ਮੈਂ ਕਿਸ ਕਰਕੇ ਲਿਖਦਾ ਹਾਂ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:
ਮੈਨੂੰ ਅਕਸਰ ਇਹ ਸਵਾਲ ਹੁੰਦਾ ਹੈ ਕਿ ਤੂੰ ਜਾਂ ਤੇਰੇ ਵਰਗੇ ਹੋਰ ਲੋਕ ਕਵਿਤਾ ਕਿਉਂ ਲਿਖਦੇ ਨੇ? ਅਸਰ ਤਾਂ ਕਿਤੇ ਕਿਣਕਾ ਮਾਤਰ ਵੀ ਨਹੀ। ਮੇਰਾ ਉੱਤਰ ਇਹੀ ਹੁੰਦਾ ਹੈ ਹਰ ਵਾਰ ਕਿ ਮੈ ਡਰਾਕਲ ਬੰਦਾ ਹਾਂ। ਕਿਸੇ ਨਾਲ ਲੜਨ ਜੋਗਾ ਨਹੀਂ, ਦਹਿਲ ਜਾਂਦਾ ਹਾਂ। ਪਰ ਮੈਂ ਵੀ ਤਾਂ ਆਪਣਾ ਮਨ ਕਿਸੇ ਕੋਲ ਫ਼ੋਲਣਾ ਹੁੰਦਾ ਹੈ। ਉਹ ਸੁਰੱਖਿਅਤ ਥਾਂ ਸਿਰਫ਼ ਕੋਰੇ ਵਰਕੇ ਨੇ। ਉਨ੍ਹਾਂ ਦੇ ਕੰਨ ਵਿੱਚ ਨਾਲੋ ਨਾਲ ਦੱਸਦਾ ਰਹਿੰਦਾ ਹਾਂ।
ਉਹੀ ਜਦ ਸਾਰਾ ਕੁਝ ਇਕੱਠਾ ਹੋ ਜਾਂਦਾ ਹੈ ਤਾਂ ਕਿਤਾਬੀ ਰੂਪ ‘ਚ ਸਾਂਭ ਲੈਂਦਾ ਹਾਂ। ਤੁਸੀਂ ਆਪ ਦੱਸੋ, ਜੇ ਇਹ ਸਾਰਾ ਕੁਝ ਮੇਰੇ ਅੰਦਰ ਹੀ ਰਹਿ ਜਾਂਦਾ ਤਾਂ ਨਾਸੂਰ ਬਣ ਜਾਂਦਾ। ਚਾਰ ਪੰਜ ਸਾਲ ਪਹਿਲਾਂ ਸਾਡੇ ਹਿੰਮਤੀ ਨੌਜਵਾਨ ਪੀਪਲਜ਼ ਫੋਰਮ ਵੱਲੋਂ ਆਪਣੇ ਵੱਲੋ ਪੁਸਤਕਾਂ ਦੇ ਸੈੱਟ ਵਿੱਚ ਕਵਿਤਾ ਦੀਆਂ ਕਿਤਾਬਾਂ ਪਾਉਣੀਆਂ ਬੰਦ ਕਰ ਦਿੱਤੀਆਂ। ਮੈਂ ਮਿੱਠਾ ਜਿਹਾ ਰੋਸਾ ਕੀਤਾ ਤਾਂ ਉਸ ਦਾ ਉੱਤਰ ਸੀ, ਭਾ ਜੀ, ਪਾਠਕ ਕਵਿਤਾ ਦੀ ਕਿਤਾਬ ਤੇ ਇਤਰਾਜ਼ ਕਰਦੇ ਹਨ। ਕਹਿੰਦੇ ਹਨ ਕਿ ਨਾਵਲ, ਕਹਾਣੀ, ਵਾਰਤਕ ਜਾਂ ਕੋਈ ਹੋਰ ਸਾਹਿੱਤ ਰੂਪ ਭਾਵੇਂ ਭੇਜ ਦਿਆ ਕਰੋ, ਕਵਿਤਾ ਸੰਗ੍ਰਹਿ ਨਹੀਂ।


ਮੈਂ ਹੱਸ ਕੇ ਕਿਹਾ, ਨਿੱਕੇ ਵੀਰ! ਕਦੇ ਸਿਰਫ਼ ਹੱਡੀਆਂ ਦੇ ਢਾਂਚੇ ਨੂੰ ਕਿਸੇ ਇਨਸਾਨ ਕਿਹੈ? ਰਗਾਂ ਵਿੱਚ ਤੁਰਦੇ ਖ਼ੂਨ ਬਿਨ ਬੰਦਾ ਲੱਕੜ ਹੋ ਜਾਂਦੈ। ਜੇ ਕਵਿਤਾ ਨਾ ਹੁੰਦੀ ਤਾਂ ਪੰਜਾਬ ਕਿਸ ਅਦਬੀ ਵਿਰਾਸਤ ਤੇ ਫ਼ਖ਼ਰ ਕਰਦਾ? ਪਰ ਇਹ ਮੇਰਾ ਤਰਕ ਹੈ। ਹੋ ਸਕਦੈ ਕਿ ਮੈਂ ਗਲਤ ਹੋਵਾਂ। ਜੇ ਗਲਤ ਹੋਵਾਂ ਤਾਂ ਮੈਨੂੰ ਜ਼ਰੂਰ ਦੱਸਣਾ। ਹਾਲ ਦੀ ਘੜੀ ਇਹ ਕਵਿਤਾ ਪੜ੍ਹੋ ਮੇਰੀ:-
ਤੇਰੇ ਬਿਨ/ ਗੁਰਭਜਨ ਗਿੱਲ
ਜਦ ਧਰਤੀ ਹੌਕਾ ਭਰਦੀ ਹੈ,
ਮੋਇਆਂ ਨੂੰ ਚੇਤੇ ਕਰਦੀ ਹੈ ।
ਅੱਖੀਆਂ ਦੇ ਤਲਖ਼ ਸਮੁੰਦਰ ‘ਚੋਂ,
ਹੰਝੂਆਂ ਦੀ ਬਾਰਸ਼ ਵਰ੍ਹਦੀ ਹੈ।
ਕਿਸੇ ਬੇਬਸ ਕੈਦ ਪਰਿੰਦੇ ਦੀ,
ਪਰਵਾਜ਼ ਜਦੋਂ ਵੀ ਮਰਦੀ ਹੈ।
ਮੈਂ ਉਸ ਦੇ ਦਰਦ ਨੂੰ ਸੁਰ ਕਰ ਲਾਂ,
ਇਹ ਹੀ ਕਵਿਤਾ ਦੀ ਹੂਕ ਬਣੇ।
ਜਿਨ੍ਹਾਂ ਦੇ ਦਿਲ ਵਿਚ ਵਣਜ ਬਿਨਾਂ,
ਕੋਈ ਸੁਪਨਾ ਹੀ ਨਾ ਪੈਰ ਧਰੇ।
ਜ਼ਰਬਾਂ ਤਕਸੀਮਾਂ ਕਰਨ ਸਦਾ,
ਉਨ੍ਹਾਂ ਤੋਂ ਜ਼ਿੰਦਗੀ ਰੋਜ਼ ਡਰੇ ।
ਜਿਨ੍ਹਾਂ ਨੇ ਸਾਰੀ ਖ਼ਲਕਤ ਨੂੰ,
ਕਰ ਦਿੱਤੈ ਰੂਹ ਤੋਂ ਹੋਰ ਪਰੇ।
ਜਿਨ੍ਹਾਂ ਦੀ ਹਕੂਮਤ ਇਹ ਚਾਹਵੇ,
ਹਰ ਰੁੱਖ ਤੋਂ ਸਿਰਫ਼ ਬੰਦੂਕ ਬਣੇ।
ਜਾਂ ਲਾਸ਼ਾਂ ਢੋਵਣ ਖ਼ਾਤਰ ਹੀ,
ਬਕਸਾ ਜਾਂ ਸਿਰਫ਼ ਸੰਦੂਕ ਬਣੇ।
ਕੋਈ ਮਰਦਾ ਹੈ, ਕੋਈ ਜੀਂਦਾ ਹੈ,
ਜੰਗਬਾਜ਼ਾਂ ਨੂੰ ਕੋਈ ਫ਼ਰਕ ਨਹੀਂ।
ਘੁੱਗੀਆਂ ਚੁੰਝ ਨਰਮ ਕਰੂੰਬਲ ਨੂੰ,
ਝਪਟਣ ਦਾ ਕੋਈ ਤਰਕ ਨਹੀਂ।
ਘੁੱਗੀਆਂ ਦਾ ਜੋੜਾ ਬਹਿ ਕੇ,
ਜਦੋਂ ਕਲੋਲ ਕਰੇ।
ਸਾਹਵਾਂ ਨੂੰ ਇਕਸੁਰ ਕਰਕੇ,
ਗਾਨੀ ਕੋਲ ਕਰੇ।
ਰੂਹਾਂ ਦਾ ਹੋਵੇ ਮੇਲ ਜਦੋਂ,
ਅੰਬਰਾਂ ‘ਚੋਂ ਪਵੇ ਤਰੇਲ ਉਦੋਂ,
ਚੰਬਾ ਖਿੜ ਜਾਵੇ ਸਾਹਵਾਂ ਵਿਚ,
ਕੁਝ ਇਹੋ ਜਿਹਾ ਸਲੂਕ ਬਣੇ।
