ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ
ਚੰਡੀਗੜ੍ਹ 30 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਝੂਠੇ ਕੇਸ ਵਿਚ ਗ੍ਰਿਫ਼ਤਾਰੀ ਖਿ਼ਲਾਫ਼ ਅੱਜ ਮੋਹਾਲੀ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਦੇ ਇਕ ਵਫਦ ਨੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਵਲੋਂ ਮਿਲੇ ਭਰੋਸੇ ਤੋਂ ਬਾਅਦ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨਾਲ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਖੇ ਮੁਲਾਕਾਤ ਕੀਤੀ। ਵਫ਼ਦ ਵਿਚ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ, ਪੰਜਾਬ ਐਂਡ ਚੰਡੀਗੜ੍ਹ ਜਨਰਾਲਿਸਟ ਯੂਨੀਅਨ ਦੇ ਚੇਅਰਮੈਨ ਅਤੇ ਸਾਬਕਾ ਮੈਂਬਰ ਪ੍ਰੈਸ ਕੌਂਸਲ ਆਫ ਇੰਡੀਆ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਚੰਡੀਗੜ੍ਹ ਯੂਨਿਟ ਦੇ ਚੇਅਰਮੈਨ ਜਗਤਾਰ ਸਿੰਘ ਭੁੱਲਰ, ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ, ਸੀਨੀਅਰ ਪੱਤਰਕਾਰ ਅਨਿਲ ਭਾਰਦਵਾਜ, ਮੋਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਅਤੇ ਕੈਸ਼ੀਅਰ ਮਨਜੀਤ ਸਿੰਘ ਚਾਨਾ ਸ਼ਾਮਲ ਸਨ। ਵਫ਼ਦ ਨੇ ਇਹ ਵੀ ਸਵਾਲ ਚੁੱਕਿਆ ਗਿਆ ਕਿ ਪੁਲਿਸ ਵੱਲੋਂ ਰਜਿੰਦਰ ਤੱਗੜ ਨਾਲ ਇਕ ਗੈਂਗਸਟਰ ਵਰਗਾ ਸਲੂਕ ਕੀਤਾ, ਜੋ ਕਿ ਅਤਿ ਨਿੰਦਣਯੋਗ ਹੈ। ਵਫ਼ਦ ਨੇ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸ੍ਰੀ ਤੱਗੜ ਨੂੰ ਇਨਸਾਫ ਦੇਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਇਸ ਦੌਰਾਨ ਸਪੈਸ਼ਲ ਡੀਜੀਪੀ ਸ੍ਰੀ ਅਰਪਿਤ ਸ਼ੁਕਲਾ ਨੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਕੇਸ ਦੀ ਜਾਂਚ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਡੀਪੀਜੀ ਪੰਜਾਬ ਸ੍ਰੀ ਗੌਰਵ ਯਾਦਵ ਵੀ ਇਸ ਕੇਸ ਨੂੰ ਬਾਰੀਕੀ ਨਾਲ ਦੇਖ ਰਹੇ ਹਨ। ਉਹਨਾਂ ਮੌਕੇ ਉਤੇ ਹੀ ਡੀ.ਆਈ.ਜੀ. ਰੋਪੜ ਰੇਂਜ ਸ੍ਰੀਮਤੀ ਨਿਲੰਬਰੀ ਵਿਜੇ ਜਗਦਲੇ ਨੂੰ ਭਲਕੇ ਦਿਨ ਬੁੱਧਵਾਰ ਸਵੇਰੇ ਕਲੱਬ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੁਲਿਸ ਦੀ ਕਾਰਵਾਈ ਦੀ ਰਿਪੋਰਟ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਜੇਕਰ ਲੋੜ ਪਈ ਤਾਂ ਇਸ ਕੇਸ ਦੀ ਜਾਂਚ ਕਿਸੇ ਬਾਹਰਲੇ ਜ਼ਿਲ੍ਹੇ ਦੇ ਸੀਨੀਅਰ ਆਈਪੀਐਸ ਅਧਿਕਾਰੀ ਤੋਂ ਵੀ ਕਰਵਾਈ ਜਾ ਸਕਦੀ ਹੈ।
ਵਫ਼ਦ ਨੇ ਸਪੈਸ਼ਲ ਡੀਜੀਪੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਰਜਿੰਦਰ ਤੱਗੜ ਦੇ ਵੀਡੀਓ ਐਡੀਟਰ ਨੂੰ ਮੋਹਾਲੀ ਪੁਲਿਸ ਵੱਲੋਂ ਨਜਾਇਜ਼ ਤੌਰ ਉਤੇ ਚੁੱਕ ਕੇ ਮਟੌਰ ਥਾਣੇ ਵਿਖੇ ਲਿਆਂਦਾ ਗਿਆ ਅਤੇ ਡੀਐਸਪੀ ਦੀ ਹਾਜ਼ਰੀ ਵਿਚ ਉਸਦੀ ਪੱਗ ਉਤਾਰ ਕੇ ਸਿਰ ਉਤੇ ਚੱਪਲਾਂ ਮਾਰੀਆਂ ਗਈਆਂ। ਉਸ ਨੂੰ ਮੋਹਾਲੀ ਸ਼ਹਿਰ ਤੋਂ ਭੱਜ ਜਾਣ ਅਤੇ ਤੱਗੜ ਕੋਲ ਭਵਿੱਖ ਵਿਚ ਨੌਕਰੀ ਛੱਡ ਜਾਣ ਦਾ ਹੁਕਮ ਸੁਣਾਇਆ।
ਵਫ਼ਦ ਨੇ ਐਸ.ਐਚ.ਓ. ਫੇਜ਼-1 ਸੁਖਬੀਰ ਸਿੰਘ ਦੀ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਅਤੇ ਧੱਕੇਸ਼ਾਹੀ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸੋਮਵਾਰ ਨੂੰ ਮੋਹਾਲੀ ਦੇ ਪੱਤਰਕਾਰ, ਵਕੀਲ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਐਸ.ਐਸ.ਪੀ. ਮੋਹਾਲੀ ਦੇ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਡੀ.ਆਈ.ਜੀ. ਰੋਪੜ ਰੇਂਜ ਅਤੇ ਡੀ.ਸੀ. ਮੋਹਾਲੀ ਨੂੰ ਐਸ.ਐਸ.ਪੀ. ਮੋਹਾਲੀ ਖਿਲਾਫ ਮੰਗ ਪੱਤਰ ਦਿੱਤਾ ਗਿਆ।