Breaking
www.sursaanjh.com > ਅੰਤਰਰਾਸ਼ਟਰੀ > ਰਤਨ ਪੰਡੋਰਵੀ ਜੀ ਦਾ ਸਮੂਲਚਾ ਉਰਦੂ ਕਲਾਮ ਮਿਲਿਆ ਨਾਯਾਬ ਤੋਹਫ਼ੇ ਵਾਂਗ/ ਗੁਰਭਜਨ ਗਿੱਲ

ਰਤਨ ਪੰਡੋਰਵੀ ਜੀ ਦਾ ਸਮੂਲਚਾ ਉਰਦੂ ਕਲਾਮ ਮਿਲਿਆ ਨਾਯਾਬ ਤੋਹਫ਼ੇ ਵਾਂਗ/ ਗੁਰਭਜਨ ਗਿੱਲ

ਰਤਨ ਪੰਡੋਰਵੀ ਜੀ ਦਾ ਸਮੂਲਚਾ ਉਰਦੂ ਕਲਾਮ ਮਿਲਿਆ ਨਾਯਾਬ ਤੋਹਫ਼ੇ ਵਾਂਗ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ:
ਉਰਦੂ ਸ਼ਾਇਰ ਰਤਨ ਪੰਡੋਰਵੀ ਜੀ ਦਾ ਨਾਮ ਬਹੁਤ ਸੁਣਿਆ ਸੀ। ਬਚਪਨ ਵੇਲੇ ਤੋਂ ਪਰ ਉਰਦੂ ਅੱਖਰਾਂ ਵੱਲੋਂ ਕੋਰਾ ਹੋਣ ਕਾਰਨ ਉਨ੍ਹਾਂ ਦਾ ਲਿਖਿਆ ਕਦੇ ਕੁਝ ਨਹੀ ਪੜ੍ਹ ਸਕਿਆ।  ਕੁਝ ਸਮਾਂ ਪਹਿਲਾਂ ਨਿਊਯਾਰਕ ਵੱਸਦੇ ਮਿਹਰਬਾਨ ਪੁਰਾਣੇ ਗਾਇਕ ਭਾ ਜੀ ਭਾਨ ਸਿੰਘ ਮਾਹੀ ਨਾਲ ਗੱਲ ਹੋਈ ਤਾਂ ਉਨ੍ਹਾਂ ਰਤਨ ਪੰਡੋਰਵੀ ਜੀ ਦੇ ਕਲਾਮ ਤੇ ਜੀਵਨ ਬਾਰੇ ਬਹੁਤ ਗੱਲਾਂ ਕੀਤੀਆਂ। ਇਹ ਵੀ ਦੱਸਿਆ ਕਿ ਪ੍ਰਸਿੱਧ ਹਾਸ ਵਿਅੰਗ ਕਵੀ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਜੀ ਉਸਤਾਦ ਰਤਨ ਪੰਡੋਰਵੀ ਜੀ ਦੇ ਸ਼ਾਗਿਰਦ ਸਨ। ਕਮਾਲ ਦੇ ਬੁਲੰਦ ਸ਼ਾਇਰ। ਲੋਕ ਅੰਦਾਜ਼ ਦਾ ਸਿਖ਼ਰ।
ਮੈ ਮਾਹੀ ਜੀ ਨੂੰ ਮੋੜਵੀਂ ਭਾਜੀ ਵਜੋਂ ਦੱਸਿਆ ਕਿ ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਚਮਨ ਹਰਗੋਬਿੰਦਪੁਰੀ ਜੀ ਦੇ ਸ਼੍ਰੀਹਰਗੋਬਿੰਦਪੁਰ (ਗੁਰਦਾਸਪੁਰ) ਵਿੱਚ ਵਿਦਿਆਰਥੀ ਰਹੇ ਹਨ। ਸ. ਭਾਨ ਸਿੰਘ ਮਾਹੀ ਪੰਜਾਬ ਰਹਿੰਦਿਆਂ ਬਹੁਤ ਵੱਡੇ ਗਵੱਈਏ ਸਨ। ਚਰਨ ਸਿੰਘ ਸਫ਼ਰੀ ਦਾ ਲਿਖਿਆ “ਦੁੱਧ ਨੂੰ ਮਧਾਣੀ ਪੁੱਛਦੀ, ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ” ਤੇ ਦੀਪਕ ਜੈਤੋਈ ਜੀ ਦਾ ਅਮਰ ਗੀਤ ”ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ, ਵੇ ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਂਝਣਾ” ਗਾਉਣ ਵਾਲਾ। ਚਮਨ ਜੀ ਨਾਲ ਗੂੜ੍ਹੀ ਦੋਸਤੀ ਹੋਣ ਕਾਰਨ ਹੀ ਉਹ ਰਤਨ ਪੰਡੋਰਵੀ ਜੀ ਨੂੰ ਮਿਲੇ ਸਨ। ਇਸ ਸਮੂਲਚੇ ਕਲਾਮ ਬਾਰੇ ਮਾਹੀ ਜੀ ਦੱਸਦੇ ਹਨ ਕਿ “ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਇਸ ਦੀ ਇਕ ਕਾਪੀ ਲਾਹੌਰ ਦੀ ਕਿਸੇ ਲਾਇਬਰੇਰੀ ਵਿੱਚ ਅਜੇ ਵੀ ਹੈ। ਇਹ ਕਾਪੀ ਮੈਨੂੰ ਰਤਨ ਪੰਡੋਰਵੀ ਸਾਹਿਬ ਦੇ ਘਰ ਜਾਣ ਤੇ ਉਨ੍ਹਾਂ ਨੇ ਆਪ ਦਿੱਤੀ ਸੀ। ਰਤਨ ਜੀ ਚਮਨ ਹਰਗੋਬਿੰਦਪੁਰੀ ਜੀ ਦੇ ਉਸਤਾਦ ਸਨ। ਚਮਨ ਦੇ ਨਾਲ਼ ਹੀ ਮੈ ਰਤਨ ਜੀ ਦੇ ਘਰ ਗਿਆ ਸੀ।”
ਹੁਣ ਗੱਲ ਕਰੀਏ ਰਤਨ ਪੰਡੋਰਵੀ ਜੀ ਦੀ। ਰਤਨ ਪੰਡੋਰਵੀ ਕਲਮੀ ਨਾਮ ਵਜੋਂ ਪੈਦਾ ਹੋਇਆ ਰਲ਼ਾ ਰਾਮ 7 ਜੁਲਾਈ 1907 ਨੂੰ ਪਿੰਡ ਪੰਡੋਰੀ (ਨੇੜੇ ਘੁਮਾਣ) ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਦਾ ਹੋਇਆ ਤੇ 4 ਨਵੰਬਰ 1990 ਨੂੰ ਪਠਾਨਕੋਟ ਵਿਖੇ ਸਦੀਵੀ ਅਲਵਿਦਾ ਕਹਿ ਗਿਆ। ਉਹ ਦਰਵੇਸ਼ ਸੂਫ਼ੀ ਕਵੀ ਸੀ। ਉਸ ਨੇ ਆਪਣਾ ਮੁਨਸ਼ੀ ਫਾਜ਼ਿਲ  ਅਤੇ ਅਦੀਬ ਫਾਜ਼ਿਲ ਡਿਪਲੋਮਾ ਅਰਬੀ ਅਤੇ ਫ਼ਾਰਸੀ ਵਿੱਚ ਪ੍ਰਾਪਤ ਕੀਤਾ। ਇੱਕ ਉਰਦੂ ਕਵੀ ਵਜੋਂ ਉਸਨੇ ਪਹਿਲਾਂ ਅਮੀਰ ਮੀਨਾਈ ਦੇ ਪ੍ਰਸਿੱਧ ਚੇਲੇ, ਦਿਲ ਸ਼ਾਹਜਹਾਂਪੁਰੀ ਨਾਲ ਸ਼ਾਗਿਰਦੀ ਕੀਤੀ, ਪਰ ਬਾਅਦ ਵਿੱਚ ਉਹ ਜੋਸ਼ ਮਲਸਿਆਨੀ ਉਸ ਦੇ ਉਸਤਾਦ ਬਣੇ।
