31 ਮਾਰਚ ਤੇ ਵਿਸ਼ੇਸ਼
ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਮਨਫੀ਼ ਹੁੰਦਾ ਜਾ ਰਿਹਾ ਨਤੀਜਿਆਂ ਵਾਲਾ ਤਿਉਹਾਰ – 31 ਮਾਰਚ
ਚੰਡੀਗੜ੍ਹ 31 ਮਾਰਚ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਜਦੋਂ ਚਾਰ ਕੁ ਦਹਾਕੇ ਪਹਿਲਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲੀ ਅਤੇ ਪੰਜਵੀਂ ਤੋਂ ਬਾਅਦ ਪੰਜਾਬ ਸਰਕਾਰ ਦੀ ਸਹਾਇਤਾ ਪ੍ਰਾਪਤ ਚਕਵਾਲ ਨੈਸ਼ਨਲ ਸਕੂਲ ਕੁਰਾਲੀ ਵਿਖੇ ਪੜ੍ਹਦਾ ਸੀ ਤਾਂ ਜਦੋਂ ਘਰੇਲੂ ਪ੍ਰੀਖਿਆਵਾਂ ਦਾ ਸਾਲਾਨਾ ਨਤੀਜਾ ਆਉਣਾ ਹੁੰਦਾ ਸੀ ਭਾਵ 31 ਮਾਰਚ, ਤਾਂ ਕੁਝ ਦਿਨ ਪਹਿਲਾਂ ਹੀ ਕੁਝ ਯਾਰਾਂ ਦੇ ਮਨਾਂ ਵਿੱਚ ਨਤੀਜੇ ਦੀ ਚਿੰਤਾ ਤੇ ਬੇਬੇ -ਬਾਪੂ ਦਾ ‘ਪਿਆਰ’ ਜਿਹੜਾ ਪਾਸ ਨਾ ਹੋਣ ਦੀ ਸੂਰਤ ਵਿੱਚ ਮਿਲਣ ਦੇ ਸੁਪਨਿਆਂ ਵਿੱਚ ਦਿਖਾਈ ਦਿੰਦਾ ਸੀ। ਕੁਝ ਯਾਰ-ਮਿੱਤਰ ਅਜਿਹੇ ਵੀ ਹੁੰਦੇ ਸਨ, ਜਿਨ੍ਹਾਂ ਨੂੰ ਨਤੀਜਾ ਆਉਣ ਦਾ ਅੱਡੀਆਂ ਚੁੱਕ ਚੁੱਕ ਕੇ ਇੰਤਜ਼ਾਰ ਰਹਿੰਦਾ ਹੁੰਦਾ ਸੀ। ਕੁਝ ਵੀ ਹੋਵੇ, ਉਦੋਂ ਇਸ ਦਿਨ ਨੂੰ ਇਕ ਮੇਲੇ ਵਾਂਗ ਸਮਝਿਆ ਜਾਂਦਾ ਸੀ। ਹਰ ਵਿਦਿਆਰਥੀ ਦੇ ਹੱਥ ਵਿੱਚ ਵੱਖਰੀ-ਵੱਖਰੀ ਕਿਸਮ ਦੇ ਫੁੱਲਾਂ ਦੇ ਤੇ ਮਿਠਾਈ ਨਾਲ ਭਰੇ ਲਿਫ਼ਾਫ਼ੇ ਹੁੰਦੇ ਸਨ। ਉਨ੍ਹਾਂ ਦਿਨਾਂ ਵਿੱਚ ਫੁੱਲਾਂ ਦੀ ਦੁਕਾਨ ਤਾਂ ਕੋਈ ਹੁੰਦੀ ਨਹੀਂ ਸੀ, ਪਰ ਟੈਂਕੀ ਵਾਲੇ ਪਾਰਕਾਂ ਤੇ ਘਰਾਂ ਤੋਂ ਫੁੱਲ ਲੈ ਕੇ ਆਉਣ ਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਹੁਣ ਇਹ ਸਭ ਕੁਝ ਲਗਭਗ ਖ਼ਤਮ ਹੋ ਰਿਹਾ ਹੈ। ਬੀਤੇ ਦੀਆਂ ਗੱਲਾਂ ਬਣ ਗਈਆਂ ਹਨ। ਜ਼ਿਆਦਾਤਰ ਵਿਦਿਆਰਥੀਆਂ ਵਿੱਚ ਸਾਲਾਨਾ ਨਤੀਜਿਆਂ ਨੂੰ ਲੈਕੇ ਚਿੰਤਾ ਤੇ ਖੁਸ਼ੀ ਖ਼ਤਮ ਹੋ ਰਹੀ ਹੈ। ਵਿਦਿਆਰਥੀ ਨਤੀਜਾ ਪਤਾ ਕਰਨ ਲਈ ਆਰਾਮ ਨਾਲ ਆਉਂਦੇ ਹਨ, ਕੁਝ ਆਉਂਦੇ ਹੀ ਨਹੀਂ। ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਇਹ 31 ਮਾਰਚ ਜਾਂ ਨਤੀਜਿਆਂ ਵਾਲਾ ਤਿਉਹਾਰ ਅੱਜ ਕੱਲ੍ਹ ਮਨਫੀ਼ ਹੁੰਦਾ ਜਾ ਰਿਹਾ ਹੈ।
ਰਾਜਨ ਸ਼ਰਮਾ ਕੁਰਾਲੀ, ਲੈਕਚਰਾਰ, ਸ.ਸ.ਸ.ਸਕੂਲ, ਸਿੰਘਪੁਰਾ।
ਪੇਸ਼ਕਸ਼-ਅਵਤਾਰ ਨਗਲ਼ੀਆ।