ਵਿਅੰਗ ਵਾਣ
ਪ੍ਰਿੰਸੀਪਲ ਸਾਹਿਬ ਹੰਕਾਰ ਛੱਡ ਕੇ ਜਨਤਾ ਦੀ ਸੇਵਾ ਕਰੋ – ਕਾਮਰੇਡ ਲਾਲ ਸਿੰਘ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 27 ਮਈ:
ਪ੍ਰਿੰਸੀਪਲ ਸਾਹਿਬ ਅਜਿਹੀਆਂ ਗੱਲਾਂ ਉੱਤੇ ਵਾਰ – ਵਾਰ ਚੌਕੀ ਆਉਣਾ ਤੁਹਾਨੂੰ ਸ਼ੋਭਾ ਨਹੀ ਦਿੰਦਾ – ਏ .ਐਸ .ਆਈ . ਸਿਮਰਨਜੀਤ ਸਿੰਘ ਉਸ ਦਿਨ ਪ੍ਰਿੰਸੀਪਲ ਜਗਤਜੀਤ ਸਿੰਘ ਜੀ ਆਪਣੇ ਦਫ਼ਤਰ ਵਿੱਚ ਮੇਜ਼ ਹੇਠਾਂ ਵੜ ਕੇ ਦੜ੍ਹ ਨਾ ਵੱਟਦੇ ਤਾਂ ਉਹਨਾਂ ਦਾ ਡਬਲੂ ਬਾਬੇ ਦੇ ਕਹਿਰ ਤੋਂ ਬਚਾਅ ਅਸੰਭਵ ਸੀ। ਪ੍ਰਿੰਸੀਪਲ ਜੀ ਨੂੰ ਕਈ ਦਿਨਾਂ ਤੋਂ ਸਰ ਜੀ ! ਸਰ ਜੀ ! ਸਾਸਰੀ ਕਾਲ ਜੀ ! ਕਹਿ ਕੇ ਸਤਿਕਾਰ ਨਾਲ਼ ਪੇਸ਼ ਹੋਣ ਵਾਲ਼ਾ ਡਬਲੂ ਬਾਬਾ ਅੱਜ ਅਚਾਨਕ ਤੂੰ-ਤੜੈਂ ਉੱਤੇ ਆ ਗਿਆ ਸੀ। ਸਕੂਲ ਸਟਾਫ਼ ਦੇ ਸਾਹਮਣੇ ਡਬਲੂ ਬਾਬੇ ਨੇ ਜਗਤਜੀਤ ਜੀ ਨੂੰ ਇੰਨਾ ਭਿਆਨਕ ਗਾਲ਼ੀ – ਗਲੋਚ ਕੀਤਾ ਸੀ ਕਿ ਪ੍ਰਿੰਸੀਪਲ ਸਾਹਿਬ ਤਾਂ ਬੱਗੇ ਹੋ ਕੇ ਬੁਰੀ ਤਰ੍ਹਾਂ ਥਰ-ਥਰ ਕੰਬੇ ਹੀ ਸਨ, ਕੋਲ਼ ਬੈਠੀਆਂ ਦੋ ਮੈਡਮਾਂ ਅਤੇ ਇੱਕ ਮਾਸਟਰ ਜੀ ਦੇ ਚਿਹਰਿਆਂ ‘ਤੇ ਹਵਾਈਆਂ ਵੀ ਉੱਡ ਗਈਆਂ ਸਨ। ਅੰਗਿਆਰਾਂ ਵਾਂਗ ਮਘ ਰਹੀਆਂ ਮੋਟੀਆਂ ਗੋਲ, ਲਾਲ ਅੱਖਾਂ ਨਾਲ਼ ਜਦੋਂ ਡਬਲੂ ਬਾਬਾ ਖੜ੍ਹਾ ਹੋ ਕੇ ਪ੍ਰਿੰਸੀਪਲ ਸਾਹਿਬ ਜੀ ਨੂੰ ਟੁੱਟ ਕੇ ਪੈਣ ਲੱਗਿਆ ਤਾਂ ਬੁਰੀ ਤਰ੍ਹਾਂ ਘਾਬਰੇ ਹੋਏ ਪ੍ਰਿੰਸੀਪਲ ਜੀ ਆਪਣੀ ਘੁੰਮਣ ਵਾਲ਼ੀ ਕੁਰਸੀ ਛੱਡ ਕੇ ਆਪਣੇ ਵੱਡੇ ਮੇਜ਼ ਦੇ ਹੇਠਾਂ ਦੁਬਕ ਗਏ ਸਨ। ਭਿਅੰਕਰ ਉੱਚੀ ਆਵਾਜ਼ ਵਿੱਚ ਡਬਲੂ ਬਾਬੇ ਦੀ ਗਾਲ਼ ਡਲਿਵਰੀ ਇੰਨੀ ਖ਼ਤਰਨਾਕ ਅਤੇ ਗੰਦੀ ਸੀ ਕਿ ਦੋਵਾਂ ਮੈਡਮਾਂ ਨੇ ਕੰਨਾਂ ਵਿੱਚ ਉਂਗਲ਼ੀਆਂ ਦੇ ਲਈਆਂ। ਮੌਕੇ ਉੱਤੇ ਹਾਜ਼ਰ ਮਾਸਟਰ ਜੀ ਨੇ ਡਬਲੂ ਬਾਬੇ ਨੂੰ ਕਿਸੇ ਤਰ੍ਹਾਂ ਠੰਢਾ ਕਰਕੇ ਪ੍ਰਿੰਸੀਪਲ ਸਾਹਿਬ ਦਾ ਖਹਿੜਾ ਛੁਡਾਇਆ।


ਵਿਦਿਆਰਥੀਆਂ, ਸਕੂਲ ਦੇ ਸਟਾਫ਼ ਮੈਂਬਰਾਂ ਅਤੇ ਆਮ ਲੋਕਾਂ ਪ੍ਰਤੀ ਆਪਣੇ ਵੱਖਰੇ ਹੀ ਸਟਾਈਲ ਨਾਲ਼ ਡੀਲਿੰਗ ਕਰਨ ਵਾਲ਼ੇ ਜਗਤਜੀਤ ਜੀ ਆਪਣੇ ਝਗੜਿਆਂ ਕਾਰਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਸਨ। ਪ੍ਰਿੰਸੀਪਲ ਸਾਹਿਬ ਅਕਸਰ ਹੀ ਪਹਿਲਾਂ ਲੋਕਾਂ ਨਾਲ਼ ਪੰਗੇ ਲੈ ਕੇ ਗਾਲ਼ਾਂ ਖਾਂਦੇ ਸਨ, ਉਪਰੰਤ ਸਥਾਨਕ ਪੁਲਿਸ ਚੌਕੀ ਵਿੱਚ ਉਹਨਾਂ ਖਿਲਾਫ਼ ਸ਼ਿਕਾਇਤਾਂ ਕਰਦੇ ਸਨ। ਡਬਲੂ ਬਾਬੇ ਵਾਂਗ ਹੀ ਜਗਤਜੀਤ ਜੀ ਨੇ ਹਿਰਦਗੜ੍ਹ ਦੇ ਬੰਤੂ ਪਾਠੀ ਨਾਲ਼ ਵੀ ਪੰਗਾ ਲਿਆ ਸੀ, ਜਦੋਂ ਕਈ ਦਿਨਾਂ ਤੋਂ ਗੈਰ-ਹਾਜ਼ਰ ਆਪਣੇ ਦਸਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਟੋਨੀ ਨੂੰ ਬੰਤੂ ਸਕੂਲ ਛੱਡਣ ਗਿਆ ਸੀ। ਬੰਤੂ ਪਾਠੀ ਦੀ ਉਸ ਦੇ ਪੁੱਤਰ ਪ੍ਰਤੀ ਸਮੱਸਿਆ ਸੁਣਨ ਦੀ ਬਜਾਏ ਪ੍ਰਿੰਸੀਪਲ ਜਗਤਜੀਤ ਜੀ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਝਿੜਕ ਕੇ “ਗੈੱਟ ਆਊਟ” ਕਹਿ ਦਿੱਤਾ ਤਾਂ ਬੰਤੂ ਪਾਠੀ ਨੇ ਵੀ ਆਪੇ ਤੋਂ ਬਾਹਰ ਹੋ ਕੇ ਪਿੰਸੀਪਲ ਸਾਹਿਬ ਨੂੰ ਭਿਆਨਕ ਕੁੱਤਾ ਝਾੜ ਪਾਈ ਸੀ। ਇਸ ਤੋਂ ਸਕਤੇ ਵਿੱਚ ਆ ਕੇ ਜਗਤਜੀਤ ਜੀ ਨੇ ਬੰਤੂ ਪਾਠੀ ਖਿਲਾਫ਼ ਲੋਕਲ ਪੁਲਿਸ ਚੌਕੀ ਵਿੱਚ ਸ਼ਿਕਾਇਤ ਕੀਤੀ ਸੀ।
