ਕਿੱਥੇ ਗਏ ਉਹ ਦਿਨ/ ਸੰਜੀਵ ਆਹਲੂਵਾਲੀਆ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ:
ਅੱਜ ਇੱਕ ਪੁਰਾਣੇ ਦੋਸਤ ਨਾਲ…ਪੀ.ਏ.ਯੂ. ਲੁਧਿਆਣਾ ਦੀਆਂ ਯਾਦਾਂ ਸਾਂਝਿਆਂ ਕਰਦਿਆਂ…ਇੱਕ ਪੁਰਾਣੀ ਗੱਲ ਯਾਦ ਆ ਗਈ…ਪੀ.ਏ.ਯੂ. ਵਿਚ ਹਰ ਸਾਲ ਕਿਸਾਨ ਮੇਲਾ…ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ…ਅੱਜ ਸ਼ਾਇਦ ਉਸ ਤੋਂ ਵੀ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੋਵੇ…ਸਾਡੇ ਹੋਸਟਲਾਂ ‘ਚ ਵੀ ਰੌਣਕਾਂ ਲੱਗ ਜਾਂਦੀਆਂ ਸੀ…ਵਿਦਿਆਰਥੀਆਂ ਦੀ ਬਹੁ-ਗਿਣਤੀ ਪੇਂਡੂ ਪਿਛੋਕੜ ਦੀ ਹੁੰਦੀ ਸੀ…ਤੇ ਕੋਈ ਨਾ ਕੋਈ ਪਿੰਡੋਂ ਪਹੁੰਚਿਆ ਹੁੰਦਾ ਸੀ… ਕਿਸੇ ਦੇ ਬਾਪੂ ਜੀ…ਕਿਸੇ ਦਾ ਤਾਇਆ…ਕਿਸੇ ਦਾ ਚਾਚਾ…ਕਿਸੇ ਦਾ ਮਾਸੜ…ਕਿਸੇ ਦਾ ਫੁੱਫੜ…ਕਿਸੇ ਦੇ ਯਾਰ ਦੋਸਤ…ਸ਼ਾਮ ਨੂੰ ਬਹੁਤ ਕਮਰਿਆਂ ‘ਚ… ਮਹਿਫ਼ਿਲਾਂ ਲੱਗ ਜਾਂਦੀਆਂ ਸਨ…
ਸਾਡੇ ਇੱਕ ਦੋਸਤ ਦਾ ਚਾਚਾ… ਕਿਸਾਨ ਮੇਲੇ ‘ਚ ਆਇਆ ਸੀ…ਉਹਦੇ ਨਾਲ ਉਹਦਾ ਇੱਕ ਮਿੱਤਰ ਵੀ ਸੀ…ਸ਼ਾਮ ਨੂੰ ਜਦ ਦਾਰੂ ਦਾ ਦੌਰ ਚਲਿਆ ਤਾਂ…ਗੱਲਾਂ ਗੱਲਾਂ ‘ਚ ਪਤਾ ਲੱਗ ਗਿਆ ਕਿ ਚਾਚੇ ਦੇ ਨਾਲ ਆਇਆ ਉਹਦਾ ਦੋਸਤ ਅਮਲੀ ਸੀ…ਚਾਚਾ ਵੀ ਉਹਨੂੰ ਅਮਲੀ ਕਹਿ ਕਿ ਹੀ ਸੱਦਦਾ ਸੀ…ਸ਼ਾਇਦ ਪਿੰਡ ‘ਚ ਸਾਰੇ ਉਹਨੂੰ ਅਮਲੀ ਹੀ ਸੱਦਦੇ ਹੋਣ…ਅਮਲੀ ਥੋੜਾ ਸਿਧਰਾ ਜਿਹਾ…


