਮਰਜ਼ੀ ਆਪਣੀ
ਔਰਤ ਬੇਬੱਸ ਨਹੀਂ ਹੋ ਸਕਦੀ
ਉੱਠ ਲੜ ਆਪਣੇ ਹੱਕਾਂ ਲਈ
ਤੇਰੇ ਪੱਲੇ ਕੁਝ ਨਾ ਹੋਇਆ ਤੇ
ਸਭ ਧੱਕੇ ਦੇਣਗੇ ਤੈਨੂੰ
ਬੀਬਾ ਲਿਖਣ ਨਾਲ ਨਹੀਂ ਕੁਝ ਬਣਦਾ
ਆਪਣੇ ਹੱਕਾਂ ਲਈ ਲੜਣਾ ਪੈਂਦਾ ਹੈ
ਕਨੂੰਨ ਬਣੇ ਹਨ ਇਸੇ ਲਈ ਤੇ
ਨਹੀਂ ਦਿੱਤਾ ਸਾਥ ਅਗਰ
ਕਿਸੇ ਨੇ ਤੇਰਾ ਤਾਂ
ਖੜਕਾ ਦਰਵਾਜ਼ਾ ਕਨੂੰਨ ਦਾ
ਤੱਕਿਆ ਘੂਰ ਕੇ ਮੈਂ ਵੀ ਕਲਮ ਵੱਲ
ਜ਼ਿਆਦਾ ਨਾ ਵੰਗਾਰ ਮੈਨੂੰ ਐਵੇਂ ਤੂੰ
ਤੈਨੂੰ ਪਤੇ ਜਦ ਜਵਾਲਾਮੁਖੀ ਫਟਦਾ ਹੈ
ਜਾਂ ਸੁਨਾਮੀ ਆਉਂਦੀ ਹੈ
ਤਬਾਹੀ ਮਚਾ ਦਿੰਦੀ ਹੈ ਹਰ ਤਰਫ਼
ਔਰਤ ਆ ਜਾਏ ਜਦ ਆਪਣੀ ਆਈ ਤੇ
ਕੀ ਨਹੀਂ ਕਰ ਸਕਦੀ ਹਾਂ ਹਾਂ ਹੁਣ ਮੈਂ
ਚੁੱਪ ਨਹੀਂ ਬੈਠਾਂਗੀ
ਲੜਾਂਗੀ ਮੈਂ ਆਪਣੇ ਹੱਕਾਂ ਲਈ
ਆਪਣੇ ਤੇ ਹੋਏ ਜ਼ੁਲਮਾਂ ਦਾ
ਲੈ ਕੇ ਰਹਾਂਗੀ ਹਿਸਾਬ
ਤੂੰ ਵੰਗਾਰ ਕੇ ਅੱਜ ਮੈਨੂੰ
ਨਮਕ ਛਿੜਕ ਦਿੱਤਾ ਜ਼ਖ਼ਮਾਂ ਤੇ ਮੇਰੇ
ਦਰਦਾਂ ਭਰਿਆ ਭਾਂਡਾ
ਛਲਕ ਪਿਆ ਹੈ ਹੁਣ ਦੱਬੀ ਹੋਈ ਅੱਗ
ਭੜਕ ਪਈ ਹੈ ਹੁਣ ਹਾਂ ਹਾਂ ਹਾਂ
ਹੁਣ ਚੁੱਪ ਨਹੀਂ ਬੈਠਾਂਗੀ
ਆਪਣੇ ਹੱਕ ਲੈ ਕੇ ਰਹਾਂਗੀ
ਹੁਣ ਚੁੱਪ ਨਹੀਂ ਬੈਠਾਂਗੀ
ਕੁਝ ਕਰਾਂਗੀ ਜਾਂ ਮਰਾਂਗੀ
ਪਰ ਹੁਣ ਚੁੱਪ ਨਹੀਂ ਬੈਠਾਂਗੀ
ਹੁਣ ਚੁੱਪ ਨਹੀਂ ਬੈਠਾਂਗੀ।

Leave a Reply

Your email address will not be published. Required fields are marked *