ਰੌਇਲ ਕਾਲਜ ਵਿਖੇ ਮਨਾਇਆ ਕੌਮਾਂਤਰੀ ਮਾਤ –ਭਾਸ਼ਾ ਦਿਵਸ
ਬੋੜਾਵਾਲ ਕਾਲਜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਫਰਵਰੀ:
ਸਥਾਨਕ ਭੀਖੀ-ਬੁਢਲਾਡਾ ਰੋਡ ‘ਤੇ ਸਥਿਤ ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਤੇ ਨਾਲ ਹੀ ਬਹੁ-ਭਾਸ਼ਾਈ ਸੱਭਿਆਚਾਰਕ ਏਕਤਾ ਨੂੰ ਬਣਾਏ ਰੱਖਣ ਲਈ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਕਾਲਜ ਦੇ ਡੀਨ ਅਕਾਦਮਿਕ ਡਾ. ਕੁਲਵਿੰਦਰ ਸਿੰਘ ਸਰਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਸੁਰਜਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਵਿੱਚ ਸੁੰਦਰ ਲਿਖਾਈ, ਪੋਸਟਰ ਬਣਾਉਣ, ਸਲੋਗਨ ਲਿਖਣ ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।


ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਨ ਤੋਂ ਬਾਅਦ ਪੰਜਾਬੀ ਵਿਭਾਗ ਦੇ ਮੁਖੀ ਡਾ਼ ਭੁਪਿੰਦਰ ਸਿੰਘ ਸਿੱਧੂ ਨੇ ਸਭ ਦਾ ਸਵਾਗਤ ਕਰਦਿਆਂ ਸਮਾਗਮ ਦੀ ਰੂਪ- ਰੇਖਾ ਬਿਆਨ ਕੀਤੀ। ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸਹਾਇਕ ਪ੍ਰੋਫੈਸਰ ਪਰਮਜੀਤ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਹਰ ਵਿਅਕਤੀ ਦੀ ਪਛਾਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਇਹ ਸਾਡੀ ਇੱਕ ਅਜਿਹੀ ਵਿਰਾਸਤ ਹੈ ਜਿਸ ਨੂੰ ਸਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ। ਕਾਲਜ ਦੇ ਡੀਨ ਅਕਾਦਮਿਕ ਡਾ. ਕੁਲਵਿੰਦਰ ਸਿੰਘ ਸਰਾਂ ਨੇ ਇਸ ਮੌਕੇ ਸਭ ਬੋਲੀਆਂ ਦੇ ਸਤਿਕਾਰ ਦਾ ਹੋਕਾ ਦਿੰਦਿਆਂ ਕਾਲਜ ਦੇ ਪੰਜਾਬੀ, ਅੰਗਰੇਜ਼ੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨੂੰ ਵਧਾਈ ਦਿੱਤੀ।
ਉਹਨਾਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ ਹੁਰਾਂ ਦੁਆਰਾ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਜਾਂਦੇ ਅਜਿਹੇ ਸਾਰਥਕ ਉੱਦਮਾਂ ਦੀ ਸ਼ਲਾਘਾ ਕਰਦਿਆਂ, ਅਕਾਦਮੀ ਵਲੋਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੇ ਸਹਿਯੋਗ ਲਈ ਖਾਸ ਤੌਰ ‘ਤੇ ਧੰਨਵਾਦ ਕੀਤਾ। ਪ੍ਰੋਫੈਸਰ ਸੁਰਜਨ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਹੋਰਨਾ ਭਾਸ਼ਾਵਾਂ ਪ੍ਰਤੀ ਵੀ ਪ੍ਰੇਮ ਦੀ ਭਾਵਨਾ ਰੱਖਣ ਲਈ ਕਿਹਾ। ਪ੍ਰੋਗਰਾਮ ਦੇ ਆਖ਼ਰ ‘ਤੇ ਡਾ਼ ਭੁਪਿੰਦਰ ਸਿੰਘ ਸਿੱਧੂ ਨੇ ਨਤੀਜੇ ਐਲਾਨੇ ਜਿਨ੍ਹਾਂ ਸੁੰਦਰ ਲਿਖਾਈ ਮੁਕਾਬਲੇ ਵਿੱਚ ਕਰਮਜੀਤ ਕੌਰ, ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਕਰਮਜੀਤ ਕੌਰ ਨੇ ਪਹਿਲਾ, ਬੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਤੇ ਹਰਮਨਦੀਪ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਕੋਮਲਪ੍ਰੀਤ ਤੇ ਐਮ.ਲਿਬ. ਦੀ ਵਿਦਿਆਰਥਣ ਸੁਖਦੀਪ ਕੌਰ ਨੇ ਪੋਸਟਰ ਬਣਾਉਣ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਵਿੱਚ ਕਰਮਜੀਤ ਕੌਰ, ਬੀ.ਏ. ਭਾਗ ਤੀਜਾ ਨੇ ਪਹਿਲਾ, ਸੁਖਪ੍ਰੀਤ ਕੌਰ, ਐਮ.ਲਿਬ ਨੇ ਦੂਜਾ ਤੇ ਮਨਪ੍ਰੀਤ ਕੌਰ, ਬੀ.ਏ. ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ।
ਭਾਸ਼ਣ ਮੁਕਾਬਲੇ ਵਿੱਚ ਡੀ.ਲਿਬ. ਦੀ ਵਿਦਿਆਰਥਣ ਜਸਪ੍ਰੀਤ ਕੌਰ ਪਹਿਲੇ ਤੇ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਮਨਪ੍ਰੀਤ ਦੂਜੇ ਸਥਾਨ ‘ਤੇ ਰਹੀ। ਕਵਿਤਾ ਉਚਾਰਨ ਮੁਕਾਬਲੇ ਵਿੱਚ ਸੋਨੀਆ ਰਾਣੀ, ਬੀ.ਏ. ਭਾਗ ਤੀਜਾ, ਸਿਮਰਨਜੀਤ ਕੌਰ ਬੀ.ਏ. ਭਾਗ ਦੂਜਾ ਤੇ ਲਵਪ੍ਰੀਤ ਸਿੰਘ, ਬੀ.ਏ. ਭਾਗ ਦੂਜਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਸੋਨੀਆ ਰਾਣੀ ਨੇ ਸ਼ਿਵ ਕੁਮਾਰ ਬਟਾਲਵੀ ਅਤੇ ਜੌਨ੍ਹ ਕੀਟਸ ਦਾ ਤੁਲਨਾਤਮਿਕ ਅਧਿਐਨ ਕੀਤਾ। ਕਾਲਜ ਦੇ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਅਤੇ ਪ੍ਰਿੰ. (ਡਾ.) ਕੁਲਦੀਪ ਸਿੰਘ ਬੱਲ ਨੇ ਮਾਤ ਭਾਸ਼ਾ ਦੇ ਮਹੱਤਵ ਨਾਲ ਜੁੜੇ,ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਨੂੰ ਉਲੀਕਣ ਲਈ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਅੰਗਰੇਜ਼ੀ ਵਿਭਾਗ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪ੍ਰੋਗਰਾਮ ਦੇ ਦੌਰਾਨ ਮੰਚ ਸੰਚਾਲਨ ਦਾ ਕਾਰਜ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਪਰਮਜੀਤ ਕੌਰ ਪੰਜਾਬੀ ਵਿਭਾਗ ਨੇ ਕੀਤਾ।

