ਤਿਊੜ ਸਕੂਲ ਦੀ ਮਹਿਕ ਨੇ ਕੌਮੀ ਪੱਧਰ ‘ਤੇ ਸੋਨ ਤਗ਼ਮਾ ਜਿੱਤਿਆ
ਚੰਡੀਗੜ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 25 ਜਨਵਰੀ:
ਨੇੜਲੇ ਪਿੰਡ ਤਿਊੜ ਦੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਹਿਕ ਨੇ ਕੌਮੀ ਪੱਧਰ ਦੇ ਕਰਾਟੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਸਕੂਲ ਦਾ ਨਾਂ ਰੋਸ਼ਨ ਕਰਨ ਵਾਲੀ ਵਿਦਿਆਰਥਣ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੀਟੀਆਈ ਅਧਿਆਤਮ ਪ੍ਰਕਾਸ਼ ਅਤੇ ਰੀਟਾ ਰਾਣੀ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਮਹਿਕ ਨੇ 19 ਸਾਲ ਵਰਗ ਦੇ ਕੌਮੀ ਕਰਾਟੇ ਮੁਕਾਬਬਿਲਆਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸ ਮੁਕਾਬਲੇ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਹਿਕ ਨੇ ਵਿਰੋਧੀ ਖਿਡਾਰੀਆਂ ਨੂੰ ਮਾਤ ਦਿੰਦਿਆਂ ਕੌਮੀ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਸਕੂਲ ਦਾ ਨਾਂ ਰੋਸ਼ਨ ਕਰਕੇ ਪਰਤੀ ਮਹਿਕ ਦਾ ਸਕੂਲ ਪੁੱਜਣ ‘ਤੇ ਪ੍ਰਿੰਸੀਪਲ ਹਰਭੁਪਿੰਦਰ ਕੌਰ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ।
ਇਸੇ ਦੌਰਾਨ ਕੌਮੀ ਪੱਧਰ ‘ਤੇ ਜ਼ਿਲ੍ਹਾ ਮੁਹਾਲੀ ਦੇ ਪੰਜਾਬ ਦਾ ਨਾਂ ਰੋਸ਼ਨ ਕਰਨ ਲਈ ਮਹਿਕ ਦਾ ਪ੍ਰਿੰਸੀਪਲ,ਐੱਸਐੱਮਸੀ ਅਤੇ ਸਮੂਹ ਸਟਾਫ਼ ਵਲੋਂ 5100 ਰੁਪਏ ਦੇ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਵੀ ਮਹਿਕ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਪਤਵੰਤੇ ਹਾਜ਼ਰ ਸਨ।
ਫੋਟੋ: ਕੌਮੀ ਪੱਧਰ ‘ਤੇ ਸੋਨ ਤਗ਼ਮਾ ਜੇਤੂ ਮਹਿਕ ਦਾ ਸਨਮਾਨ ਕਰਦੇ ਪ੍ਰਿੰਸੀਪਲ ਹਰਭੁਪਿੰਦਰ ਕੌਰ ਤੇ ਹੋਰ ਸਟਾਫ਼ ਮੈਂਬਰ।