ਮੌਜੀ ਸੁਭਾਅ ਦਾ ਬੰਦਾ ਜਾਪਦਾ ਸੀ…ਦੇਰ ਰਾਤ ਤੱਕ ਅਮਲੀ ਨੇਂ ਸਾਨੂੰ ਪਿੰਡ ਦੇ ਕਈ ਹਾਸੇ ਵਾਲੇ ਕਿੱਸੇ ਸੁਣਾ…ਸਾਡੀਆਂ ਵੱਖੀਆਂ ਪਕਾ ਦਿੱਤੀਆਂ…ਕਿੱਸੇ ਸੁਣਾਉਣ ਦਾ ਅੰਦਾਜ਼ ਵੀ ਅਮਲੀ ਦਾ ਨਿਰਾਲਾ ਸੀ…ਗੱਲ ਢਿੱਲੀ ਜਿਹੀ ਛੱਡ ਕੇ ਸੁਣਾਉਂਦਾ ਸੀ…ਹਾਸੇ ਵਾਲੀ ਗੱਲ ਤੇ ਆਪ ਨਹੀਂ ਹੱਸਦਾ ਸੀ…ਅਮਲੀ ਨੇਂ ਗੱਲਾਂ ‘ਚ ਚਾਚਾ ਵੀ ਨਹੀਂ ਬਖਸ਼ਿਆ…ਉਹਦੇ ਤੇ ਵੀ ਤਵਾ ਲਾ ਦਿੱਤਾ…ਅਸੀਂ ਤਾਂ ਹੱਸਦੇ ਸੀ…ਪਰ ਚਾਚੇ ਦਾ ਹਾਸਾ ਬਨਾਉਟੀ ਲਗਦਾ ਸੀ…
ਅਗਲੇ ਦਿਨ…ਸਵੇਰੇ ਉੱਠ…ਪਰੌਂਠਿਆਂ, ਭੁਰਜੀ, ਤੇ ਦਹੀਂ ਦਾ ਬ੍ਰੇਕਫਾਸਟ ਕਰ…ਸਾਰੇ ਮੇਲੇ ਵੱਲ ਨੂੰ ਤੁਰ ਪਏ। ਅਮਲੀ ਨੇਂ ਬ੍ਰੇਕਫਾਸਟ ਕਰਦਿਆਂ…ਚਾਹ ਨਾਲ ਅਫੀਮ ਦਾ ਗੋਲਾ ਅੰਦਰ ਸੁੱਟ ਲਿਆ ਸੀ…ਚਾਚੇ ਨੂੰ ਨਵੇਂ ਬੀਜ ਲੈ ਕੇ ਦੇਣੇ ਸੀ…ਉਹਦਾ ਜੁਗਾੜ ਪਹਿਲਾਂ ਕੀਤਾ ਹੋਇਆ ਸੀ…ਮੇਲਾ ਕਾਫੀ ਭਰਿਆ ਹੋਇਆ ਸੀ…ਪੂਰੀ ਭੀੜ ਸੀ…ਅਸੀਂ ਸਟਾਲਾਂ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ…ਮਾਰਚ ਦੇ ਮਹੀਨੇ ਦੀ ਦੁਪਹਿਰ ਗਰਮ ਲੱਗ ਰਹੀ ਸੀ…ਧੁੱਪ ਤਿੱਖੀ ਸੀ…ਮੇਲੇ ਦੇ ਸਟਾਲ ਦੂਰ ਤਕ ਫੈਲੇ ਹੁੰਦੇ ਸਨ…ਇੱਕ ਥਾਂ ਤੋਂ ਦੂਜੀ ਥਾਂ ਦੀ ਕਾਫੀ ਵਾਟ ਹੁੰਦੀ ਸੀ…ਰਾਹ ਵਿਚ ਇੱਕ ਕੰਟੀਨ ਤੇ ਰੁਕ…ਅਸੀਂ ਚਾਹ ਪੀਣ ਲੱਗ ਗਏ…ਕੰਟੀਨ ਵਾਲਿਆਂ ਨੇ ਵੀ ਸਮੋਸੇ, ਪਕੌੜੇ, ਜਲੇਬੀਆਂ ਆਦਿ ਸਜਾ ਕੇ ਰੱਖੇ ਹੁੰਦੇ ਸੀ…