ਪ੍ਰਿੰਸੀਪਲ ਸਾਹਿਬ ਆਪਣੀ ਭੱਦੀ ਡੀਲਿੰਗ ਦੇ ਸਿੱਟੇ ਵਜੋਂ ਆਪਣੇ ਹੀ ਸਕੂਲ ਦੇ ਐਸ. ਐਲ. ਏ .ਗੱਜਣ ਸਿੰਘ ਅਤੇ ਇੱਕ ਲੈੈਕਚਰਾਰ ਬੁਲੰਦ ਸਿੰਘ ਤੋਂ ਵੀ ਖੌਫਨਾਕ ਗਾਲ਼ਾਂ ਖਾ ਚੁੱਕੇ ਸਨ। ਪ੍ਰਿੰਸੀਪਲ ਸਾਹਿਬ ਜੀ ਨੇ ਇੱਕ ਦਲੇਰ ਔਰਤ ਬੀਬੀ ਜਗੀਰੋ ਨਾਲ਼ ਪੰਗਾ ਲੈ ਕੇ ਉਦੋਂ ਆਪਣੀ ਚੰਗੀ ਤਰ੍ਹਾਂ ਖੁੰਬ ਠਪਾਈ ਸੀ ਜਦੋਂ ਇੱਕ ਨਿੱਕੀ ਜਿਹੀ ਗ਼ਲਤੀ ਉੱਤੇ ਹੀ ਪ੍ਰਿੰਸੀਪਲ ਸਾਹਿਬ ਨੇ ਜਗੀਰੋ ਦੇ ਗਿਆਰਵੀਂ ਵਿੱਚ ਪੜ੍ਹਦੇ ਪੁੱਤਰ ਰਵੀ ਦਾ ਨਾਮ ਕੱਟ ਕੇ ਸਕੂਲ ਤੋਂ ਭਜਾ ਦਿੱਤਾ ਸੀ। ਅੰਤ ਨੂੰ ਕਾਫ਼ੀ ਝੰਡ ਕਰਵਾ ਕੇ ਪ੍ਰਿੰਸੀਪਲ ਸਾਹਿਬ ਨੂੰ ਮੁੰਡਾ ਸਕੂਲ ਵਿਚ ਮੁੜ ਦਾਖ਼ਲ ਕਰਨਾ ਪਿਆ ਸੀ।
ਇਹ ਉਹੀ ਪ੍ਰਿੰਸੀਪਲ ਸਾਹਿਬ ਸਨ, ਜਿਹਨਾਂ ਨੇ ਆਪਣੇ ਸਕੂਲ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਰੱਖੇ ਸੈਮੀਨਾਰ ਵਿੱਚ ਇਲਾਕੇ ਦੇ ਕਈ ਪਿੰਡਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਹਾਜ਼ਰ ਮੈਂਬਰਾਂ ਨੂੰ ਬੇਹੇ ਬਰੈਡਾਂ, ਮਾੜੇ ਆਲੂਆਂ ਦੇ ਭੜਥੇ ਅਤੇ ਘਟੀਆ ਰਾਗ ਪਾਮ ਆਇਲ ਤੋਂ ਤਿਆਰ ਕਰਵਾਏ ਬ੍ਰੈਡ ਪਕੌੜਿਆਂ ਨਾਲ਼ ਸੜੀ ਹੋਈ ਲਿਪਟਨ ਚਾਹ ਪਿਲਾਈ ਸੀ । ਇਸ ਦੇ ਨਾਲ਼ ਹੀ ਸਕੂਲ ਦੇ ਛੇਵੀਂ ਤੋਂ ਅੱਠਵੀਂ ਦੇ ਬੱਚਿਆਂ ਲਈ ਬਣੇ ਮਿਡ ਡੇ ਮੀਲ ਦੇ ਨਮਕੀਨ ਚੌਲਾਂ ਦੀਆਂ ਦੋ-ਦੋ ਕੜਛੀਆਂ ਲੰਚ ਵਜੋਂ ਛਕਾ ਕੇ ਆਪਣੀ ਮਹਿਮਾਨ ਨਿਵਾਜੀ ਦਾ ਲੋਹਾ ਮਨਵਾਇਆ ਸੀ।
ਜਗਤਜੀਤ ਜੀ ਉਦੋਂ ਵੀ ਚਰਚਾ ਵਿੱਚ ਆਏ ਸਨ, ਜਦੋਂ ਉਹਨਾਂ ਨੇ “ਹਾਲ ਕਮਰਾ” ਬਗੈਰ ਨੀਹਾਂ ਤੋਂ ਤਿਆਰ ਕਰਕੇ ਉਸ ਦਾ ਕੰਪਲੀਸ਼ਨ ਅਤੇ ਵਰਤੋਂ ਸਰਟੀਫੀਕੇਟ ਜਾਰੀ ਕਰ ਦਿੱਤਾ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਹਿਕਮੇ ਦਾ ਜੇ. ਈ. ਤਿਆਰ ਕਮਰੇ ਦਾ ਜਾਇਜ਼ਾ ਲੈਣ ਗਿਆ । ਜੇ .ਈ. ਨੇ ਪੂਰੇ ਸਕੂਲ ਦਾ ਚੱਕਰ ਲਾ ਲਿਆ ਪਰ ਬਣਿਆ ਹੋਇਆ ਹਾਲ ਕਮਰਾ ਕਿਧਰੇ ਵੀ ਦਿਖਾਈ ਨਾ ਦਿੱਤਾ। ਜੇ .ਈ ਨੂੰ. ਬਹੁਤ ਹੈਰਾਨੀ ਹੋਈ । ਫਿਰ ਜੇ. ਈ. ਨੇ ਸੋਚਿਆ ਕਿ ਕਿਧਰੇ ਉਹ ਗ਼ਲਤ ਸਕੂਲ ਵਿੱਚ ਤਾਂ ਨਹੀਂ ਆ ਗਿਆ। ਪਰ ਕਾਗਜ਼ ਚੈੱਕ ਕੀਤੇ ਤਾਂ ਵੇਖਿਆ ਕਿ ਉਹ ਸਹੀ ਸਕੂਲ ਵਿੱਚ ਆਇਆ ਹੈ। ਉਪਰੰਤ ਜਦੋਂ ਜੇ .ਈ . ਨੇ ਪ੍ਰਿੰਸੀਪਲ ਜਗਤਜੀਤ ਜੀ ਨੂੰ ਹਾਲ ਕਮਰੇ ਬਾਰੇ ਪੁੱਛਿਆ ਤਾਂ ਪ੍ਰਿੰਸੀਪਲ ਇਜੀ ਨੇ ਸਾਹਮਣੇ ਬਣੇ ਇੱਕ ਸ਼੍ਰੇਣੀ ਕਮਰੇ ਦੀ ਛੱਤ ਉੱਤੇ ਉਂਗਲ ਕਰ ਦਿੱਤੀ। ਇਹ ਵੇਖ ਕੇ ਜੇ .ਈ. ਦੇ ਹੱਸ – ਹੱਸ ਢਿੱਡੀਂ ਪੀੜਾਂ ਪੈ ਗਈਆਂ। ਹਾਲ ਕਮਰਾ ਚੁਬਾਰੇ ਵਿੱਚ ਤਬਦੀਲ ਹੋ ਗਿਆ ਸੀ ਅਤੇ ਇਸਦੀਆਂ ਨੀਹਾਂ ਪ੍ਰਿੰਸੀਪਲ ਸਾਹਿਬ ਜੀ ਦੀ ਕਦੀ ਵੀ ਨਾ ਭਰ ਸਕਣ ਵਾਲ਼ੀ ਅਜਬ ਗੋਗੜ ਵਿੱਚ ਸਮਾ ਚੁੱਕੀਆਂ ਸਨ।