ਉਸ ਨੇ ਕਈ ਕਾਵਿ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚ ਉਹ ਸਦੀਵੀ ਸੁੰਦਰਤਾ ਬਾਰੇ ਗੱਲ ਕਰਦਾ ਹੈ ਜੋ ਸਮੁੱਚੇ ਬ੍ਰਹਿਮੰਡ ਨੂੰ ਆਪਣਾ ਰੂਪ, ਆਕਾਰ ਅਤੇ ਗਿਆਨ ਪ੍ਰਦਾਨ ਕਰਦੀ ਹੈ, ਅਤੇ ਅਸੀਮ ਵਿਸ਼ਵਵਿਆਪੀ ਪਿਆਰ ਜੋ ਇਸ ਨੂੰ ਦ੍ਰਿੜਤਾ ਨਾਲ ਬੰਨ੍ਹਕੇ ਰੱਖਦਾ ਹੈ। ਉਸ ਦੀਆਂ ਰਚਨਾਵਾਂ ਵਿਚ ਸ਼ਾਮਲ ਹਨ ਫਾਰਸ-ਏ -ਨਾਜ਼ਰ: ਪੰਡਿਤ ਰਤਨ ਪੰਡੋਰਵੀ ਕੀ ਦਿਲਕਾਸ ਨਜ਼ਮਿਆਤ। ਬਹਿਸ਼ਤ ਏ ਨਜ਼ਰ, ਅੰਦਾਜ਼ ਏ ਨਜ਼ਰ, ਰੁਬਾਈਆਤ ਏ ਰਤਨ, ਤਹਕੀਕੀ ਮਬਾਹਿਸ, ਹਿੰਦੀ ਕੇ ਮੁਸਲਮਾਨ ਕਵੀ, ਸਰਮਾਇਆ ਬਲਾਘਾਟ ਤੇ ਅਨੁਵਾਦ ਭਗਵਤ ਗੀਤਾ ਪ੍ਰਮੁੱਖ ਹਨ।
ਕਿਤਾਬ ਤਾਂ ਮੇਰੇ ਕੋਲ ਆ ਗਈ ਹੈ ਪਰ ਪੜ੍ਹੇ ਕੌਣ? ਬਹੁਤ ਵੱਡਾ ਮਸਲਾ ਹੈ। ਸੋਚ ਰਿਹਾਂ, ਪੰਜਾਬ ਦੀ ਧਰਤੀ ਵਿੱਚ ਕਿੰਨੀ ਅਦਬੀ ਲਿਆਕਤ ਇਸ ਵੇਲੇ ਅਣਵਰਤੀ ਪਈ ਹੈ। ਉਰਦੂ ਤੇ ਫਾਰਸੀ ਦੇ ਚੰਗੇ ਵਿਦਵਾਨ ਬੱਤੀ ਕੋਹੀਂ ਦੀਵਾ ਬਾਲ਼ਿਆਂ ਨਹੀਂ ਲੱਭਦੇ। ਕੋਈ  ਉਰਦੂ ਦਾ ਦਿਲਦਾਰ ਲੱਭਾਂਗਾ ਤੇ ਬੇਨਤੀ ਕਰਾਂਗਾ ਕਿ ਉਹ  ਇਸ ਦਾ ਲਿਪੀ ਅੰਤਰ ਕਰ ਦੇਵੇ। ਫਿਰ ਛਪਣ ਛਪਾਉਣ ਦਾ ਵੀ ਸੋਚਿਆ ਜਾ ਸਕਦਾ ਹੈ। ਗਿਆਨ ਕਿਉਂ ਦੱਬਿਆ ਰਹੇ। ਹੋਰ ਤਾਂ ਹੋਰ ਰਤਨ ਪੰਡੋਰਵੀ ਜੀ ਭਾਸ਼ਾ ਵਿਭਾਗ ਪੰਜਾਬ ਦੇ ਵੀ ਸਨਮਾਨਿਤ ਲੇਖਕ ਸਨ।

Leave a Reply

Your email address will not be published. Required fields are marked *