Breaking
www.sursaanjh.com > ਅੰਤਰਰਾਸ਼ਟਰੀ > ਖੁਸ਼ਕ ਥਲਾਂ ਦੀ ਕਥਾ ‘ਚ ਮਹਿਕਦਾ ਭਗਵੰਤ ਰਸੂਲਪੁਰੀ : ਮੱਖਣ ਮਾਨ

ਖੁਸ਼ਕ ਥਲਾਂ ਦੀ ਕਥਾ ‘ਚ ਮਹਿਕਦਾ ਭਗਵੰਤ ਰਸੂਲਪੁਰੀ : ਮੱਖਣ ਮਾਨ

ਜਨਮ ਦਿਨ ‘ਤੇ ਵਿਸ਼ੇਸ਼
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ) , 10 ਮਈ:
ਭਗਵੰਤ ਰਸੂਲਪੁਰੀ ਖੁਸ਼ਕ ਦਰਿਆ ਹੈ ਤਾਂ ਹੀ ਤਾਂ ਉਸਦੀ ਤਪਦੀ ਕਥਾ ਦੇ ਪਾਤਰ ਥੁੜਾਂ ਦੇ ਭੰਨੇ ਗਰਜ਼ਾਂ ਦੇ ਮਾਰੇ ਜ਼ਿੰਦਗੀ ਨਾਲ ਜੂਝਦੇ ਬੇਤਰਤੀਬੇ ਰਸ ‘ਚੋਂ ਕਸ ਕੱਢਦੇ ਮਿਲਣਗੇ। ਤਰਤੀਬ ਨਾਲ ਤਾਂ ਉਨ੍ਹਾਂ ਨੂੰ ਜਿਊਣਾ ਹੀ ਨਹੀਂ ਆਇਆ। ਉਮਰਾਂ ਤੋਂ ਪਹਿਲਾਂ ਬੁੱਢੇ ਹੋ ਗਏ ਪਾਤਰ ਕਿਵੇਂ ਫੜਦਾ ਹੋਵੇਗਾ ਉਹ ਉਨ੍ਹਾਂ ਦੀ ਮਾਨਸਿਕਤਾ? ਕਿਵੇਂ ਕਰਦਾ ਹੋਵੇਗਾ ਉਨ੍ਹਾਂ ਦੀਆਂ ਕਾਲ਼ਖਾਂ ਨਾਲ ਸੰਵਾਦ? ਕਈ ਵਾਰ ਉਸਦੇ ਪਾਤਰ ਕਈ ਕਈ ਦਿਨ ਸਾਉਣ ਨਹੀਂ ਦਿੰਦੇ, ਪੁੜਪੁੜੀ ‘ਚ ਇੰਜ ਬਿਰਾਜਮਾਨ ਹੋ ਜਾਵਣਗੇ, ਜਿਵੇਂ ਭੁੱਖ ਨਾਲ ਮਾਰਿਆ ਬੰਦਾ ਕੁੱਬਾ ਹੋ ਕੇ ਹੱਸਦਾ। ਅੱਜ ਕਈ ਦਿਨਾਂ ਬਾਅਦ ਪੇਟ ਨੂੰ ਰੱਜ ਕੇ ਰੋਟੀ ਮਿਲੀ ਹੈ, ਕੱਲ੍ਹ ਦਾ ਫ਼ਿਕਰ ਮੁੜ ਆਣ ਘੇਰਦਾ। ਇਹ ਫਿਕਰ ਸੰਵੇਦਨਸ਼ੀਲ ਮਨੁੱਖ ਲਈ ਸਿਰਦਰਦੀ ਬਣ ਜਾਂਦੇ ਨੇ। ਕਿੱਦਾਂ ਦਾ ਸਾਡਾ ਇਹ ਕਹਾਣੀਕਾਰ ਭਗਵੰਤ ਜਿਹਦੇ ਪਾਤਰ ਕੀੜਿਆਂ- ਮਕੋੜਿਆ ਦੀ ਜ਼ਿੰਦਗੀ ਜਿਊਂਦੇ ਤੇ ਹਨ, ਪਰ ਡੋਲਦੇ ਕਿਤੇ ਵੀ ਨਹੀਂ। ਖੁਦਕਸ਼ੀ ਨਾ ਬਾਬਾ ਨਾ। ਉਨ੍ਹਾਂ ਨੂੰ ਵੇਖ ਕੇ ਲੱਗਦਾ ਸੱਚਮੁਚ ਛੇਵਾਂ ਖੁਸ਼ਕ ਦਰਿਆ ਕੋਲੋਂ ਦੀ ਲੰਘ ਰਿਹਾ ਹੋਵੇ। ਉਸਦੀ ਔਰਤ ਬਹੁਤ ਬੜਬੋਲੀ ਹੈ, ਆਪਣੀ ਆਈ ‘ਤੇ ਆ ਜਾਵੇ, ਬੰਦੇ ਨੂੰ ਲੀਰੋ ਲੀਰ ਕਰ ਦਿੰਦੀ ਹੈ। ਕੱਖ ਨਹੀਂ ਛੱਡਦੇ ਪੱਲੇ। ਨਿਚੋੜ ਕੇ ਰੱਖ ਦਿੰਦੀ ਹੈ। ਬਾਹਰਲੀ ਖੁਰਲੀ ਦੇ ਪੱਠੇ ਖਾਣੇ ਏਨੇ ਸੌਖੇ ਨਹੀਂ ਹੁੰਦੇ। ਉਸਦਾ ਸੁੱਕੀਆਂ ਕੁੰਨਾਂ ਵਾਲਾ ਪਾਤਰ ਜਦੋਂ ਧਰਮਪੁਰਾ ਅਬਾਦੀ ਤੋਂ ਬੂਟਾ ਮੰਡੀ ਵੱਲ ਨੂੰ ਮੂੰਹ ਕਰਦਾ, ਉਸ ਨੂੰ ਖੁੜਕ ਜਾਂਦਾ ਇਹ ਮੰਡੀ ਵੀ ਹੁਣ ਜਰਵਾਣਿਆਂ ਕੋਲ ਗਈ। ਮੁਸ਼ਕ ਨਾਲ ਮਾਰੀਆਂ ਸੁੱਕੀਆਂ ਕੁੰਨਾਂ ਆਪਣਾ ਇਤਿਹਾਸ ਲਿਖ ਜਾਂਦੀਆਂ ਤੇ ਇਸ ਕਹਾਣੀ ਨੂੰ ਪੜ੍ਹ ਕੇ ਲੱਗਦਾ ਕਿਵੇਂ ਮਿੱਥ ਦੀ ਗੰਢ ਖੁੱਲ੍ਹਦੀ, ਕਿਵੇਂ ਇਹ ਗੰਢ ਕਈਆਂ ਧਿਰਾਂ ਦੀ ਇਤਿਹਾਸਕਾਰੀ ਕਰਦੀ ਐਸੇ ਦ੍ਰਿਸ਼ ਪੇਸ਼ ਕਰ ਜਾਂਦੀ। ਬੰਦਾ ਪਾਗਲ ਹੋਣ ਨੂੰ ਫਿਰਦਾ ਕੀ ਇਹ ਲੋਕ ਖੁਸ਼ਹਾਲ ਪੰਜਾਬ ਦੇ ਵਸਨੀਕ ਹਨ? ਰਗਾਂ ਦੇ ਠਰੇ ਅਹਿਸਾਸ ਤੋਂ ਬਿਨ੍ਹਾਂ, ਰੂਹ ਦੀ ਕੰਬਦੀ ਕਾਇਨਾਤ ਤੋਂ ਬਿਨਾਂ ਕਿਵੇਂ ਲਿਖ ਸਕਦਾ ਏਹੋ ਜਿਹੀਆਂ ਕਹਾਣੀਆਂ? ਭਗਵੰਤ ਮੇਰਾ ਦੋਸਤ ਹੈ, ਜਦੋਂ ਸਾਡੇ ਦੋਧੀ ਦੰਦ ਨਿਕਲੇ ਸਨ ਉਦੋਂ ਦੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਸਾਡੇ ਰੂਟਸ਼ ਵੀ ਇੱਕੋ ਨੇ। ਕਦੇ ਕਦੇ ਇਹ ਕਹਾਣੀ ਦਾ ਖੁਸ਼ਕ ਦਰਿਆ ਸਾਡੇ ਅੰਦਰ ਵੀ ਵਗਣ ਲੱਗਦਾ। ਅਸੀਂ ਬਥੇਰਾ ਰੋਕਦੇ ਹਾਂ ਬਈ ਇਸ ਅੰਦਰੋਂ ਖੁਸ਼ਕੀ ਚਲੀ ਜਾਵੇ, ਇਹ ਤਰਲ ਹੋ ਜਾਵੇ। ਪਰ ਨਹੀਂ ਇਹ ਜਮਾਂਦਰੂ ਏਦਾਂ ਦਾ ਹੈ, ਦਲੇਰੀ ਨਹੀਂ ਆਈ, ਤਾਂ ਹੀ ਤਾਂ ਅਸੀਂ ਦੋਸਤਾਂ ਨੇ ਇਸਦਾ ਨਾਂ ਭਗਵੰਤ ਅਸੂਲਪੁਰੀ ਰੱਖਿਆ। ਕਿਤੇ ਨੀਮ ਪਿਆਜ਼ੀ ਹੋਇਆ ਹੋਵੇ ਫਿਰ ਇਸ ਦੀਆਂ ਮਸ਼ਕਰੀਆ ਤੇ ਲੁੱਚੀਆ ਗੱਲਾਂ ਦਾ ਕਮਾਲ ਵੇਖਣ ਨੂੰ ਮਿਲਦਾ। ਉਦੋਂ ਇਹ ਘੋੜੇ ‘ਤੇ ਚੜ੍ਹਿਆ ਖਵਾਜਾ ਪੀਰ ਹੁੰਦਾ ਤੇ ਖੁਸਰੇ ਅੱਗੇ ਡਾਂਸ ਕਰਦਾ ਕੋਰਸ ਗਾਉਂਦਾ “ਜੀਆ ਬੇਕਰਾਰ ਹੈ, ਆਜਾ ਮੇਰੇ ਬਾਲਮਾ ਤੇਰਾ ਇੰਤਜ਼ਾਰ ਹੈ।“ ਉਸ ਵਕਤ ਇਹ ਗੱਲਾਂ ਦੀਆਂ ਸੇਵੀਆਂ ਇੰਜ ਵੱਟਦਾ, ਜਿਵੇਂ ਹੁਣੇ ਗੁੱਗਾ ਪੂਜਣਾ ਹੋਵੇ। ਦਿਲ ਦੀ ਨਹੀਂ ਮਾੜਾ। ਯਾਰਾਂ ਦਾ ਯਾਰ ਹੈ, ਭਗਵੰਤ ਰਸੂਲਪੁਰੀ। ਆਪਣੇ ਅਕੀਦੇ ‘ਤੇ ਕਾਇਮ ਧੀਮੀ ਤੋਰ ਤੁਰਦਾ ਸ਼ਬਦ ਦੇ ਭਰਮ ਤੋਂ ਮੁਕਤ। ਉਹ ਖੂਬਸੂਰਤ ਪਲਾਂ ਦੀ ਇਬਾਰਤ ਲਿਖਦਾ ਲਿਖਦਾ, ਇੱਕ ਦਿਨ ਖੂਬਸੂਰਤ ਪਲ ਨਾਲ ਟਕਰਾਇਆ ਤੇ ਉਹ ਦਿਨਾਂ ‘ਚ ਮਾਸਟਰਨੀ ਦਾ ਘਰ ਵਾਲਾ ਬਣ ਗਿਆ ਤੇ ਇਸਦਾ ਸਿੱਕਾ ਚੱਲ ਨਿਕਲਿਆ। ਉਹ ਕਈ ਵਾਰ ਉਸ ਖੂਬਸੂਰਤ ਪਲ ਕੋਲ ਖੜ੍ਹਾ ਮੁਸਕਰਾਉਂਦਾ ਹੈ, ਜਿਵੇਂ ਆਪਣੀ ਕਹਾਣੀ ਦੇ ਨਕਸ਼ ਵੇਖ ਰਿਹਾ ਹੋਵੇ। ਇਹ ਖੂਬਸੂਰਤ ਪਲ ਨਿਰਮੋਹੇ ਨਹੀਂ ਹੁੰਦੇ, ਜਿਊਣ ਦਾ ਮੁਕੱਦਰ ਹੁੰਦੇ ਨੇ। ਪਿਛਲੇ ਸਾਲ ਉਸ ਦੀ ਕਿਤਾਬ “ਡਿਲਿਵਰੀ ਮੈਨ“ ਨੂੰ ਢਾਹਾਂ ਐਵਾਰਡ ਮਿਲਿਆ ਤੇ ਭਾਸ਼ਾ ਵਿਭਾਗ ਦਾ ਪ੍ਰਿੰਸੀਪਲ ਸੁਜਾਨ ਸਿੰਘ ਐਵਾਰਡ ਵੀ ਮਿਲਿਆ। ਅੱਜ ਉਸ ਦੇ ਜਨਮ ਦਿਨ ‘ਤੇ ਉਸ ਦੀ ਇਸ ਕਿਤਾਬ ਨਾਲ ਵੀ ਗੱਲਾਂ ਕਰਦੇ ਹਾਂ।
ਭਗਵੰਤ ਰਸੂਲਪੁਰੀ ਉਹ ਕਹਾਣੀਕਾਰ ਹੈ, ਜਿਸ ਨੇ ਸਮੇਂ ਦੀਆਂ ਅੰਦਰੂਨੀ ਦਰਾਰਾਂ ਵਿਚੋਂ ਰਿਸਦੇ ਮਨੁੱਖੀ ਦੁੱਖਾਂ ਨੂੰ ਸ਼ਬਦਾਂ ਦੀ ਨਿਮਰ ਲੌਅ ਨਾਲ ਰੋਸ਼ਨ ਕੀਤਾ ਹੈ। ਉਸ ਦੀਆਂ ਕਹਾਣੀਆਂ ਸ਼ੋਰ ਨਹੀਂ ਕਰਦੀਆਂ; ਉਹ ਚੁੱਪ ਦੀਆਂ ਗਹਿਰਾਈਆਂ ਵਿੱਚ ਉਤਰਦੀਆਂ ਹਨ, ਜਿੱਥੇ ਮਨੁੱਖ ਆਪਣੇ ਹੀ ਅੰਦਰਲੇ ਹਨੇਰੇ ਨਾਲ ਸਾਹਮਣਾ ਕਰਦਾ ਹੈ। ਉਸ ਦੀ ਕਥਾ-ਦੁਨੀਆਂ ਵਿੱਚ ਚੁੱਪ ਕੋਈ ਖਾਲੀ ਥਾਂ ਨਹੀਂ, ਸਗੋਂ ਇੱਕ ਅਜਿਹਾ ਸੰਵਾਦ ਹੈ ਜਿੱਥੇ ਰੂਹ ਆਪਣਾ ਸਭ ਤੋਂ ਸੱਚਾ ਇਕਰਾਰ ਕਰਦੀ ਹੈ। ਉਸ ਦਾ ਕਹਾਣੀ ਸੰਗ੍ਰਹਿ “ਡਿਲਿਵਰੀ ਮੈਨ“ ਸਿਰਫ਼ ਕਹਾਣੀਆਂ ਦਾ ਪੁੰਜ ਨਹੀਂ, ਅਜੋਕੇ ਮਨੁੱਖ ਦੀ ਥੱਕੀ ਹੋਈ ਰੂਹ ਦਾ ਦਰਦਨਾਮਾ ਹੈ। ਇਹ ਉਹ ਦੌਰ ਹੈ, ਜਿੱਥੇ ਮਨੁੱਖ ਦੀਆਂ ਉਂਗਲਾਂ ਵਿੱਚ ਤਕਨੀਕ ਦੀ ਚਮਕ ਹੈ ਪਰ ਦਿਲਾਂ ਵਿੱਚ ਇਕੱਲੇਪਣ ਦੀ ਠੰਡੀ ਰਾਖ ਜਮ ਗਈ ਹੈ। ਰਸੂਲਪੁਰੀ ਦੀ ਕਲਮ ਇਸ ਰਾਖ ਵਿੱਚ ਦਬੀ ਅੰਗੀਠੀ ਨੂੰ ਪਛਾਣਦੀ ਹੈ। ਉਹ ਸ਼ਹਿਰਾਂ ਦੀਆਂ ਚਮਕਦਾਰ ਸੜਕਾਂ ਦੇ ਪਿੱਛੇ ਸੁੰਨੇ ਪਏ ਅੰਦਰਲੇ ਆਂਗਨ ਵੇਖਦਾ ਹੈ; ਉਹ ਚਿਹਰਿਆਂ ‘ਤੇ ਟੰਗੀਆਂ ਮੁਸਕਰਾਹਟਾਂ ਦੇ ਅੰਦਰ ਖੁਸ਼ਕ ਰੂਹਾਂ ਰੂਹਾਂ ਦਾ ਮਰਸੀਆ ਦਾ ਸੁਣਦਾ ਹੈ। “ਡਿਲਿਵਰੀ ਮੈਨ“ ਕਹਾਣੀ ਇਸ ਯੁੱਗ ਦੀ ਸਭ ਤੋਂ ਵੱਡੀ ਤ੍ਰਾਸਦੀ ਨੂੰ ਰੂਪ ਦਿੰਦੀ ਹੈ – ਮਨੁੱਖ ਦਾ ਹੌਲੀ-ਹੌਲੀ ਮਸ਼ੀਨ ਬਣ ਜਾਣਾ। ਗੀਤਾਂ ਦਾ ਪਾਤਰ ਸਿਰਫ਼ ਇੱਕ ਔਰਤ ਨਹੀਂ, ਇੱਕ ਜ਼ਖ਼ਮੀ ਯੁੱਗ ਦੀ ਪ੍ਰਤੀਕ ਛਵੀ ਹੈ। ਬਚਪਨ ਦੀ ਹਿੰਸਾ ਅਤੇ ਵਿਆਹ ਦੇ ਅੰਦਰਲੇ ਦੇਹਿਕ ਹਾਬੜ ਉਸ ਦੀ ਰੂਹ ‘ਤੇ ਅਜਿਹੇ ਨਿਸ਼ਾਨ ਛੱਡਦੇ ਹਨ ਜੋ ਸਮੇਂ ਨਾਲ ਵੀ ਨਹੀਂ ਮਿਟਦੇ। ਉਹ ਮਨੁੱਖਾਂ ਤੋਂ ਦੂਰ ਹੋ ਕੇ ਮਸ਼ੀਨਾਂ ਦੇ ਸਹਾਰੇ ਜੀਊਣਾ ਚਾਹੁੰਦੀ ਹੈ, ਜਿਵੇਂ ਲੋਹੇ ਦੀ ਠੰਡੀ ਦੇਹ ਮਨੁੱਖੀ ਛੂਹ ਨਾਲੋਂ ਘੱਟ ਦਰਦ ਦਿੰਦੀ ਹੋਵੇ। ਇੱਥੇ ਕਹਾਣੀ ਇੱਕ ਡੂੰਘਾ ਮਨੁੱਖੀ ਸੱਚ ਖੋਲ੍ਹਦੀ ਹੈ – ਮਨੁੱਖ ਦੀਆਂ ਜਿਨਸੀ ਖ਼ਾਹਸ਼ਾਂ ਮਰ ਸਕਦੀਆਂ ਹਨ, ਪਰ ਉਸ ਦੀਆਂ ਭਾਵਨਾਤਮਕ ਭੁੱਖਾਂ ਨਹੀਂ ਮਰਦੀਆਂ। ਅਲੈਕਸਾ ਵਰਗੀਆਂ ਮਸ਼ੀਨਾਂ ਸਵਾਲਾਂ ਦੇ ਜਵਾਬ ਦੇ ਸਕਦੀਆਂ ਹਨ, ਪਰ ਰੂਹ ਦੇ ਅੰਦਰਲੇ ਖਾਲੀ ਕਮਰੇ ਨਹੀਂ ਭਰ ਸਕਦੀਆਂ। ਮਨੁੱਖ ਦੀ ਇਕੱਲਤਾ ਨੂੰ ਕੋਈ ਐਪਲੀਕੇਸ਼ਨ ਨਹੀਂ ਸਮਝ ਸਕਦੀ; ਉਸ ਨੂੰ ਸਿਰਫ਼ ਇੱਕ ਧੜਕਦਾ ਹੋਇਆ ਦਿਲ ਹੀ ਛੂਹ ਸਕਦਾ ਹੈ। ਕੇਵਲ ਕ੍ਰਿਸ਼ਨ ਦਾ ਪਾਤਰ ਇਸ ਕਹਾਣੀ ਦਾ ਸਭ ਤੋਂ ਕਰੂੜ ਅਤੇ ਸਭ ਤੋਂ ਵਿਡੰਬਨਾਮਈ ਬਿੰਬ ਬਣ ਕੇ ਸਾਹਮਣੇ ਆਉਂਦਾ ਹੈ। ਉਹ ਸਿਰਫ਼ “ਡਿਲਿਵਰੀ ਮੈਨ“ ਨਹੀਂ; ਉਹ ਇਸ ਪੂੰਜੀਵਾਦੀ ਦੌਰ ਦਾ ਥੱਕਿਆ ਹੋਇਆ ਮਨੁੱਖ ਹੈ ਜੋ ਆਪਣੀ ਰੂਹ ਤੱਕ ਗਿਰਵੀ ਰੱਖ ਚੁੱਕਾ ਹੈ। ਪੈਸੇ ਦੀ ਭੁੱਖ ਉਸ ਨੂੰ ਇਸ ਹੱਦ ਤੱਕ ਨਿਗਲ ਜਾਂਦੀ ਹੈ ਕਿ ਉਹ ਆਪਣੇ ਦੁੱਖ ਵੀ ਕਿਰਾਏ ‘ਤੇ ਚੜ੍ਹਾ ਦਿੰਦਾ ਹੈ। ਜਦੋਂ ਉਹ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਵੀ ਮਿਸਿਜ਼ ਦੂਬੇ ਕੋਲ ਆਪਣਾ “ਸਰੀਰ ਡਲਿਵਰ” ਕਰਨ ਜਾਂਦਾ ਹੈ ਤਾਂ ਇਹ ਦ੍ਰਿਸ਼ ਪਾਠਕ ਦੇ ਅੰਦਰ ਕਿਸੇ ਟੁੱਟਦੇ ਤਾਰੇ ਵਾਂਗ ਡਿੱਗਦਾ ਹੈ। ਉਸ ਵੇਲੇ ਲੱਗਦਾ ਹੈ ਜਿਵੇਂ ਮਨੁੱਖ ਨਹੀਂ, ਸਮਾਂ ਮਰ ਗਿਆ ਹੋਵੇ। ਰਿਸ਼ਤੇ ਆਪਣੀ ਗਰਮੀ ਗੁਆ ਬੈਠੇ ਹੋਣ ਅਤੇ ਪੈਸਾ ਮਨੁੱਖ ਦੇ ਦਿਲ ਵਿੱਚ ਜੜ੍ਹ ਹੋ ਚੁੱਕਾ ਹੋਵੇ। ਰਸੂਲਪੁਰੀ ਇਸ ਦਰਦ ਨੂੰ ਚੀਕ ਬਣਾਕੇ ਨਹੀਂ ਲਿਖਦਾ; ਉਹ ਇਸ ਨੂੰ ਅੰਦਰਲੀ ਹੋਲੀ ਸੜਨ ਵਾਂਗ ਰਚਦਾ ਹੈ। ਉਸ ਦੀ ਕਲਾ ਦੀ ਸਭ ਤੋਂ ਵੱਡੀ ਖੂਬੀ ਇਹੀ ਹੈ ਕਿ ਉਹ ਸੰਵੇਦਨਾ ਨੂੰ ਨਾਅਰਾ ਨਹੀਂ ਬਣਾਉਂਦਾ, ਸਾਹ ਬਣਾਉਂਦਾ ਹੈ। ਰਵੀ ਡਿਫੈਂਡਰ ਵਿੱਚ ਉਸ ਦੀ ਕਲਮ ਖੇਡ ਜਗਤ ਦੇ ਭ੍ਰਿਸ਼ਟ ਅੰਧੇਰਿਆਂ ਵਿੱਚ ਉਤਰਦੀ ਹੈ। ਪਰ ਇਹ ਕਹਾਣੀ ਕੇਵਲ ਖੇਡ ਪ੍ਰਬੰਧਨ ਦੀ ਗਿਰਾਵਟ ਬਾਰੇ ਨਹੀਂ; ਇਹ ਇੱਕ ਅਜਿਹੇ ਦੇਸ਼ ਦੀ ਦਾਸਤਾਨ ਹੈ, ਜਿੱਥੇ ਪ੍ਰਤਿਭਾ ਅਕਸਰ ਸਿਫ਼ਾਰਸ਼ਾਂ ਦੀਆਂ ਫ਼ਾਈਲਾਂ ਹੇਠਾਂ ਦੱਬ ਜਾਂਦੀ ਹੈ। ਰਵੀ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਹੈ, ਪਰ ਸਿਸਟਮ ਉਸ ਨੂੰ ਹਾਰਨ ਦਾ ਹੁਕਮ ਦਿੰਦਾ ਹੈ। ਇੱਥੇ ਕਹਾਣੀ ਮਨੁੱਖ ਦੀ ਰੂਹ ਅਤੇ ਪ੍ਰਬੰਧ ਦੀ ਸੜਾਂਦ ਵਿਚਕਾਰ ਟਕਰਾਅ ਬਣ ਜਾਂਦੀ ਹੈ। ਰਵੀ ਦਾ ਪੁੱਤਰ ਆਰੀਅਨ ਨਵੀਂ ਪੀੜ੍ਹੀ ਦੀ ਬੇਚੈਨ ਅੱਗ ਹੈ। ਪਿਤਾ ਦੇ ਅੰਦਰਲਾ ਦਰਦ ਹੌਲੀ-ਹੌਲੀ ਮੋਹਭੰਗ ਬਣਦਾ ਹੈ, ਪਰ ਪੁੱਤਰ ਦੇ ਅੰਦਰਲਾ ਦਰਦ ਗੁੱਸੇ ਦੀ ਚਿੰਗਾਰੀ ਬਣ ਜਾਂਦਾ ਹੈ। ਇਹ ਦੋ ਪੀੜ੍ਹੀਆਂ ਦੇ ਅੰਦਰ ਵਸਦੇ ਵੱਖਰੇ ਸਮਿਆਂ ਦਾ ਟਕਰਾਅ ਹੈ – ਇੱਕ ਸਮਾਂ ਚੁੱਪ ਵਿੱਚ ਸਹਿੰਦਾ ਸੀ, ਦੂਜਾ ਸਮਾਂ ਚੁੱਪ ਨੂੰ ਤੋੜਨਾ ਚਾਹੁੰਦਾ ਹੈ।
ਰੰਗਾਂ ਦੀ ਸਾਂਝ ਸਮਾਜ ਵਿਗਿਆਨ ਵਿੱਚ ਰਸੂਲਪੁਰੀ ਮਨੁੱਖ ਦੇ ਅਵਚੇਤਨ ਦੀਆਂ ਹਨੇਰੀਆਂ ਗੁਫ਼ਾਵਾਂ ਵਿੱਚ ਉਤਰਦਾ ਹੈ। ਨਰਿੰਦਰ ਨਾਗ ਅਤੇ ਪੂਜਾ ਦਾ ਰਿਸ਼ਤਾ ਸਿਰਫ਼ ਦੋ ਚਿੱਤਰਕਾਰਾਂ ਦਾ ਮਿਲਾਪ ਨਹੀਂ; ਇਹ ਦੋ ਇਤਿਹਾਸਾਂ, ਦੋ ਸੰਸਕਾਰਾਂ ਅਤੇ ਦੋ ਅੰਦਰੂਨੀ ਯਾਦਾਂ ਦਾ ਟਕਰਾਅ ਹੈ। ਇੱਕ ਪਾਸੇ ਦਲਿਤ ਅਸਮਿਤਾ ਦੀ ਅੱਗ ਹੈ, ਦੂਜੇ ਪਾਸੇ ਸਨਾਤਨੀ ਸੰਸਕਾਰਾਂ ਦੀ ਧੁੰਦਲੀ ਰੌਸ਼ਨੀ। ਕਲਾ ਪਹਿਲਾਂ ਉਹਨਾਂ ਨੂੰ ਨੇੜੇ ਲਿਆਉਂਦੀ ਹੈ, ਫਿਰ ਉਹੀ ਕਲਾ ਉਹਨਾਂ ਦੇ ਵਿਚਕਾਰ ਅਦ੍ਰਿਸ਼ ਕੰਧ ਬਣ ਜਾਂਦੀ ਹੈ। ਇਸ ਕਹਾਣੀ ਵਿੱਚ ਰਸੂਲਪੁਰੀ ਇੱਕ ਡੂੰਘਾ ਮਨੋਵਿਗਿਆਨਕ ਸੱਚ ਉਘਾੜਦਾ ਹੈ ਕਿ ਮਨੁੱਖ ਦਾ ਅਵਚੇਤਨ ਉਸ ਦੇ ਵਰਤਮਾਨ ਨਾਲੋਂ ਵੱਧ ਤਾਕਤਵਰ ਹੁੰਦਾ ਹੈ। ਅਸੀਂ ਜਿੰਨਾ ਆਪਣੇ ਆਪ ਨੂੰ ਬਦਲ ਲੈਂਦੇ ਹਾਂ, ਉਨ੍ਹਾਂ ਹੀ ਅੰਦਰ ਪੁਰਖਿਆਂ ਦੀਆਂ ਪਰਛਾਈਆਂ ਸਾਡੇ ਨਾਲ ਤੁਰਦੀਆਂ ਰਹਿੰਦੀਆਂ ਹਨ। ਰਸੂਲਪੁਰੀ ਦੀ ਕਹਾਣੀ ਕਲਾ ਦੀ ਸਭ ਤੋਂ ਖੂਬੀ ਉਸ ਦੀ ਵਾਰਤਾਲਾਪੀ ਭਾਸ਼ਾ ਹੈ। ਉਸ ਦੇ ਪਾਤਰ ਜਦੋਂ ਬੋਲਦੇ ਹਨ ਤਾਂ ਲੱਗਦਾ ਹੈ ਜਿਵੇਂ ਜ਼ਿੰਦਗੀ ਆਪਣੀ ਭਾਸ਼ਾ ‘ਚ ਗੱਲ ਕਰ ਰਹੀ ਹੋਵੇ। ਉਹ ਲੰਬੇ ਵੇਰਵਿਆਂ ਨਾਲ ਨਹੀਂ, ਛੋਟੀਆਂ ਚੁੱਪਾਂ, ਟੁੱਟਦੇ ਵਾਕਾਂ ਅਤੇ ਅੱਖਾਂ ਦੇ ਅੰਦਰ ਉਭਰਦੀ ਨਮੀ ਨਾਲ ਪਾਤਰਾਂ ਦਾ ਮਨੋਵਿਗਿਆਨ ਰਚਦਾ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਪੜ੍ਹ ਕੇ ਮੁੱਕਦੀਆਂ ਨਹੀਂ; ਉਹ ਪਾਠਕ ਦੇ ਅੰਦਰ ਰਾਤ ਦੇ ਕਿਸੇ ਅਧੂਰੇ ਸੁਪਨੇ ਵਾਂਗ ਜਾਗਦੀਆਂ ਰਹਿੰਦੀਆਂ ਹਨ। ਭਗਵੰਤ ਰਸੂਲਪੁਰੀ ਦੀ ਕਥਾ-ਦੁਨੀਆਂ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਉਹ ਮਨੁੱਖ ਨੂੰ ਉਸ ਦੀ ਟੁੱਟ ਵਿੱਚ ਵੇਖਦਾ ਹੈ ਪਰ ਉਸ ਤੋਂ ਆਸ ਨਹੀਂ ਛੱਡਦਾ। ਉਸ ਦੇ ਪਾਤਰ ਡਿੱਗਦੇ ਹਨ, ਭਟਕਦੇ ਹਨ, ਇਕੱਲੇ ਹੋ ਜਾਂਦੇ ਹਨ, ਪਰ ਉਹਨਾਂ ਦੇ ਅੰਦਰ ਇੱਕ ਨਿੱਕਾ ਜਿਹਾ ਚਾਨਣ ਬਚਿਆ ਰਹਿੰਦਾ ਹੈ। ਇਹੀ ਚਾਨਣ ਉਸ ਦੀਆਂ ਕਹਾਣੀਆਂ ਨੂੰ ਮਨੁੱਖੀ ਗਰਮੀ ਬਖ਼ਸ਼ਦਾ ਹੈ। ਜਨਮ ਦਿਨ ਦੀ ਪੋਸਟ ਲੰਬੀ ਹੋ ਰਹੀ ਹੈ, ਮੈਂ ਉਸ ਦੀਆਂ ਕਹਾਣੀਆ ‘ਚੋਂ ਵਿਚਰਦਾ ਭਾਵੁਕ, ਬਾਕੀ ਫਿਰ ਕਿਤੇ ਸਹੀ ਅੱਜ ਉਸ ਦਾ ਜਨਮ ਦਿਨ ਹੈ, ਪਾਰਟੀ ਵੀ ਲੈਣੀ ਹੈ, ਇਕ ਪਾਰਟੀ ਲਈ ਏਨੇ ਹੀ ਸ਼ਬਦ ਕਾਫੀ ਨੇ, ਦੂਜੀ ਪਾਰਟੀ ਲੈਣ ਕੁਝ ਰਾਖਵਾਂ ਵੀ ਰੱਖਣਾ ਪੈਂਦਾ। ਅੱਜ ਉਸਦਾ ਜਨਮ ਦਿਨ ਹੈ, ਨਿੱਕੀ ਕਹਾਣੀ ਦੇ ਸ਼ਾਹਸਵਾਰ ਕਥਾਕਾਰ ਦਾ ਜਨਮ ਦਿਨ। ਮੇਰਾ ਮੂੜ ਅੱਜ ਟਿੱਚਰਾਂ ਕਰਨ ਦਾ ਸੀ। ਉਸਦੀ “ਡਿਲਿਵਰੀ ਮੈਨ“ ਨੇ ਰੋਕ ਲਿਆ, ਹਾਸੇ ਠੱਠੇ ਕਰਨ ਦਾ ਹੱਕ ਸਿਰਫ਼ ਤੇ ਸਿਰਫ ਮੇਰੇ ਕੋਲ ਹੈ, ਤੁਸੀਂ ਸਿਰਫ ਤੇ ਸਿਰਫ ਉਸ ਨੂੰ ਮੁਬਾਰਕਬਾਦ ਦੇਣੀ ਹੈ, ਝੇਡਾਂ ਨਹੀਂ ਕਰਨੀਆਂ। ਕੋਈ ਘਟਨਾ ਜੇ ਅਹਿਸਾਸ ਦੀ ਸੀਮਾਂ ਨੂੰ ਛੋਹ ਕੇ ਪਰਤਦੀ ਹੈ ਤਾਂ ਮੱਥੇ ਦੀਆਂ ਲੀਕਾਂ ‘ਚ ਤਾਰਾਂ ਹਿੱਲਦੀਆਂ। ਏਸ ਲਈ ਅੱਜ ਦਾ ਦਿਨ ਉਸ ਲਈ ਨਾਇਕ ਜੇਹਾ ਹੈ। ਸਿਲਸਿਲੇ ਨੂੰ ਤੋੜਨ ਦੀ ਤਾਜ਼ਗੀ ਵਰਗਾ, ਫੁੱਲਾਂ ਦੀ ਨੀਂਦ ਵਰਗਾ, ਜਿਸਮ ‘ਚ ਮੌਲਦੀ ਕਿਲਕਾਰੀ ਵਰਗੀ। ਯਾਰ ਭਗਵੰਤ ਸ਼ਾਲਾਂ ! ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ। ਜਨਮ ਦਿਨ ਮੁਬਾਰਕ!!!
ਭਾਅ ਮੱਖਣ ਮਾਨ ਦੀ ਫੇਸਬੁੱਕ ਵਾਲ ਤੋਂ ਧੰਨਵਾਦ ਸਹਿਤ।

Leave a Reply

Your email address will not be published. Required fields are marked *