ਜਗਤਜੀਤ ਜੀ ਨੇ ਪੰਗੇ ਤਾਂ ਬਹੁਤ ਲਏ ਸਨ । ਆਪਣੀ ਸਰਵਿਸ ਦੇ ਮੁੱਢਲੇ ਦੌਰ ਵਿੱਚ ਜਦੋਂ ਪ੍ਰਿੰਸੀਪਲ ਸਾਹਿਬ ਸਕੂਲ ਮਾਸਟਰ ਵਜੋਂ ਭਰਤੀ ਹੋਏ ਸਨ , ਪੁੱਠੇ ਪੰਗਿਆਂ ਨਾਲ਼ ਲੋਕਾਂ ਅਤੇ ਸਾਥੀ ਟੀਚਰਾਂ ਤੋਂ ਇੰਨੀਆਂ ਕੁ ਕੁੱਟਾਂ – ਗਾਲ਼ਾਂ ਖਾ ਚੁੱਕੇ ਸਨ ਕਿ ਇਸ ਮਾਮਲੇ ਵਿੱਚ ਉਹ ਪਰਪੱਕ ਢੀਠ ਬਣ ਗਏ ਸਨ। ਪਰ ਡਬਲੂ ਬਾਬੇ ਨਾਲ਼ ਪਏ ਪੰਗੇ ਨੇ ਪ੍ਰਿੰਸੀਪਲ ਸਾਹਿਬ ਸਿਰੇ ਦੇ ਢੀਠ ਹੋਣ ਦੇ ਬਾਵਜੂਦ ਨੂੰ ਅੰਤਾਂ ਦੀ ਤਕਲੀਫ ਦਿੱਤੀ ਸੀ ਕਿਉਂਕਿ ਡਬਲੂ ਵੱਲੋਂ ਸਿਰਜਿਆ ਇੰਨਾ ਭਿਆਨਕ ਮੰਜਰ ਪ੍ਰਿੰਸੀਪਲ ਸਾਹਿਬ ਨੇ ਪਹਿਲੀ ਵਾਰ ਦੇਖਿਆ ਸੀ। ਡਬਲੂ ਨੇ ਸਿਰਫ ਇੰਨਾ ਹੀ ਨਹੀ ਕੀਤਾ ਸੀ ਸਗੋਂ ਪ੍ਰਿੰਸੀਪਲ ਸਾਹਿਬ ਖਿਲਾਫ਼ ਮਹਿਕਮੇ ਨੂੰ ਸ਼ਿਕਾਇਤ ਵੀ ਕਰ ਦਿੱਤੀ ਸੀ। ਇਸ ਉੱਤੇ ਸਿੱਖਿਆ ਅਧਿਕਾਰੀ ਡੀ. ਈ. ਓ .ਰਵੇਲ ਸਿੰਘ ਜੀ ਜਿਹਨਾਂ ਦੀ ਕਿ ਜਗਤਜੀਤ ਜੀ ਨਾਲ਼ ਲੱਗਦੀ ਸੀ , ਨੂੰ ਬਦਲੇਖੋਰੀ ਦਾ ਮੌਕਾ ਮਿਲ ਗਿਆ ਸੀ। ਕਿਸੇ ਸਮੇਂ ਜਗਤਜੀਤ ਜੀ ਨੇ ਰਵੇਲ ਜੀ ਜੀ ਨੂੰ ਧੋਬੀ ਪਟਕਾ ਦੇ ਕੇ ਖੁਦ ਉਹਨਾਂ ਦੀ ਥਾਂ ਖੁਦ ਡੀ. ਈ .ਓ . ਬਣ ਕੇ ਸੀਟ ਖੋਹਣ ਦਾ ਤਕੜਾ ਜੁਗਾੜ ਲਾ ਲਿਆ ਸੀ। ਇਹ ਤਾਂ ਰਵੇਲ ਜੀ ਨੂੰ ਸਮੇਂ ਸਿਰ ਪਤਾ ਲੱਗ ਗਿਆ ਨਹੀਂ ਤਾਂ ਰਵੇਲ ਜੀ ਨੇ ਪ੍ਰਿੰਸੀਪਲ ਬਣਿਆ ਬੈਠਾ ਹੋਣਾ ਸੀ। ਇਸ ਲਈ ਰਵੇਲ ਸਿੰਘ ਜੀ ਨੇ ਜਗਤਜੀਤ ਜੀ ਖਿਲਾਫ਼ ਡਬਲੂ ਬਾਬੇ ਦੀ ਸ਼ਿਕਾਇਤ ਮਿਲਣ ਉੱਤੇ ਟੈਲੀਫੋਨ ਰਾਹੀਂ ਜਗਤਜੀਤ ਜੀ ਦੀ ਚੰਗੀ ਧੌੜੀ ਲਾਹੀ। ਫਸੀ ਹੋਈ ਸਥਿਤੀ ਨੂੰ ਦੇਖਦਿਆਂ ਪ੍ਰਿੰਸੀਪਲ ਸਾਹਿਬ ਨੇ ਡਬਲੂ ਬਾਬੇ ਖਿਲਾਫ਼ ਪੁਲਿਸ ਚੌਕੀ ਸ਼ਿਕਾਇਤ ਕੀਤੀ ਅਤੇ ਤਕੜੀ ਸ਼ਿਫਾਰਸ਼ ਵੀ ਲਵਾਈ।
ਪੁਲਿਸ ਚੌਕੀ ਦਾ ਇੰਚਾਰਜ ਸਿਮਰਨਜੀਤ ਸਿੰਘ ਕਾਫੀ ਸਿਆਣਾ ਪੁਲਿਸ ਅਧਿਕਾਰੀ ਸੀ। ਉਸ ਨੇ ਸਮਝੌਤਾ ਕਰਵਾ ਦਿੱਤਾ। ਸਮਝੌਤੇ ਤਹਿਤ ਡਬਲੂ ਬਾਬੇ ਨੇ ਮਾਫੀ ਵੀ ਮੰਗ ਲਈ ਅਤੇ ਪ੍ਰਿੰਸੀਪਲ ਸਾਹਿਬ ਖਿਲਾਫ਼ ਡੀ .ਈ .ਓ . ਨੂੰ ਕੀਤੀ ਸ਼ਿਕਾਇਤ ਨੂੰ ਵਾਪਸ ਲੈਣਾ ਵੀ ਮੰਨ ਲਿਆ। ਇਸ ਮੌਕੇ ਉੱਤੇ ਸਕੂਲ ਟੀਚਰ, ਸਰਪੰਚ ਅਮਨਵੀਰ, ਸਰਪੰਚ ਜਗਤ ਸਿੰਘ, ਨੰਬਰਦਾਰ ਝੱਜਰ ਸਿੰਘ ਅਤੇ ਇਲਾਕੇ ਦੇ ਹੋਰ ਕਈ ਪਤਵੰਤੇ ਸੱਜਣ ਵੀ ਪੁਲਿਸ ਚੌਕੀ ਪੁੱਜੇ ਹੋਏ ਸਨ।
ਮੌਕੇ ਉੱਤੇ ਸਰਪੰਚ ਅਮਨਵੀਰ ਸਿੰਘ ਜੀ ਨੇ ਪ੍ਰਿੰਸੀਪਲ ਸਾਹਿਬ ਅਤੇ ਟੀਚਰਾਂ ਨੂੰ ਕਿਹਾ , “ਪ੍ਰਿੰਸੀਪਲ ਸਾਹਿਬ ! ਡਬਲੂ ਬਾਬੇ ਨੇ ਆਪ ਜੀ ਤੋਂ ਮਾਫ਼ੀ ਮੰਗ ਲਈ ਹੈ ਅਤੇ ਤੁਸੀਂ ਮਾਫੀ ਦੇ ਕੇ ਝਗੜੇ ਦਾ ਅੰਤ ਕਰ ਦਿੱਤਾ ਹੈ …ਇਹ ਬਹੁਤ ਵਧੀਆ ਗੱਲ ਹੈ। ਡਬਲੂ ਬਾਬੇ ਨੇ ਗਾਲ਼ੀ – ਗਲੋਚ ਕਰਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਕਿਹਾ ਜਾ ਸਕਦਾ। ਪਰ ਡਬਲੂ ਬਾਬਾ ਆਪ ਜੀ ਕੋਲ਼ ਗਿਆ ਤਾਂ ਉਹੀ ਕੰਮ ਕਰਵਾਉਣ ਸੀ … ਜਿਸਨੂੰ ਕਰਨ ਦਾ ਅਧਿਕਾਰ ਸਰਕਾਰ ਵੱਲੋਂ ਤੁਹਾਨੂੰ ਬਤੌਰ ਗਜ਼ਟਿਡ ਅਫ਼ਸਰ ਦਿੱਤਾ ਹੋਇਆ ਹੈ। ਤੁਸੀਂ ਕਦੀ ਅੱਜ-ਕੱਲ੍ਹ ਅੱਜ-ਕੱਲ੍ਹ ਦਾ ਲਾਰਾ ਲਾ ਕੇ .., ਕਦੀ ਕਾਗਜ਼ਾਂ ਵਿੱਚ ਨੁਕਸ ਕੱਢ ਕੇ , ਕਦੀ ਅੱਪ ਸ਼ਬਦ ਬੋਲ ਕੇ ਡਬਲੂ ਬਾਬੇ ਨੂੰ ਲਗਾਤਾਰ ਖੱਜ਼ਲ ਖੁਆਰ ਕੀਤਾ ਹੈ। ਇਹ ਤਾਂ ਮੌਕੇ ਉੱਤੇ ਅਚਾਨਕ ਗੁੱਸੇ ਵਿੱਚ ਆ ਕੇ ਡਬਲੂ ਬਾਬੇ ਨੇ ਗ਼ਲਤੀ ਕਰ ਦਿੱਤੀ ਨਹੀਂ ਤਾਂ ਅਸੀਂ ਤੁਹਾਥੋਂ ਇਸਦਾ ਜਵਾਬ ਮੰਗਣਾ ਸੀ। ਅੱਜ- ਕੱਲ ਆਧਾਰ ਕਾਰਡ , ਪੈਨ ਕਾਰਡ , ਵੋਟਰ ਕਾਰਡ ਆਦਿ ਕਈ ਤਰ੍ਹਾਂ ਦੀਆਂ ਤਸਦੀਕਾਂ ਨੂੰ ਲੈ ਕੇ ਲੋਕਾਂ ਦੀ ਵੱਡੇ ਪੱਧਰ ਉੱਤੇ ਖੱਜਲ – ਖੁਆਰੀ ਹੋ ਰਹੀ ਹੈ। ਡਬਲੂ ਬਾਬਾ ਦਸ ਦਿਨਾਂ ਤੋਂ ਆਪਣਾ ਕੰਮ ਛੱਡ ਕੇ ਆਧਾਰ ਕਾਰਡ ਦੇ ਫਾਰਮ ਦੀ ਤਸਦੀਕ ਲਈ ਗੇੜੇ ਕੱਢ ਰਿਹਾ ਹੈ। ਤੁਹਾਨੂੰ ਕੰਮ ਕਰਨਾ ਚਾਹੀਦਾ ਸੀ। ਜੇਕਰ ਥੋਨੂੰ ਲੱਗਦਾ ਸੀ ਕਿ ਕੰਮ ਜਾਇਜ਼ ਨਹੀਂ ਹੈ ਤਾਂ ਤੁਹਾਨੂੰ ਬਾਦਲੀਲ ਇਨਕਾਰ ਕਰਨਾ ਚਾਹੀਦਾ ਸੀ। ਕਈ ਲੋਕ ਤੁਹਾਡੇ ਰਵੱਈਏ ਬਾਰੇ ਪਹਿਲਾਂ ਵੀ ਸ਼ਿਕਾਇਤਾਂ ਕਰ ਚੁੱਕੇ ਹਨ।”
ਫਿਰ ਮੋਹਤਬਰ ਵਜੋਂ ਪੁੱਜੇ ਕਾਮਰੇਡ ਲਾਲ ਸਿੰਘ ਨੇ ਸਮਝਾਇਆ, “ਪ੍ਰਿੰਸੀਪਲ ਸਾਹਿਬ ਤੁਸੀਂ ਟੀਚਰ ਵਰਗ ਦੀ ਨੁਮਾਇੰਦਗੀ ਕਰਦੇ ਹੋ। ਟੀਚਰ ਸਾਡੇ ਸਮਾਜ ਵਿੱਚ ਲੋਕਲ ਬੁੱਧੀਜੀਵੀ ਮੰਨਿਆ ਜਾਂਦਾ ਹੈ। ਲੋਕ ਟੀਚਰ ਨੂੰ ਪੜ੍ਹਿਆ-ਲਿਖਿਆ ਚੰਗਾ ਇਨਸਾਨ ਮੰਨਦੇ ਹਨ ਅਤੇ ਟੀਚਰ ਤੋਂ ਚੰਗੀ ਅਗਵਾਈ ਦੀ ਉਮੀਦ ਕਰਦੇ ਹਨ। ਤੁਹਾਡਾ ਬੱਚਿਆਂ ਦੀ ਪੜ੍ਹਾਈ ਕਰਵਾਉਣ ਦੇ ਨਾਲ਼ ਹੀ ਆਮ ਲੋਕਾਂ ਦੇ ਅਜਿਹੇ ਕੰਮ ਕਰਨ ਦਾ ਫਰਜ਼ ਬਣਦਾ ਹੈ ਜੋ ਤੁਸੀਂ ਕਰ ਸਕਦੇ ਹੋ , ਜਿਹਨਾਂ ਦਾ ਤੁਸੀਂ ਅਖਤਿਆਰ ਰੱਖਦੇ ਹੋ। ਪਰ ਉਲਟਾ ਤੁਸੀਂ ਲੋਕਾਂ ਪ੍ਰਤੀ ਤਰਿਸਕਾਰ ਭਰਪੂਰ ਰਵੱਈਆ ਅਪਣਾ ਕੇ ਲੋਕਾਂ ਤੋਂ ਕਤਰਾਉਂਦੇ ਹੋ। ਜਨਤਾ ਨਾਲ਼ ਦੁਰਵਿਹਾਰ ਕਰਦੇ ਹੋ। ਤੁਸੀਂ ਇਹ ਵੀ ਭੁੱਲਦੇ ਹੋ ਤਹਾਡੀਆਂ ਚੰਗੀਆਂ ਤਨਖਾਹਾਂ , ਭੱਤੇ ਅਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਸਬੱਬ ਸਕੂਲ ਵਿੱਚ ਪੜ੍ਹਦੇ ਬੱਚੇ ਹੀ ਹਨ , ਅਸੀਂ ਲੋਕ ਹੀ ਹਾਂ । ਆਮ ਲੋਕਾਂ ਦੀ ਕਮਾਈ ਉੱਤੇ ਠੋਕੇ ਗਏ ਟੈਕਸਾਂ ਨਾਲ਼ ਹੀ ਥੋਡੀਆਂ ਤਨਖਾਹਾਂ ਬਣਦੀਆਂ ਹਨ। ਤੁਹਾਡਾ ਅਤੇ ਤੁਹਾਡੇ ਪਰਿਵਾਰਾਂ ਦਾ ਗੁਜ਼ਰ-ਬਸਰ ਹੁੰਦਾ ਹੈ, ਠਾਠ-ਬਾਠ ਬਣਦਾ ਹੈ । ਇਸ ਕਰਕੇ ਹੰਕਾਰ ਤਿਆਗ ਕੇ ਪ੍ਰੇਮ ਅਤੇ ਸ਼ਰਧਾ ਨਾਲ਼ ਡਿਊਟੀਆਂ ਕਰੋ ਅਤੇ ਲੋਕਾਂ ਦੇ ਕੰਮ ਕਰੋ।”
ਅੰਤ ਨੂੰ ਚੌਕੀ ਇੰਚਾਰਜ ਨੇ ਪ੍ਰਿੰਸੀਪਲ ਸਾਹਿਬ ਨੂੰ ਚਾਰ ਰਿਮ ਕਾਗਜ਼ਾਂ ਅਤੇ ਸਟੇਸ਼ਨਰੀ ਦੇ ਕੁੱਝ ਹੋਰ ਸਮਾਨ ਦੀ ਵਗਾਰ ਪਾਉਂਦਿਆਂ ਸਮਝਾਇਆ, “ਪ੍ਰਿੰਸੀਪਲ ਸਾਹਿਬ ! ਕਿਰਪਾ ਕਰਕੇ ਆਪਣੇ ਵਤੀਰੇ ਵਿੱਚ ਸੁਧਾਰ ਕਰੋ। ਇਸ ਮਾਮਲੇ ਵਿੱਚ ਹਾਲਾਂਕਿ ਸ਼ੁਰੂਆਤੀ ਗ਼ਲਤੀ ਤਾਂ ਤੁਹਾਡੀ ਹੀ ਸੀ। ਪਰ ਇੱਥੇ ਚੌਕੀ ਵਿੱਚ ਤੁਹਾਡੀ ਹੀ ਰੱਖੀ ਗਈ ਹੈ। ਵੈਸੇ ਵੀ ਤੁਹਾਡੇ ਵਰਗੇ ਪੜ੍ਹੇ-ਲਿਖੇ ਜ਼ਿੰਮੇਵਾਰ ਇੰਟਲੈਕਚੁਅਲ ਭੱਦਰ ਪੁਰਖ ਨੂੰ ਅਜਿਹੀਆਂ ਗੱਲਾਂ ਉੱਤੇ ਵਾਰ-ਵਾਰ ਚੌਕੀ ਆਉਣਾ ਸ਼ੋਭਾ ਨਹੀਂ ਦਿੰਦਾ।”
ਨੋਟ : ਵਾਪਰ ਰਹੀਆਂ ਘਟਨਾਵਾਂ ਆਧਾਰਤ ਇਸ ਕਾਲਪਨਿਕ ਜਾਗਰੂਕਤਾ ਲਿਖਤ ਦੇ ਨਾਮ-ਪਤੇ ਕਾਲਪਨਿਕ ਹਨ।