ਚਾਹ ਪੀ ਕੇ ਅਸੀਂ ਬੀਜ ਲੈਣ ਤੁਰ ਪਏ… ਇੱਕ ਗਰਾਉਂਡ ਚੋਂ ਦੀ ਸ਼ਾਰਟ ਕੱਟ ਮਾਰ ਰਹੇ ਸੀ…ਤਾਂ ਪਤਾ ਨੀ ਕਿਥੋਂ ਸ਼ਹਿਦ ਦੀਆਂ ਮੱਖੀਆਂ ਸਾਡੇ ਮਗਰ ਪੈ ਗਈਆਂ…ਅਸੀਂ ਸਾਰੇ ਤਾਂ ਭੱਜ ਕੇ ਨੇੜੇ ਵਾਲੇ ਕਾਲਜ ਦੀ ਬਿਲਡਿੰਗ ‘ਚ ਵੜ ਗਏ… ਪਰ ਅਮਲੀ ਵਿਚਾਰਾ.. ਭੱਜਿਆ ਜਾਂਦਾ ਕਿਸੇ ਟੋਏ ‘ਚ ਅਟਕ ਕੇ ਡਿੱਗ ਪਿਆ… ਖੜ੍ਹਾ ਹੋ ਕੇ ਦੁਬਾਰਾ ਭੱਜਣ ਲੱਗਾ ਤਾਂ…ਦੂਰੋਂ ਦੇਖਦੇ ਲੋਕਾਂ ਨੇਂ ਰੌਲਾ ਪਾ ਤਾ…”ਲੰਮਾ ਪੈ ਜਾ…ਲੰਮਾ ਪੈ ਜਾ… ਹਿੱਲੀਂ ਨਾ”… ਅਮਲੀ ਘਬਰਾ ਗਿਆ … ਦੁਬਾਰਾ ਮਿੱਟੀ ‘ਚ ਮੂਧਾ ਪੈ ਗਿਆ … ਅਮਲੀ ਦੇ ਚਾਦਰਾ ਬੰਨ੍ਹਿਆ ਹੋਇਆ ਸੀ …ਬੌਂਦਲੇ ਹੋਏ ਨੇ ਚਾਦਰਾ ਲੱਤਾਂ ਤੋਂ ਕੱਠਾ ਕਰ…ਮੂੰਹ ਸਿਰ ਦੁਆਲੇ ਵਲ੍ਹੇਟ ਲਿਆ ਸੀ…ਅਮਲੀ ਦੀ ਕਿਸਮਤ ਚੰਗੀ ਸੀ … ਉਥੇ ਇੱਕ ਹੋਰ ਬੰਦਾ ਭੱਜਿਆ ਜਾਂਦਾ ਸੀ .. ਤੇ ਸਾਰੀਆਂ ਮੱਖੀਆਂ ਉਹਦੇ ਦੁਆਲੇ ਹੋ ਗਈਆਂ … ਉਹਦੇ ਕਈ ਮੱਖੀਆਂ ਲੜ ਵੀ ਗਈਆਂ …
ਐਧਰ ਅਮਲੀ ਮੂਧਾ ਪਿਆ … ਜਦੋਂ ਵੀ ਚਾਦਰੇ ਨਾਲ ਢਕਿਆ ਸਿਰ ਚੱਕਣ ਦੀ ਕੋਸ਼ਿਸ਼ ਕਰਿਆ ਕਰੇ … ਤਾਂ ਚਾਚਾ ਉਦੋਂ ਹੀ ਆਵਾਜ਼ ਮਾਰ ਕੇ ਕਹਿ ਦੀਆ ਕਰੇ…”ਅਮਲੀਆ…ਮੱਖੀਆਂ ਹਾਲੇ ਤੇਰੇ ਉੱਤੇ ਹੀ ਨੇਂ…ਅਮਲੀ ਹੋਰ ਕੱਠਾ ਹੋ ਜਾਇਆ ਕਰੇ…ਉਹਨੂੰ ਇਹ ਖਿਆਲ ਵੀ ਨਹੀਂ ਆਇਆ…ਕਿ ਜੇ ਮੱਖੀਆਂ ਵਾਕਿਆ ਹੀ ਉਸ ਦੇ ਉੱਤੇ ਮੰਡਰਾਉਂਦੀਆਂ ਹੁੰਦੀਆਂ…ਤਾਂ ਉਹਦੀਆਂ ਲੱਤਾਂ ਤੇ ਭਲਾ ਨਾ ਲੜਦੀਆਂ …ਸ਼ਾਇਦ ਅਮਲੀ ਦੀ ਪੂਰੀ ਪੀਣਕ ਲੱਗੀ ਹੋਈ ਸੀ…ਚਾਚੇ ਨੇ ਅਮਲੀ ਨੂੰ ਪੰਦਰਾਂ ਵੀਹ ਮਿੰਟ ਐਵੇਂ ਹੀ ਮੂਧੇ ਮੂੰਹ ਪਾਈ ਰੱਖਿਆ… ਜਦੋਂ ਵੀ ਅਮਲੀ ਸਿਰ ਚੁੱਕਣ ਦੀ ਕੋਸ਼ਿਸ਼ ਕਰੇ…ਉਦੋਂ ਹੀ ਚਾਚਾ ਹਾਕ ਮਾਰ ਦੇਵੇ…
ਉਇ ਪਿਆ ਰਹੁ…ਮੱਖੀਆਂ ਹਾਲੇ ਤੇਰੇ ਉੱਤੇ ਹੀ ਨੇ”…ਸਾਡੇ ਆਲੇ ਦੁਆਲੇ ਖੜੇ ਲੋਕ…ਜੋ ਇਹ ਨਜ਼ਾਰਾ ਦੇਖ ਰਹੇ ਸੀ…ਸਾਰੇ ਹੱਸ ਹੱਸ ਕੇ ਦੂਹਰੇ ਹੋ ਰਹੇ ਸਨ … ਚਾਚੇ ਨੇ ਸ਼ਾਇਦ ਰਾਤ ਦੇ ਲੱਗੇ ਤਵੇ ਦਾ ਬਦਲਾ ਲੈ ਲਿਆ ਸੀ…
ਕੁਝ ਦੇਰ ਬਾਅਦ ਅਸੀਂ ਅਮਲੀ ਨੂੰ ਆਵਾਜ਼ ਮਾਰੀ…ਕਿ ਉੱਠ ਖੜ…ਮੱਖੀਆਂ ਚਲੀਆਂ ਗਈਆਂ ਨੇ…ਅਮਲੀ ਨੇ ਉੱਠ ਕੇ…ਆਪਣੇ ਲੀੜੇ ਸਿੱਧੇ ਕੀਤੇ…ਉਹਨਾਂ ਤੋਂ ਮਿੱਟੀ ਝਾੜੀ…ਚਾਦਰਾ ਸੂਤ ਕੀਤਾ…ਅਸੀਂ ਬੀਜ ਲੈਣ ਤੁਰ ਪਏ…ਰਾਹ ‘ਚ ਚਾਚੇ ਨੇ ਅਮਲੀ ਤੇ ਬੜਾ ਤਵਾ ਲਾਇਆ…ਕਹਿੰਦਾ,”ਅੱਜ ਤਾਂ ਤੈਨੂੰ ਤੇਰੇ ਫਾਂਟਾਂ ਆਲੇ ਕੱਛੇ ਨੇ ਬਚਾ ਲਿਆ…ਨਹੀਂ ਤਾਂ ਤੇਰਾ ਜਲੂਸ ਨਿਕਲ ਜਾਣਾ ਸੀ”… ਬੀਜ ਲੈ ਕੇ ਅਸੀਂ ਬਾਹਰ ਆਏ… ਤਾਂ ਅਮਲੀ ਕਹਿੰਦਾ, “ਯਾਰ! ਚਾਹ ਚੂਹ ਤਾਂ ਪਿਆਓ…ਮੇਰਾ ਤਾਂ ਨਸ਼ਾ ਈ ਟੁੱਟੀ ਜਾਂਦੈ”…ਅਸੀਂ ਸਟੂਡੈਂਟ ਹੋਮ ਕੰਟੀਨ ਪਹੁੰਚ ਗਏ…
ਚਾਹ ਤੇ ਸਮੋਸਿਆਂ ਦਾ ਆਰਡਰ ਦਿੱਤਾ…ਅਮਲੀ ਨੇ ਚਾਹ ਨਾਲ…ਇੱਕ ਅਫ਼ੀਮ ਦਾ ਗੋਲਾ ਹੋਰ ਅੰਦਰ ਸੁੱਟਿਆ…ਗੱਲਾਂ ਕਰਦਿਆਂ…ਗੱਲ ਫੇਰ ਮੱਖੀਆਂ ਤੇ ਪਹੁੰਚ ਗਈ…ਸਾਰੇ ਕਹਿੰਦੇ ਕਿ ਅੱਜ ਤਾਂ ਅਮਲੀ ਦਾ ਬਚਾਅ ਹੋ ਗਿਆ… ਨਹੀਂ ਤਾਂ ਮੱਖੀਆਂ ਨੇ ਰਗੜ ਦੇਣਾ ਸੀ… ਅਮਲੀ ਵੀ ਸਾਡੀ ਹਾਂ ‘ਚ ਹਾਂ ਮਿਲਾ ਰਿਹਾ ਸੀ..ਐਨੇ ਨੂੰ ਸਾਡੇ ‘ਚੋਂ ਇੱਕ ਮਿੱਤਰ…ਕਿਸੇ ਮੁੰਡੇ ਨੂੰ ਸਾਡੇ ਵੱਲ ਆਉਂਦਿਆਂ ਦੇਖ ਕਹਿੰਦਾ…”ਇਹ ਸਾਲੀ ਮੱਖੀ ਆਪਣੇ ਵੱਲ ਨੂੰ ਆ ਰਹੀ ਲੱਗਦੀ ਹੈ”… ਸਾਡੀ ਯੂਨੀਵਰਸਿਟੀ ‘ਚ ਮੱਖੀ ਸ਼ਬਦ …ਕਿਸੀ ਮੁਫ਼ਤਖੋਰ ਵਾਸਤੇ ਵਰਤਿਆ ਜਾਂਦਾ ਸੀ…
ਪਰ ਏਧਰ ਅਮਲੀ ਨੇ ਜਦੋਂ ਮੱਖੀ ਦਾ ਨਾਂ ਸੁਣਿਆ…ਤਾਂ ਝੱਟ ਹੀ ਮੂਧਾ ਹੋ…ਗਰਾਉਂਡ ਤੇ ਲੇਟ ਗਿਆ…ਤੇ ਪਹਿਲਾਂ ਵਾਂਗ ਚਾਦਰਾ…ਲੱਤਾਂ ਤੋਂ ਲਾਹ…ਮੂੰਹ ਸਿਰ ਦੁਆਲੇ ਲਪੇਟ ਲਿਆ…ਪਹਿਲਾਂ ਤਾਂ ਸਾਨੂੰ ਸਮਝ ਨਹੀਂ ਲੱਗੀ…ਕਿ ਅਮਲੀ ਫੇਰ ਮੂਧਾ ਹੋ…ਕਿਉਂ ਲੇਟ ਗਿਆ…ਜਦੋਂ ਸਮਝ ਲੱਗੀ ਤਾਂ…ਹੱਸ ਹੱਸ ਢਿੱਡੀ ਪੀੜਾਂ ਪੈ ਗਈਆਂ…।
@ਸੰਜੀਵ ਆਹਲੂਵਾਲੀਆ, ਵਿਕਟੋਰੀਆ (ਬੀ ਸੀ) ਕੈਨੇਡਾ +1 (250) 881-4261
ਪੇਸ਼ਕਸ਼: ਗੁਰਭਜਨ ਸਿੰਘ ਗਿੱਲ

