ਲੋਕਾਂ ਦੇ ਪੈਸੇ ਨਾਲ ਬਣੇ ਸੇਵਾ ਕੇਂਦਰ ਬਣੇ ਨਸ਼ੇੜੀਆਂ ਦਾ ਅੱਡਾ
ਚੰਡੀਗੜ੍ਹ 30 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਦੇਸ਼ ਦੀ ਰਾਜਨੀਤੀ ਵਿੱਚ ਅਕਸਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਪਾਰਟੀ ਦੁਆਰਾ ਕੀਤੇ ਕੰਮ ਦੂਜੀ ਪਾਰਟੀ ਦੀ ਸਰਕਾਰ ਆਉਣ ਤੇ ਉਹਨਾਂ ਕੰਮਾਂ ਨੂੰ ਅਣਗੌਲਿਆ ਅਤੇ ਨਕਾਰਾ ਕੀਤਾ ਜਾਂਦਾ ਹੈ, ਕਿਉਂਕਿ ਸੌੜੀ ਰਾਜਨੀਤੀ ਨੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਨੀ ਹੁੰਦੀ ਹੈ। ਅਜਿਹੀ ਮਿਸਾਲ ਪੰਜਾਬ ਵਿੱਚ ਬਣੇ ਸੇਵਾ ਕੇਂਦਰਾਂ ਤੋਂ ਮਿਲ ਜਾਂਦੀ ਹੈ। ਇਹ ਸੇਵਾ ਕੇਂਦਰ ਅਕਾਲੀ – ਭਾਜਪਾ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ ਬਣਾਏ ਸਨ, ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਦੂਰ ਦੁਰਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾਣਾ ਪੈਂਦਾ ਸੀ। ਇਸ ਕਰਕੇ ਇੱਕੋ ਛੱਤ ਥੱਲੇ ਕਈ ਕੰਮ ਹੁੰਦੇ ਸਨ।
ਵਰਨਣਯੋਗ ਹੈ ਕਿ ਹਾਈ ਕਲਾਸ ਸਹੂਲਤਾਂ ਨਾਲ ਲੈਸ ਇਹ ਸੇਵਾ ਕੇਂਦਰ ਨਵੇਂ ਲਾੜੇ ਵਾਂਗ ਸ਼ਿੰਗਾਰ ਕੇ ਤਿਆਰ ਕੀਤੇ ਗਏ ਸਨ ਅਤੇ ਅਕਾਲੀ ਅਤੇ ਭਾਜਪਾ ਸਰਕਾਰ ਰਹਿੰਦਿਆਂ ਚੱਲੇ ਵੀ ਸਨ, ਪਰ ਜਿਵੇਂ ਹੀ ਅਕਾਲੀ ਕੁਰਸੀ ਤੋਂ ਥੱਲੇ ਉਤਰੇ ਤਾਂ ਕਾਂਗਰਸ ਦੀ ਸਰਕਾਰ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਹੌਲੀ ਹੌਲੀ ਗਰੀਬ ਦੀ ਗਰੀਬੀ ਵਾਂਗ ਇਹਨਾਂ ਦੀ ਹਾਲਤ ਖਰਾਬ ਹੁੰਦੀ ਗਈ ਅਤੇ ਸਰਕਾਰ ਨੇ ਜੋ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਸਨ, ਉਹ ਵਾਪਸ ਲੈ ਲਈਆਂ ਤੇ ਇਹਨਾਂ ਨੂੰ ਲਵਾਰਸ ਛੱਡ ਦਿੱਤਾ।
ਫਿਰ ਕਾਂਗਰਸ ਦੀ ਸਰਕਾਰ ਨੇ ਵੀ ਬਾਏ ਬਾਏ ਕਹਿ ਦਿੱਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਹਨਾਂ ਨੂੰ ਦੇਖਣਾ ਮੁਨਾਸਿਬ ਨਹੀਂ ਸਮਝਿਆ ਤੇ ਇਸ ਸਰਕਾਰ ਨੇ ਜ਼ਿਆਦਾਤਰ ਧਿਆਨ ਆਮ ਆਦਮੀ ਕਲੀਨਿਕਾਂ ਵੱਲ ਹੀ ਦਿੱਤਾ ਹੈ। ਆਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਬਲਾਕ ਮਾਜਰੀ ਦੇ ਕਸਬਾਨੁਮਾ ਪਿੰਡ ਖਿਦਰਾਬਾਦ ਦੀ ਹੈ। ਇਹ ਸੇਵਾ ਕੇਂਦਰ ਵੀ ਕਿਸੇ ਟਾਈਮ ਆਪਣੇ ਜੋਬਨ ‘ਤੇ ਸੀ, ਪਰ ਅੱਜ ਆਪਣੀ ਲਵਾਰਸ ਹਾਲਤ ‘ਤੇ ਝੁਰ ਰਿਹਾ ਹੈ। ਅੱਜ ਇਹ ਕੇਂਦਰ ਲੰਡਰ ਕੁੱਤਿਆ ਸਮੇਤ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਅਤੇ ਹੋਰ ਵੀ ਕਈ ਪ੍ਰਕਾਰ ਦੇ ਗਲਤ ਕੰਮ ਇਸ ਕੇਂਦਰ ਅੰਦਰ ਹੁੰਦੇ ਹਨ। ਇਸ ਕੇਂਦਰ ਵਿੱਚੋਂ ਬੇਸ਼ੱਕ ਕੰਪਿਊਟਰ ਮੁਲਾਜ਼ਮ ਚੱਕ ਲਏ ਗਏ ਹੋਣ, ਪਰ ਹੋਰ ਲੋੜੀਂਦਾ ਸਮਾਨ ਨਸ਼ੇੜੀਆਂ ਦਾ ਬੁੱਤਾ ਸਾਰਨ ਲਈ ਕੰਮ ਆਇਆ ਹੈ। ਬਿਜਲੀ ਤੱਕ ਦੇ ਪਲੱਗ-ਸੁੱਚ ਆਦਿ ਨਸ਼ੇੜੀ ਪੁੱਟ ਲੈ ਗਏ ਹਨ। ਕਾਂਊਂਟਰ ਤੇ ਹੋਰ ਸਾਜ਼ੋ-ਸਮਾਨ ਵੀ ਕਦੋਂ ਦਾ ਗਾਇਬ ਹੋ ਚੁੱਕਿਆ।
ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਿਰਫ ਆਪਣੀ ਚੌਧਰ ਚਮਕਾਉਣ ਵਾਸਤੇ ਸਰਕਾਰਾਂ, ਦੂਜੀਆਂ ਸਰਕਾਰਾਂ ਦੁਆਰਾ ਬਣਾਏ ਪ੍ਰੋਜੈਕਟਾਂ ਨੂੰ ਰੱਦੀ ਦੀ ਟੋਕਰੀ ਵਿੱਚ ਕਿਉਂ ਸੁੱਟ ਦਿੰਦੀਆਂ ਹਨ? ਇਹੋ ਹਾਲਾਤ ਹੋਰ ਪਿੰਡਾਂ ਦੇ ਵੀ ਹਨ, ਜਿੱਥੇ ਅਰਬਾਂ ਰੁਪਏ ਦੀ ਬਰਬਾਦੀ ਹੋ ਰਹੀ ਹੈ ਅਤੇ ਜਗ੍ਹਾ ਨੂੰ ਬਿਨਾਂ ਮਤਲਬ ਘੇਰ ਰੱਖਿਆ ਹੋਇਆ ਹੈ। ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਦੇ ਲੀਡਰ ਸੌੜੀ ਸਿਆਸਤ ਨੂੰ ਛੱਡ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਨਾ ਕਰਨ, ਕਿਉਂਕਿ ਇਹ ਲੀਡਰਾਂ ਦੇ ਬਾਪ ਦੀ ਜੇਬ ਵਿੱਚੋਂ ਪੈਸੇ ਨਹੀਂ ਆਉਂਦੇ। ਇਹ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੇ ਪੈਸੇ ਹੁੰਦੇ ਹਨ।
ਅਜਿਹੇ ਲੀਡਰਾਂ ਨੂੰ ਵੀ ਇਸ ਪੈਸੇ ਨੂੰ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹੈ। ਵੱਡਾ ਕਾਰਨ ਲੋਕਾਂ ਦੀ ਅਣਗਹਿਲੀ ਦਾ ਵੀ ਹੈ ਕਿ ਉਹ ਸਿਰਫ ਆਪਣੇ ਸਿਰ ਪਏ ਤੋਂ ਬੋਲਦੇ ਹਨ, ਜਦਕਿ ਖੁਦ ਨੂੰ ਘੜੱਮ ਚੌਧਰੀ ਅਖਵਾਉਣ ਵਾਲੇ ਲੋਕਾਂ ਦੇ ਹਮਦਰਦ ਬਣਦੇ ਹਨ, ਪਰ ਪੈਸੇ ਦੀ ਅਜਿਹੀ ਬਰਬਾਦੀ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ।