Breaking
www.sursaanjh.com > ਚੰਡੀਗੜ੍ਹ/ਹਰਿਆਣਾ > ਛੋਟੇ ਕੱਦ ਦਾ ਵੱਡਾ ਬੰਦਾ – ਇੰਦਰਪ੍ਰੀਤ ਸਿੰਘ

ਛੋਟੇ ਕੱਦ ਦਾ ਵੱਡਾ ਬੰਦਾ – ਇੰਦਰਪ੍ਰੀਤ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਪ੍ਰੈਲ:
ਇੰਦਰਪ੍ਰੀਤ ਸਿੰਘ ਹੁਰਾਂ ਦੀ ਸਖ਼ਸ਼ੀਅਤ ਬਾਰੇ ਮੈਂ ਇਕ ਲੰਬਾ ਲੇਖ ਲਿਖ ਸਕਦਾਂ। ਉਹਨਾਂ ਨੂੰ ਬਹੁਤ ਕਰੀਬ ਤੋਂ ਦੇਖਿਆ, ਪਰਖਿਆ ਅਤੇ ਜਾਣਿਆ ਹੈ। ਅੱਜ ਉਹ ਮੇਰੇ ਬੌਸ ਭਾਵ ਪੰਜਾਬੀ ਜਾਗਰਣ ਦੇ ਸੰਪਾਦਕ ਬਣ ਗਏ ਹਨ। ਬੇਸ਼ੱਕ ਉਹ ਮੇਰੇ ਪਰਮ ਮਿੱਤਰ ਹਨ ਅਤੇ ਅਸੀਂ ਪੰਜਾਬ ਬਿਊਰੋ ਦੇ ਇਕ ਕੈਬਿਨ ਵਿਚ ਬੈਠ ਕੇ ਵੱਖ ਵੱਖ ਵਿਸ਼ਿਆਂ ‘ਤੇ ਲੰਬੀ ਚਰਚਾ ਕੀਤੀ ਹੈ ਅਤੇ ਇਕੱਠੇ ਖਬਰਾਂ ਲਿਖੀਆ ਹਨ, ਪਰ ਹੁਣ ਬੌਸ ਹਨ। ਫਿਰ ਵੀ ਮੈਂ ਉਹਨਾਂ ਦੀ ਨਿੱਜੀ ਸ਼ਖਸ਼ੀਅਤ ਬਾਰੇ ਕੁਝ ਵਿਚਾਰ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਇੰਦਰਪ੍ਰੀਤ ਸਿੰਘ ਹੁਰਾਂ ਨੂੰ ਸੰਪਾਦਕ ਦੀ ਕੁਰਸੀ ਐਵੇਂ ਜਾਂ ਸੁਖਾਲੀ ਨਹੀਂ ਮਿਲੀ। ਉਨ੍ਹਾਂ ਦਾ ਪੱਤਰਕਾਰੀ ਦਾ ਕਰੀਬ 30 ਸਾਲਾਂ ਦਾ ਤਜਰਬਾ ਹੈ। ਜੁਲਾਈ 1996 ਵਿੱਚ ਉਨ੍ਹਾਂ ਨੇ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ। ਫੀਲਡ ਅਤੇ ਡੈਸਕ ਦੋਵਾਂ ਥਾਵਾਂ ‘ਤੇ ਪੂਰੀ ਜੀ – ਜਾਨ ਨਾਲ ਕੰਮ ਕੀਤਾ ਹੈ। ਜਾਗਰਣ ਗਰੁੱਪ, ਭਾਸਕਰ ਅਤੇ ਅਜੀਤ ਗਰੁੱਪ ਵਿੱਚ ਉਨ੍ਹਾਂ ਆਪਣੀ ਪੱਤਰਕਾਰੀ ਕੀਤੀ ਹੈ। ਹੁਣ ਪੱਤਰਕਾਰੀ ਦੇ ਖੇਤਰ ਵਿੱਚ ਵੱਡੀ ਤਬਦੀਲੀ ਆਈ ਹੈ।
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਉਹ ਅਜੀਤ/ ਅਜੀਤ ਸਮਾਚਾਰ ਡੈਸਕ ਉੱਤੇ ਤਾਇਨਾਤ ਸਨ। ਕੰਮ ਕਰਨ, ਖ਼ਬਰ ਲਿਖਣ ਦਾ ਉਨ੍ਹਾਂ ਨੂੰ ਬਹੁਤ ਸ਼ੌਕ ਹੈ ਅਤੇ ਉਹ ਆਪਣਾ ਕੰਮ ਨਿਬੇੜ ਕੇ ਆਪਣੇ ਸਾਥੀ ਸਬ-ਅਡੀਟਰ ਦਾ ਪੇਜ ਵੀ ਤਿਆਰ ਕਰ ਦਿੰਦੇ ਸਨ। ਅੱਜ ਜਦੋਂ ਕੰਪਿਊਟਰ, ਗੂਗਲ ਟਰਾਂਸਲੇਸ਼ਨ ਸਮੇਤ ਬਹੁਤ ਸਾਰੀਆਂ ਸਹੂਲਤਾਂ ਆ ਗਈਆਂ ਹਨ, ਉਦੋਂ ਸਿਰਫ ਫੈਕਸ ਜਾਂ ਹੱਥ ਨਾਲ ਲਿਖੀਆਂ ਖਬਰਾਂ ਡੈਸਕ ਉੱਤੇ ਆਉਂਦੀਆਂ ਸਨ।
ਬਠਿੰਡਾ ਦੇ ਜੰਮਪਲ, ਧੂਰੀ ਪੜ੍ਹੇ, ਖੇਡੇ ਇੰਦਰਪ੍ਰੀਤ ਸਿੰਘ ਨੇ ਪੰਜਾਬੀ, ਹਿੰਦੀ ਅਤੇ ਜਰਨਲਿਜ਼ਮ ਵਿਚ ਮਾਸਟਰ ਡਿਗਰੀ ਕੀਤੀ ਹੋਈ ਹੈ। ਫਾਇਨਾਂਸ, ਖੇਤੀ, ਵਾਤਾਵਰਣ, ਰਾਜਨੀਤੀ ਉਨ੍ਹਾਂ ਦੇ ਮਨਭਾਉਂਦੇ ਵਿਸ਼ੇ ਹਨ ਅਤੇ ਇਨ੍ਹਾਂ ਵਿਸ਼ਿਆਂ ‘ਤੇ ਉਨਾਂ ਦੀ ਬਹੁਤ ਚੰਗੀ ਪਕੜ ਹੈ। ਸਮਾਜਿਕ ਵਿਵਸਥਾ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਉਹਨਾਂ ਨੂੰ ਚੰਗੀ ਸਮਝ ਹੈ। ਉਹ ਗੁਰਬਾਣੀ, ਸਿੱਖ ਧਰਮ ਅਤੇ ਸਿੱਖ ਸਿਆਸਤ ਦੀ ਵੀ ਡੂੰਘੀ ਜਾਣਕਾਰੀ ਰੱਖਦੇ ਹਨ। ਉਹ ਨਿੱਡਰ, ਮੂੰਹ ‘ਤੇ ਸੱਚੀ ਗੱਲ ਕਹਿਣ ਅਤੇ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਦੇ ਹਨ। ਐਵੇਂ ਨਹੀਂ ਐਡੀ ਵੱਡੀ ਮਾਣਮੱਤੀ ਕੁਰਸੀ ਮਿਲੀ। ਇਹ ਉਨ੍ਹਾਂ ਦੀ ਕਰੀਬ ਤਿੰਨ ਦਹਾਕਿਆਂ ਦੀ ਮਿਹਨਤ, ਲਗਨ ਦ੍ਰਿੜਤਾ ਅਤੇ ਇਮਾਨਦਾਰੀ ਦਾ ਪਰਿਣਾਮ ਹੈ। ਉਹ ਛੋਟੇ ਕੱਦ ਦਾ ਵੱਡੇ ਗੁਣਾਂ ਵਾਲਾ ਬੰਦਾ ਹੈ। ਸ਼ਾਲਾ। ਇੰਦਰਪ੍ਰੀਤ ਹੁਰੀ ਬਤੌਰ ਸੰਪਾਦਕ ਨਵੇਂ ਰਾਹ ਸਿਰਜਣ।
ਉੱਘੇ ਪੱਤਰਕਾਰ ਜੈ ਸਿੰਘ ਛਿੱਬਰ ਦੀ ਫੇਸਬੁੱਕ ਵਾਲ ਤੋਂ ਧੰਨਵਾਦ ਸਹਿਤ।

Leave a Reply

Your email address will not be published. Required fields are marked *