ਇਹ ਧੜਕਣ ਮਿੱਸਿਆਂ ਸਾਹਵਾਂ ਦੀ,
ਮੇਰੇ ਗੀਤਾਂ ਦੀ ਇਕ ਟੂਕ ਬਣੇ।
ਬੇਲੇ ਵਿਚ ਮੱਝੀਆਂ ਚਾਰਦਿਆਂ,
ਹਰ ਕੈਦੋ ਅੱਗੇ ਹਾਰਦਿਆਂ।
ਜ਼ਿੰਦਗੀ ‘ਚੋਂ ਹੀਰ ਗੁਆਚੇ ਨਾ,
ਇਸ ਦੀ ਹੀ ਕੀਮਤ ਤਾਰਦਿਆਂ।
ਜਦ ਵੰਝਲੀ ਕੋਲ ਬੁਲਾਉਂਦੀ ਹੈ,
ਦਿਲ ਵਾਲੇ ਛੇਕ ਵਿਖਾਉਂਦੀ ਹੈ।
ਮੈਂ ਕੁਲ ਆਲਮ ਦਾ ਸੋਜ਼ ਉਦੋਂ,
ਪੋਰੀ ਦੇ ਅੰਦਰ ਭਰਦਾ ਹਾਂ,
ਬੱਸ ਤੈਨੂੰ ਚੇਤੇ ਕਰਦਾ ਹਾਂ।
ਛੇਕਾਂ ਨੂੰ ਪੋਟੇ ਛੋਹਣ ਜਦੋਂ,
ਹਟਕੋਰੇ ਭਰਦੀ ਪੌਣ ਉਦੋਂ।
ਕੋਈ ਤਰਜ਼ ਗੁਆਚੀ ਉਮਰਾਂ ਦੀ,
ਸੁਣ ਮਨ ਦਾ ਚੰਬਾ ਖਿਲਦਾ ਹੈ।
ਮਾਰੂਥਲ ਵਿਚ ਤੁਰਦੇ ਰਾਹੀ ਨੂੰ,
ਘੁੱਟ ਪਾਣੀ ਜੀਕਣ ਮਿਲਦਾ ਹੈ।
ਮੈਨੂੰ ਵੀ ਉਸ ਪਲ ਇਉਂ ਜਾਪੇ,
ਜਿਉਂ ਜੀਣ ਬਹਾਨਾ ਮਿਲਦਾ ਹੈ।
ਸੱਜਣਾਂ ਦੀ ਅੱਖ ਦਾ ਖੋਟ ਜਦੋਂ,
ਨਜ਼ਰਾਂ ਦੇ ਅੰਦਰ ਭਰ ਜਾਵੇ।
ਧੜਕਣ ਵਿਚ ਕੈਦ ਪਰਿੰਦਿਆਂ ਦੀ,
ਪਰਵਾਜ਼ ਉਸੇ ਪਲ ਮਰ ਜਾਵੇ।
ਤੇ ਨੀਲੇ ਅੰਬਰੀਂ ਉਸ ਵੇਲੇ,
ਕਲਮੂੰਹਾਂ ਧੂੰਆਂ ਭਰ ਜਾਵੇ।
ਧਰਤੀ ਦੀ ਸਹੁੰ ਮੈਂ ਉਸ ਵੇਲੇ,
ਕੱਲ੍ਹਾ, ਘਬਰਾਵਾਂ, ਡਰਦਾ ਹਾਂ।
ਰੁੱਖਾਂ ਨੂੰ ਨੇੜਿਉਂ ਵੇਖਾਂ ਫਿਰ,
ਪੱਤਿਆਂ ਨੂੰ ਸਿਜਦੇ ਕਰਦਾ ਹਾਂ।
ਫੁੱਲਾਂ ਦੀਆਂ ਵੇਲਾਂ ਮਹਿਕਦੀਆਂ,
ਇਹ ਗੀਤ ਰੁਮਕਦੀ ਪੌਣ ਸੁਣੇ।
ਮੇਰੇ ਅਨਹਦ ਨਾਦ ਨੂੰ ਤੇਰੇ ਬਿਨ,
ਇਸ ਧਰਤੀ ਤੇ ਦੱਸ ਕੌਣ ਸੁਣੇ?

ਕਾਵਿ ਸੰਗ੍ਰਹਿ ”ਪਾਰਦਰਸ਼ੀ” ਵਿੱਚੋਂ
ਪ੍ਰਕਾਸ਼ਕਃ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।
ਸੰਪਰਕਃ 98762 07774

