ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ:
ਮਿਸ਼ਨ ਐਜੂਕੇਸ਼ਨ ਸੁਸਾਇਟੀ ਰਾਜਪੁਰਾ ਵਲੋਂ ਸੋਸਾਇਟੀ ਦੇ ਸਰਪ੍ਰਸਤ ਕੁਲਦੀਪ ਸਿੰਘ ਸਾਹਿਲ ਦੇ ਬੇਟੇ ਸਾਹਿਲਪ੍ਰੀਤ ਸਿੰਘ ਦੀ ਅੱਜ 7 ਫਰਵਰੀ ਨੂੰ ਦੂਜੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਨਗਰ ਦੀ ਲਾਇਬ੍ਰੇਰੀ ਵਾਸਤੇ ਇੱਕ ਕਿਤਾਬ ਅਲਮਾਰੀ, ਬੱਚਿਆਂ ਲਈ ਬਾਲ ਸਾਹਿਤ ਦੀਆਂ 100 ਦੇ ਕਰੀਬ ਕਿਤਾਬਾਂ, ਸਵੇਰ ਦੀ ਪ੍ਰਾਰਥਨਾ ਲਈ ਸਾਊਂਡ ਸਿਸਟਮ ਅਤੇ ਦੋ ਹਵਾ ਕੂਲਰ ਦਿੱਤੇ ਗਏ।


ਇਸ ਮੌਕੇ ਮਾਪੇ ਅਧਿਆਪਕ ਮਿਲਣੀ ਵੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਵੱਲੋਂ ਰੰਗਮੰਚ ਦਾ ਸੰਚਾਲਨ ਵੀ ਕੀਤਾ ਗਿਆ। ਸਕੂਲ ਦਾ ਨਾਂ ਰੌਸ਼ਨ ਕਰਨ ਵਾਲੇ ਬੱਚਿਆਂ ਮਨਜੋਤ ਕੌਰ (ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ), ਰੋਸ਼ਨੀ (ਰਾਜ ਪੱਧਰੀ ਖਿਡਾਰੀ), ਲਕਸ਼ਮੀ (ਸੁੰਦਰ ਲਿਖਾਈ) ਅਤੇ ਰਮਨਜੋਤ ਕੌਰ (ਵਧੀਆ ਨਤੀਜਾ) ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਅਧਿਆਪਕ ਸ਼੍ਰੀ ਦਲਵਿੰਦਰ ਪਾਲ, ਅਧਿਆਪਕ ਹਰਪ੍ਰੀਤ ਸਿੰਘ ਅਤੇ ਕੰਵਲਜੀਤ ਸਿੰਘ ਵੱਲੋਂ ਪਿੰਡ ਦੇ ਸਰਪੰਚ ਹਰਜੀਤ ਸਿੰਘ, ਪੰਜਾਬੀ ਲੇਖਕ ਅਤੇ ਇਸ ਸਕੂਲ ਵਿੱਚ ਪੜ੍ਹੇ ਕੁਲਦੀਪ ਸਿੰਘ ਸਾਹਿਲ, ਉਨ੍ਹਾਂ ਦੇ ਨਾਲ ਸੋਸਾਇਟੀ ਦੇ ਮੈਂਬਰ ਸਨਦੀਪ ਸਿੰਘ ਲਵਲੀ, ਜਗਦੀਸ਼ ਸਿੰਘ ਚੰਗੇਰਾ, ਜਰਨੈਲ ਸਿੰਘ ਅਤੇ ਬਲਕਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਾਹਿਤਕਾਰ ਕੁਲਦੀਪ ਸਿੰਘ ਸਾਹਿਲ ਨੇ ਬੱਚਿਆਂ ਨੂੰ ਸਿੱਖਿਆ ਅਤੇ ਚੰਗੀਆਂ ਕਿਤਾਬਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਜੋ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਚੰਗੀਆਂ ਕਿਤਾਬਾਂ ਨੂੰ ਆਪਣਾ ਦੋਸਤ ਬਣਾ ਲੈਣ। ਇਹੀ ਸਾਨੂੰ ਹਰ ਖੇਤਰ ਵਿੱਚ ਸਫਲ ਹੋਣ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਦਾ ਸੁਪਨਾ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਲਾਇਬ੍ਰੇਰੀ ਜ਼ਰੂਰ ਹੋਵੇ, ਜਿਸ ਵਾਸਤੇ ਉਨ੍ਹਾਂ ਦੀ ਕੋਸ਼ਿਸ਼ ਜਾਰੀ ਰਹੇਗੀ। ਅਖੀਰ ਵਿੱਚ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਦਲਵਿੰਦਰ ਪਾਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

