www.sursaanjh.com > ਸਿੱਖਿਆ > ਜੱਗਾ ਵੀ ਤੁਰ ਗਿਆ ਜੱਗ ਤੋਂ 

ਜੱਗਾ ਵੀ ਤੁਰ ਗਿਆ ਜੱਗ ਤੋਂ 

ਚੰਡੀਗੜ 8 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਸ ਸੰਸਾਰ ਵਿੱਚ ਜੋ ਆਇਆ, ਜਾਣਾ ਤਾਂ ਸਭ ਨੇ ਹੈ, ਪਰ ਅੱਧਵਾਟੇ ਤੁਰ ਗਇਆਂ ਦਾ ਦੁੱਖ ਪਿੱਛੇ ਰਹਿ ਗਿਆਂ ਲਈ ਉਮਰ ਭਰ ਦਾ ਨਾਸੂਰ ਬਣ ਜਾਂਦਾ ਹੈ। ਹੁੰਦਾ ਖ਼ੈਰ ਉਹ ਹੀ ਹੈ, ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ। ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ‘ਚ ਪੈਂਦੇ ਨੇੜਲੇ ਪਿੰਡ ਖੈਰਪੁਰ ਦਾ ਨੌਜਵਾਨ ਆਗੂ ਜਗਤਾਰ ਸਿੰਘ ਜੱਗਾ ਵੀ ਭਰ ਜਵਾਨੀ ਵਿੱਚ ਦਸੰਬਰ 2020 ਦੌਰਾਨ ਸੜਕ ਹਾਦਸੇ ਦਾ ਐਸਾ ਸ਼ਿਕਾਰ ਹੋਇਆ ਕਿ ਸਿਰ ਵਿੱਚ ਸੱਟ ਲੱਗਣ ਕਾਰਨ ਮੰਜੇ ਜੋਗਾ ਹੀ ਰਹਿ ਗਿਆ।
ਜ਼ਿੰਦਗੀ ਮੌਤ ਦੀ ਲੜਾਈ ਲੜਦਾ ਆਖਿਰ ਲੰਘੀ 31 ਅਕਤੂਬਰ ਦੀਵਾਲੀ ਦੀ ਸਵੇਰ ਜੱਗੇ ਦੇ ਸਾਹਾਂ ਦਾ ਜਗਦਾ ਜੀਵਨ ਰੂਪੀ ਦੀਪ ਸਦਾ ਲਈ ਬੁਝ ਗਿਆ। ਮਧਰੇ ਕੱਦ ਦਾ ਨੌਜਵਾਨ ਜੱਗਾ ਇੱਕ ਐਸਾ ਸ਼ਖਸ ਸੀ, ਜਿਸ ਨੂੰ ਵੀ ਇੱਕ ਵਾਰ ਮਿਲਿਆ, ਆਪਣੀ ਕਾਬਲੀਅਤ ਤੇ ਗੱਲਬਾਤ ਜ਼ਰੀਏ ਦਿਲਾਂ ‘ਤੇ ਗਹਿਰੀ ਛਾਪ ਛੱਡ ਜਾਂਦਾ ਸੀ। ਉਸ ਵਿੱਚ ਅਜੀਬ ਚੁੰਬਕੀ ਸ਼ਕਤੀ ਸੀ। ਫੁਰਤੀਲਾ, ਚੁਸਤ, ਮਿਹਨਤੀ, ਹੱਸਮੁੱਖ ਅਤੇ ਮੂੰਹ ‘ਤੇ ਸੱਚ ਕਹਿ ਦੇਣ ਵਾਲਾ। ਕਈ ਵਾਰੀ ਅਜਿਹੇ ਇਨਸਾਨ ਕੌੜੇ ਬੋਲਾਂ ਸਦਕਾ ਸਾਹਮਣੇ ਵਾਲੇ ਨੂੰ ਚੁਭਦੇ ਜ਼ਰੂਰ ਹਨ, ਇਹ ਜੀਵਨ ਦਾ ਸੱਚ ਹੈ। ਪਰ ਜੱਗਾ ਆਪਣੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਦਕਾ ਕੁੱਝ ਹੀ ਪਲਾਂ ਵਿੱਚ ਸਾਹਮਣੇ ਵਾਲੇ ਨੂੰ ਕਾਇਲ ਕਰ ਲੈਂਦਾ ਸੀ।
ਦਿਲ ਦੇ ਸਾਫ਼ ਇਸ ਨੌਜਵਾਨ ਵਿੱਚ ਕੋਈ ਛਲ਼ ਨਹੀਂ ਸੀ, ਸਗੋਂ ਉਸ ਨੂੰ ਦੂਜਿਆਂ ਦਾ ਭਲਾ ਕਰਨ ਦਾ ਵੱਲ ਸੀ। ਨਸ਼ਿਆ ਤੋਂ ਦੂਰ, ਸਿਹਤ ਪ੍ਰਤੀ ਫਿਕਰਮੰਦ, ਇਸ ਨੌਜਵਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਕੰਮ ਪ੍ਰਤੀ ਲਗਨ ਤੇ ਲੋਹੜੇ ਦੀ ਊਰਜਾ ਸੀ। ਉਹ ਨਾ ਥੱਕਦਾ ਸੀ, ਨਾ ਅੱਕਦਾ ਸੀ। ਜੱਗੇ ਦੀ ਦਿਆਨਤਦਾਰੀ, ਇਮਾਨਦਾਰੀ, ਲਿਆਕਤ ਦੀਆਂ ਢੇਰ ਸਾਰੀਆਂ ਕਹਾਣੀਆਂ, ਉਸ ਦੇ ਸੰਗੀ ਸਾਥੀਆਂ ਕੋਲ ਹਨ।
ਡੇਰਾਬੱਸੀ ਨੇੜੇ ਇੱਕ ਪਿੰਡ ਦੇ ਕਿਸੇ ਘਰ ਬੰਧੂਆ ਪਰਵਾਸੀ ਮਜ਼ਦੂਰ ਬਾਰੇ ਸੁਣ ਕੇ ਜੱਗਾ ਆਪਣੇ ਸਾਥੀਆਂ ਨਾਲ ਝੱਟ ਉੱਥੇ ਪਹੁੰਚਿਆ ਤੇ ਪ੍ਰਵਾਸੀ ਨੂੰ ਛੁਡਵਾਇਆ। ਉਸ ਨੂੰ ਘਰ ਭੇਜਣ ਤੱਕ ਉਸਦੀ ਮਦਦ ਕੀਤੀ। ਪਿੰਡ ਤੇ ਇਲਾਕੇ ਵਿੱਚ ਜਿਸ ਕਿਸੇ ਨੂੰ ਵੀ ਉਸ ਦੇ ਬੇਵਕਤੇ ਤੁਰ ਜਾਣ ਦੀ ਖਬਰ ਮਿਲ਼ੀ, ਹਰ ਕੋਈ ਗ਼ਮਗੀਨ ਹੋਇਆ। ਇਸ ਰੰਗਲੇ ਸੱਜਣ ਨਮਿਤ ਰਖਵਾਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਖੈਰਪੁਰ ਵਿਖੇ ਹੋਵੇਗੀ। ਸਕੇ ਸਬੰਧੀ, ਦੋਸਤ ਮਿੱਤਰ ਤੇ ਵੱਖ-ਵੱਖ ਧਾਰਮਿਕ, ਸਮਾਜਿਕ ਸ਼ਖਸੀਅਤਾਂ, ਜੋਬਨ ਰੁੱਤੇ ਸਦੀਵੀ ਵਿਛੋੜਾ ਦੇ ਗਏ ਨੌਜਵਾਨ ਜਗਤਾਰ ਸਿੰਘ ਜੱਗਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

One thought on “ਜੱਗਾ ਵੀ ਤੁਰ ਗਿਆ ਜੱਗ ਤੋਂ 

Leave a Reply to ਸਤਨਾਮ ਸਿੰਘ ਸ਼ੋਕਰ Cancel reply

Your email address will not be published. Required fields are marked *