ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵਲੋਂ ਉਰਦੂ ਆਮੋਜ਼ ਦੀ ਸਿਖਲਾਈ ਦੋ ਜਨਵਰੀ ਤੋਂ


ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਕੜੀ ਤਹਿਤ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵਿਖੇ ਉਰਦੂ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਲਈ ਉਰਦੂ ਆਮੋਜ਼ ਦੀ ਸਿਖਲਾਈ 02 ਜਨਵਰੀ 2024 ਤੋਂ ਸ਼ੁਰੂ ਕੀਤੀ ਜਾ ਰਹੀ ਹੈ।
2 ਜਨਵਰੀ 2024 ਤੋਂ ਸ਼ੁਰੂ ਹੋਣ ਵਾਲੇ ਉਰਦੂ ਆਮੋਜ਼ ਦੇ ਕੋਰਸ ਦੀ ਦਾਖਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਨਿਸ਼ਚਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਦੀ ਹੋਵੇਗੀ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇੱਕ ਘੰਟਾ ਹੋਵੇਗਾ। ਇਸ ਕੋਰਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਦਾਖ਼ਲਾ ਲੈ ਸਕਦਾ ਹੈ। ਇਸ ਵਿਚ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਉਰਦੂ ਆਮੋਜ਼ ਦੀ ਸਿਖਲਾਈ ਲੈ ਸਕਦੇ ਹਨ।
ਉਰਦੂ ਆਮੋਜ਼ ਦੀ ਸਿਖਲਾਈ ਲਈ ਫ਼ਾਰਮ ਭਰਨ ਦੀ ਮਿਤੀ 16 ਦਸੰਬਰ 2023 ਤੋਂ 28 ਦਸੰਬਰ 2023 ਰੱਖੀ ਗਈ ਹੈ। ਉਰਦੂ ਜਮਾਤ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਦਫ਼ਤਰ ਸਹਾ. ਡਾਇਰੈਕਟਰ, ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਸਥਿਤ ਸਰਕਾਰੀ ਕਾਲਜ, ਫੇਜ਼ 6, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਦਾਖ਼ਲਾ ਫ਼ਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਇਹ ਦਾਖਲਾ ਫ਼ਾਰਮ ਭਰਨ ਉਪਰੰਤ ਦਫ਼ਤਰ ਵਿਖੇ 28 ਦਸੰਬਰ ਤੱਕ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ।

